ਇਤਿਹਾਸ ਗਵਾਹ ਹੈ ਕਿ ਕਿਸੇ ਸ਼ਾਸਕ ਜਾਂ ਸ਼ਕਤੀਸ਼ਾਲੀ ਇਨਸਾਨ ਜਿਸ ਨੇ ਆਪਣਾ ਸਿੱਕਾ ਕਾਇਮ ਕਰਨਾ ਹੈ, ਉਸ ਨੂੰ ਬਲ, ਤਾਕਤ ਦੇ ਨਾਲ-ਨਾਲ ਸਹਿਣਸ਼ੀਲਤਾ ਵੀ ਰੱਖਣੀ ਪੈਂਦੀ ਹੈ ਤਦ ਹੀ ਉਹ ਕਿਸੇ ਫਿਰਕੇ ਤੇ ਜਾਂ ਕਿਸੇ ਵਰਗ ਤੇ ਆਪਣਾ ਦਬਦਬਾ ਕਾਇਮ ਕਰ ਸਕਦਾ ਹੈ ਕਿਉਂਕਿ ਇਸ ਨਾਲ ਉਹ ਸਹੀ ਫੈਸਲੇ ਲੈਣ ਦੇ ਕਾਬਲ ਹੁੰਦਾ ਹੈ ਤਦ ਹੀ ਉਹ ਇੱਕ ਯੋਗ ਸ਼ਾਸਕ ਸਿੱਧ ਹੋ ਸਕਦਾ ਹੈ।ਅਕਸਰ ਗੁੱਸੇ ਵਿੱਚ ਲਏ ਫੈਸਲੇ ਗਲਤ ਨਿਕਲ ਜਾਂਦੇ ਹਨ ਜੋ ਅੱਗੇ ਜਾ ਕੇ ਵੱਡੇ ਨੁਕਸਾਨ ਨੂੰ ਬੁਲਾਵਾ ਦਿੰਦੇ ਹਨ।ਭਾਵ ਕਿ ਗਲਤ ਫੈਸਲਿਆਂ ਦੇ ਨਾਲ ਵੱਡੇ-ਵੱਡੇ ਰਾਜ ਖਤਮ ਹੁੰਦੇ ਦੇਖੇ ਗਏ ਹਨ ਤੇ ਜਿਨ੍ਹਾਂ ਸ਼ਾਸਕਾਂ ਨੇ ਸਹਿਣਸ਼ੀਲਤਾ ਨਾਲ ਫੈਸਲੇ ਲਏ ਹਨ ਉਹ ਰਹਿੰਦੀ ਦੁਨੀਆ ਤੱਕ ਯਾਦ ਕੀਤੇ ਜਾਂਦੇ ਹਨ।
ਪਰ ਸਹਿਣਸ਼ੀਲਤਾ ਵਰਗੇ ਗੁਣ ਦੀ ਕਮੀ ਅੱਜ ਦੇ ਸਮੇਂ ਵਿੱਚ ਬਹੁਤ ਜਿਆਦਾ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਨੌਜਵਾਨ ਜੋ ਕਿਸੇ ਦੇਸ਼ ਦੇ ਭਵਿੱਖ ਹੁੰਦੇ ਹਨ। ਜਿਨ੍ਹਾਂ ਨੇ ਹਰ ਖੇਤਰ ਵਿੱਚ ਪੁਲਾਂਘ ਪੁੱਟਣੀ ਹੁੰਂਦੀ ਹੈ ,ਪਰ ਅਜਿਹੇ ਟੀਚੇ ਤੱਕ ਪਹੁੰਚ ਉਦੋਂ ਹੀ ਕਰ ਸਕਦੇ ਹਨ ਜੇਕਰ ਉਨ੍ਹਾਂ ਵਿੱਚ ਸਹਿਣਸ਼ੀਲਤਾ ਹੋਵੇਗੀ। ਜਿੰਦਗੀ ਵਿੱਚ ਕਈ ਉਤਾਰ ਚੜਾਅ ਆਉਦੇ ਹਨ ਜਿਸ ਲਈ ਸਹਿਣਸ਼ੀਲਤਾ ਦਾ ਮਨੁੱਖ ਵਿੱਚ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਜਿਸ ਵਿੱਚ ਇਸ ਸਹਿਣਸ਼ੀਲਤਾ ਦੀ ਕਮੀ ਹੋਵੇਗੀ ਉਹ ਅਕਸਰ ਸਹੀ ਫੈਸਲੇ ਲੈਣ ਦੇ ਸਮਰੱਥ ਨਹੀ ਹੁੰਦਾ।
ਅਕਸਰ ਅੱਜ ਦੇ ਸਮੇਂ ਨੌਜਵਾਨ, ਬੱਚੇ ਜਿਨ੍ਹਾਂ ਵਿੱਚ ਸਹਿਣਸ਼ੀਲਤਾ ਦੀ ਕਮੀ ਆਮ ਦੇਖਣ ਨੂੰ ਮਿਲ ਰਹੀ ਹੈ। ਪਹਿਲਾਂ ਕਾਲਜ, ਸਕੂਲਾਂ ਵਿੱਚ ਜੇਕਰ ਵਿਦਿਆਰਥੀਆਂ ਨੂੰ ਅਧਿਆਪਕਾਂ ਤੋਂ ਮਾਰ ਪੈਂਦੀ ਸੀ ਤਾਂ ਉਹ ਅੱਗੋਂ ਕੁਝ ਨਹੀ ਬੋਲਦੇ ਸਨ ਪਰ ਅੱਜ ਦੇ ਸਮੇਂ ਅਧਿਆਪਕ ਵਿਦਿਆਰਥੀ ਨੂੰ ਜੇਕਰ ਕੁਝ ਕਹਿ ਦੇਵੇ ਤਾਂ ਉਹ ਅੱਗੋਂ ਲੜਨ ਤੱਕ ਜਾਂਦੇ ਹਨ। ਕਈ ਵਾਰ ਤਾਂ ਵਿਦਿਆਰਥੀ ਅਧਿਆਪਕਾਂ ਨਾਲ ਹੱਥੋ-ਪਾਈ ਤੱਕ ਹੋ ਜਾਂਦੇ ਹਨ। ਇਸ ਤਰ੍ਹਾਂ ਹੀ ਬੱਚਿਆਂ ਦਾ ਮਾਂ-ਬਾਪ ਨਾਲ ਵੀ ਵਤੀਰਾ ਦੇਖਣ ਨੂੰ ਮਿਲਦਾ ਹੈ। ਜੇਕਰ ਮਾਂ-ਬਾਪ ਬੱਚਿਆਂ ਨੂੰ ਕੋਈ ਗੱਲ ਕਹਿ ਦਿੰਦੇ ਹਨ ਤਾਂ ਬੱਚੇ ਝੱਟ ਬੁਰਾ ਮਨਾ ਲੈਂਦੇ ਹਨ ਤੇ ਇਹ ਸੋਚਦੇ ਹਨ ਕਿ ਉਨ੍ਹਾਂ ਨੇ ਅਜਿਹਾ ਕਿਉਂ ਕਹਿ ਦਿੱਤਾ, ਉਹ ਆਪਣੀ ਬੇਇਜਤੀ ਮਹਿਸੂਸ ਕਰਦੇ ਹਨ ਤੇ ਮਰਨ ਤੱਕ ਭਾਵ ਆਤਮ ਹੱਤਿਆ ਕਰਨ ਤੱਕ ਜਾਂਦੇ ਹਨ , ਅਜਿਹੇ ਕਈ ਆਤਮ ਹੱਤਿਆ ਦੇ ਕੇਸ ਜੋ ਅੱਜ-ਕੱਲ ਹੋ ਵੀ ਰਹੇ ਹਨ। ਜਿਸ ਸਦਕਾ ਮਾਂ-ਬਾਪ ਨੂੰ ਨਾ ਚਾਹੁੰਦਿਆਂ ਹੋਇਆ ਵੀ ਬੱਚਿਆਂ ਦੇ ਮੋਹ ਵਿੱਚ ਆ ਕੇ ਅਜਿਹੀਆਂ ਗੱਲਾਂ ਵੀ ਮੰਨਣੀਆਂ ਪੈਂਦੀਆਂ ਹਨ ਜੋ ਸਾਰਥਕ ਨਹੀ ਹੁੰਦੀਆਂ।
ਇਸ ਅਸਹਿਣਸ਼ੀਲਤਾ ਦਾ ਇੱਕ ਕਾਰਨ ਇਹ ਵੀ ਹੈਂ ਕਿ ਜੋ ਨੌਜਵਾਨ ਪੜ੍ਹ ਲਿਖ ਜਾਂਦੇ ਹਨ ਤੇ ਜਦੋਂ ਨੌਕਰੀ ਲਈ ਧੱਕੇ ਖਾਂਦੇ ਹਨ ਤੇ ਜਦੋਂ ਨੌਕਰੀ ਨਹੀ ਮਿਲਦੀ ਤਾਂ ਉਨ੍ਹਾਂ ਦੀ ਸਹਿਣਸ਼ੀਲਤਾ ਵਿੱਚ ਕਮੀ ਆ ਜਾਂਦੀ ਹੈ ,ਜਿਸ ਵਿੱਚ ਉਹ ਚੋਰੀ, ਹੱਤਿਆ ਆਦਿ ਵਰਗੇ ਗੁਨਾਹ ਨੂੰ ਕਰ ਬੈਠਦੇ ਹਨ। ਜੋ ਉਨ੍ਹਾਂ ਦੇ ਭਵਿੱਖ ਨੂੰ ਖਤਮ ਕਰ ਦਿੰਦਾ ਹੈ। ਇਸ ਨਾਲ ਉਹ ਆਪ ਤਾਂ ਖੁਦ ਮੁਸੀਬਤ ਵਿੱਚ ਪੈਂਦੇ ਹਨ ਤੇ ਨਾਲ ਹੀ ਆਪਣੇ ਪਰਿਵਾਰ ਨੂੰ ਵੀ ਦੁੱਖ ਪਹੁੰਚਾਉਂਦੇ ਹਨ।
ਨੌਜਵਾਨਾਂ ਵਿੱਚ ਸਹਿਣਸ਼ੀਲਤਾ ਦੀ ਕਮੀ ਆਉਣ ਦਾ ਕਾਰਨ ਆਧੁਨਿਕ ਤਕਨਾਲੋਜੀ ਨੂੰ ਮੰਨਿਆ ਜਾ ਸਕਦਾ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਟੀ.ਵੀ ਉਤੇ ਕਈ ਪ੍ਰੋਗਰਾਮ ਅਜਿਹੇ ਆਉਂਦੇ ਹਨ ਜੋ ਸਿੱਧੇ ਤੌਰ ਤੇ ਨੌਜਵਾਨਾਂ ਦੀ ਮਾਨਸਿਕਤਾ ਤੇ ਅਸਰ ਪਾਉਂਦੇ ਹਨ, ਕਿਉਂਕਿ ਨੌਜਵਾਨ ਜੋ ਦੇਖਦੇ ਹਨ ਉਸਨੂੰ ਅਸਲ ਜਿੰਦਗੀ ਵਿੱਚ ਢਾਲਣ ਦੀ ਕੋਸਿਸ਼ ਕਰਦੇ ਹਨ। ਜਦ ਕਿ ਅਸਲ ਜਿੰਦਗੀ ਅਤੇ ਟੀ.ਵੀ ਉ¤ਤੇ ਦਿਖਾਏ ਗਏ ਸੀਰੀਅਲਾਂ ਵਿੱਚ ਕਾਫੀ ਅੰਤਰ ਹੁੰਦਾ ਹੈ ਕਿਉਂਕਿ ਸੀਰੀਅਲ ਸੱਚ ਤੇ ਅਧਾਰਿਤ ਨਹੀ ਹੁੰਦੇ ,ਉਹ ਸਿਰਫ ਕਾਲਪਨਿਕ ਹੁੰਦੇ ਹਨ। ਇਸ ਦੇ ਨਾਲ ਹੀ ਇੱਕ ਕਾਰਨ ਸੋਸ਼ਲ ਸਾਇਟਾਂ ਵੀ ਕਿਤੇ ਨਾ ਕਿਤੇ ਇਸ ਵਿੱਚ ਆਪਣਾ ਹੱਥ ਰੱਖਦੀਆਂ ਹਨ ਕਿਉਂਕਿ ਵਧੇਰੇ ਸਮਾਂ ਸੋਸ਼ਲ ਸਾਇਟਾਂ ਤੇ ਰਹਿਣ ਕਾਰਨ ਨੌਜਵਾਨ ਅਸਲ ਮਨੁੱਖੀ ਰਿਸ਼ਤਿਆਂ ਤੋਂ ਦੂਰ ਹੁੰਦੇ ਜਾ ਰਹੇ ਹਨ।
ਜਿਵੇ ਕਿ ਫੇਸਬੁੱਕ, ਟਵੀਟਰ, ਵਟਸਅੱਪ, ਯੂ ਟਿਊਬ ਆਦਿ ਵਰਗੀਆਂ ਸੋਸ਼ਲ ਸਾਇਟਾਂ ਨੇ ਮਨੁੱਖ ਨੂੰ ਆਪਣੇ ਸਕੇ ਸਬੰਧੀਆਂ ਤੋਂ ਵੀ ਦੂਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਿਤੇ ਨਾ ਕਿਤੇ ਪਦਾਰਥਵਾਦੀ ਦੌਰ ਵੀ ਨਜ਼ਰ ਆਉਦਾ ਹੈ ਕਿਉਂਕਿ ਵੱਧ ਪੈਸੇ ਕਮਾਉਣ ਦੀ ਹੋੜ ਵਿੱਚ ਮਾਂ-ਬਾਪ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਨਹੀ ਦੇ ਪਾਉਂਦੇ ਜਿਸ ਕਾਰਨ ਉਨ੍ਹਾਂ ਨੂੰ ਇਹ ਜਾਣਕਾਰੀ ਤੱਕ ਨਹੀ ਹੁੰਦੀ ਕਿ ਉਨ੍ਹਾਂ ਦੇ ਬੱਚੇ ਕੀ ਕਰ ਰਹੇ ਹਨ? ਜਿਸ ਕਾਰਨ ਬੱਚਿਆਂ ਨੂੰ ਮਾਂ-ਬਾਪ ਦਾ ਡਰ ਨਹੀ ਰਹਿੰਦਾ ਤੇ ਉਹ ਗਲਤ ਰਸਤੇ ਅਖਤਿਆਰ ਕਰ ਲੈਂਦੇ ਹਨ। ਇਸ ਲਈ ਮਾਂ-ਬਾਪ ਦਾ ਇਹ ਫਰਜ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਵੀ ਪੂਰਾ ਸਮਾਂ ਦੇਣ ਤਾਂ ਜੋ ਬੱਚਿਆਂ ਨੂੰ ਗਲਤ ਰਸਤੇ ਤੇ ਜਾਣ ਤੋਂ ਰੋਕਿਆ ਜਾ ਸਕੇ।
ਸੁਖਦੇਵ ਸਿੰਘ ਨਿੱਕੂਵਾਲ



