ਡਾ. ਬਰਜਿੰਦਰ ਸਿੰਘ ਹਮਦਰਦ
ਮੁਖ ਸੰਪਾਦਕ
ਅਜੀਤ ਗਰੁੱਪ (ਜਲੰਧਰ)
ਦੁਨੀਆ ‘ਚ ਸਭ ਤੋਂ ਵੱਡਾ ਅਤੇ ਗੰਭੀਰ ਮਸਲਾ ਗ਼ਰੀਬੀ ਤੇ ਭੁੱਖਮਰੀ ਦਾ ਹੈ। ਹਾਲਤ ਇਹ ਹੈ ਕਿ ਵੱਡੇ ਖੁਸ਼ਹਾਲ ਦੇਸ਼ ‘ਤੇ ਵੀ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ‘ਚ ਵੀ ਵੱਡੀ ਗਿਣਤੀ ‘ਚ ਗੁਰਬਤ ਭੰਨੇ ਲੋਕ ਜੀਵਨ ਬਸਰ ਕਰ ਰਹੇ ਹਨ। ਚਾਹੇ ਇਨ੍ਹਾਂ ਦਾ ਅਨੁਪਾਤ ਹੋਰਾਂ ਦੇਸ਼ਾਂ ਨਾਲੋਂ ਘੱਟ ਹੋਵੇ। ਏਸ਼ੀਆ ਅਤੇ ਅਫਰੀਕਾ ਦੇ ਬਹੁਤੇ ਦੇਸ਼ ਗ਼ਰੀਬੀ ਨਾਲ ਘੁਲਦੇ ਨਜ਼ਰ ਆ ਰਹੇ ਹਨ। ਚਾਹੇ ਪਿਛਲੇ ਲੰਮੇ ਸਮੇਂ ਤੋਂ ਦੁਨੀਆ ਭਰ ਦੀ ਦੌੜ ਇਸ ਗੰਭੀਰ ਸਮੱਸਿਆ ਨੂੰ ਖ਼ਤਮ ਕਰਨ ਦੀ ਰਹੀ ਹੈ ਪਰ ਇਸ ‘ਚ ਓਨੀ ਸਫਲਤਾ ਨਹੀਂ ਮਿਲ ਸਕੀ, ਜਿੰਨੀ ਦੀ ਲੋੜ ਸੀ। ਭਾਰਤ ਤੇ ਚੀਨ ਵਰਗੇ ਵੱਡੇ ਦੇਸ਼ਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਹੈ। ਚਾਹੇ ਇਹ ਦੋਵੇਂ ਦੇਸ਼ ਉੱਨਤੀ ਦੇ ਰਸਤੇ ‘ਤੇ ਵਧਦੇ ਨਜ਼ਰ ਆ ਰਹੇ ਹਨ ਪਰ ਜਦੋਂ ਤੱਕ ਵੱਡੀ ਗਿਣਤੀ ‘ਚ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ, ਉਦੋਂ ਤੱਕ ਇਨ੍ਹਾਂ ਨੂੰ ਉੱਨਤ ਦੇਸ਼ ਨਹੀਂ ਮੰਨਿਆ ਜਾ ਸਕਦਾ।
ਸੰਯੁਕਤ ਰਾਸ਼ਟਰ ਸਮੇਂ-ਸਮੇਂ ਆਪਣੇ ਸਰਵੇਖਣ ਤੇ ਰਿਪੋਰਟਾਂ ਛਾਪਦਾ ਰਹਿੰਦਾ ਹੈ। ਪਿੱਛੇ ਜਿਹੇ ਪ੍ਰਕਾਸ਼ਿਤ ਇਕ ਸਰਵੇਖਣ ‘ਚ ਕੁਝ ਸੰਤੁਸ਼ਟੀਜਨਕ ਗੱਲਾਂ ਸਾਹਮਣੇ ਆਈਆਂ। ਇਸ ‘ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੀਨ ਨੇ ਪਿਛਲੇ ਤਿੰਨਾਂ ਸਾਲਾਂ ‘ਚ 60 ਕਰੋੜ ਦੇ ਲਗਪਗ ਲੋਕਾਂ ਨੂੰ ਘੋਰ ਗ਼ਰੀਬੀ ‘ਚੋਂ ਕੱਢਿਆ ਹੈ ਪਰ ਹਾਲੇ ਵੀ ਉੱਥੇ 3.60 ਕਰੋੜ ਦੇ ਕਰੀਬ ਅਜਿਹੇ ਲੋਕ ਹਨ ਜੋ ਬੜਾ ਹੀ ਵਿਚਾਰਗੀ ਵਾਲਾ ਜੀਵਨ ਜੀਅ ਰਹੇ ਹਨ। ਭਾਰਤ ‘ਚ ਤਾਂ ਹਾਲੇ ਵੀ 19 ਕਰੋੜ ਦੇ ਲਗਪਗ ਅਜਿਹੇ ਲੋਕ ਹਨ ਜੋ ਰਾਤ ਨੂੰ ਭੁੱਖੇ ਸੌਂਦੇ ਹਨ। ਇਥੇ ਸਵਾ ਕਰੋੜ ਦੇ ਲਗਪਗ ਅਜਿਹੇ ਵਿਅਕਤੀ ਹਨ, ਜੋ ਖੁੱਲ੍ਹੇ ਮੈਦਾਨਾਂ ‘ਚ ਪਖਾਨਾ ਕਰਦੇ ਹਨ। ਕਰੋੜਾਂ ਹੀ ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਸਿਹਤਯਾਬ ਰਹਿਣ ਲਈ ਚੰਗੀ ਖੁਰਾਕ ਨਹੀਂ ਮਿਲਦੀ ਪਰ ਦੂਸਰੇ ਪਾਸੇ ਇਸ ਸਬੰਧੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਕੁਝ ਧੀਰਜ ਬੰਨ੍ਹਾਉਣ ਵਾਲੀ ਹੈ। ਇਸ ਨੂੰ ਭਾਰਤ ਦੀ ਪ੍ਰਾਪਤੀ ਹੀ ਮੰਨਿਆ ਜਾ ਸਕਦਾ ਹੈ ਕਿ ਇਥੇ ਸਾਲ 1994 ‘ਚ 49.4 ਫ਼ੀਸਦੀ ਲੋਕ ਗ਼ਰੀਬੀ ਦੀ ਰੇਖਾ ਤੋਂ ਥੱਲੇ ਸਨ ਪਰ ਸਾਲ 2011 ਤੋਂ ਇਹ ਆਬਾਦੀ ਘਟ ਕੇ 22 ਕਰੋੜ ਦੇ ਨੇੜੇ-ਤੇੜੇ ਰਹਿ ਗਈ ਹੈ। ਕਈ ਅਜਿਹੀਆਂ ਬਿਮਾਰੀਆਂ ਹਨ, ਜਿਨ੍ਹਾਂ ‘ਤੇ ਕਾਬੂ ਪਾ ਲਿਆ ਗਿਆ ਹੈ ਪਰ ਮਲੇਰੀਆ ਤੇ ਚੇਚਕ ਵਰਗੀਆਂ ਬਿਮਾਰੀਆਂ ਨਾਲ ਪੂਰੀ ਤਰ੍ਹਾਂ ਲੜਨਾ ਤੇ ਇਨ੍ਹਾਂ ‘ਤੇ ਜਿੱਤ ਪ੍ਰਾਪਤ ਕਰਨਾ ਹਾਲੇ ਬਾਕੀ ਹੈ। ਜਨਮ ਸਮੇਂ ਬੱਚਿਆਂ ਤੇ ਮਾਤਾਵਾਂ ਦੀਆਂ ਹੁੰਦੀਆਂ ਮੌਤਾਂ ਨੂੰ ਘੱਟ ਕਰਨਾ ਵੀ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਸਿਹਤ ਤੇ ਸਿੱਖਿਆ ਵੱਲ ਧਿਆਨ ਦਿੱਤੇ ਜਾਣ ਦੀ ਵੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਇਸ ਸਬੰਧੀ ਚੰਗੀਆਂ ਪੈੜਾਂ ਪਾ ਰਿਹਾ ਹੈ। ਇਸ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਜਿਥੇ ਦੁਨੀਆ ਦੇ ਇਨ੍ਹਾਂ ਦੋਵਾਂ ਵੱਡੇ ਦੇਸ਼ਾਂ ‘ਚ ਗ਼ਰੀਬੀ ਦੇ ਖ਼ਾਤਮੇ ਲਈ ਕੁਝ ਪ੍ਰਗਤੀ ਹੋਣ ‘ਤੇ ਸੰਤੁਸ਼ਟੀ ਪ੍ਰਗਟਾਈ ਹੈ, ਉਥੇ ਇਹ ਵੀ ਕਿਹਾ ਹੈ ਕਿ ਹਾਲੇ ਇਨ੍ਹਾਂ ਵੱਲੋਂ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ, ਬੰਗਲਾਦੇਸ਼, ਬਰਮਾ ਤੇ ਨਿਪਾਲ ਆਦਿ ‘ਚ ਵੀ ਇਹ ਸਮੱਸਿਆ ਗੰਭੀਰ ਰੂਪ ਧਾਰਦੀ ਨਜ਼ਰ ਆ ਰਹੀ ਹੈ। ਇਸ ਦਾ ਇਕ ਪੁਖਤਾ ਹੱਲ ਇਨ੍ਹਾਂ ਸਾਰੇ ਦੇਸ਼ਾਂ ਵੱਲੋਂ ਇਕੱਠੇ ਹੋ ਕੇ ਇਸ ਮੁਹਾਜ਼ ‘ਤੇ ਵੱਡਾ ਹੰਭਲਾ ਮਾਰਨਾ ਹੈ। ਘੱਟੋ-ਘੱਟ ਗੁਰਬਤ ਨੂੰ ਘਟਾਉਣ ਲਈ ਇਨ੍ਹਾਂ ਨੂੰ ਆਪਸੀ ਮਤਭੇਦ ਭੁਲਾ ਦੇਣੇ ਚਾਹੀਦੇ ਹਨ। ਆਪਣਾ ਬਹੁਤ ਸਾਰਾ ਧਨ ਅਤੇ ਸ਼ਕਤੀ ਇਹ ਆਪਸੀ ਦੁਸ਼ਮਣੀਆਂ ਕੱਢਣ ਲਈ ਹਥਿਆਰਾਂ ਦੇ ਜ਼ਖੀਰੇ ਇਕੱਠੇ ਕਰਨ ‘ਤੇ ਹੀ ਲਗਾ ਦਿੰਦੇ ਹਨ।
ਅੱਜ ਬਹੁਤੇ ਸਿਆਸਤਦਾਨ ਆਪਣੀ ਕੁਰਸੀ ਬਚਾਉਣ ਅਤੇ ਆਪਣੀ ਸਿਆਸਤ ਚਮਕਾਉਣ ਦੇ ਆਹਰ ‘ਚ ਹੀ ਲੱਗੇ ਰਹਿੰਦੇ ਹਨ, ਜਦੋਂ ਕਿ ਉਨ੍ਹਾਂ ਦਾ ਸਭ ਤੋਂ ਪਹਿਲਾ ਸਦਾਚਾਰਕ ਫ਼ਰਜ਼ ਆਪਣੇ ਕਰੋੜਾਂ ਗ਼ਰੀਬੀ ਨਾਲ ਭੰਨੇ ਲੋਕਾਂ ਦੀ ਸਾਰ ਲੈਣ ਦਾ ਹੋਣਾ ਚਾਹੀਦਾ ਹੈ। ਦੁਨੀਆ ਭਰ ‘ਚੋਂ ਗ਼ਰੀਬੀ ਦੇ ਨਕਸ਼ ਤੇਜ਼ੀ ਨਾਲ ਮਿਟਾਏ ਜਾਣ, ਇਸ ਦਿਸ਼ਾ ‘ਚ ਸਰਗਰਮ ਹੋਣਾ ਅੱਜ ਸਮੇਂ ਦੀ ਪਹਿਲੀ ਜ਼ਰੂਰਤ ਹੈ
(ਸੰਪਾਦਕੀ ਅਜੀਤ)



