ਸ਼੍ਰੀ ਅਨੰਦਪੁਰ ਸਾਹਿਬ, 15 ਜੁਲਾਈ(ਦਵਿੰਦਰਪਾਲ ਸਿੰਘ)- ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਦਾ ਮਾਮਲਾ ਦਿਨੋਂ ਦਿਨ ਗਰਮਾਉਂਦਾ ਹੀ ਜਾ ਰਿਹਾ ਹੈ। ਅੱਜ ਅਨੰਦਪੁਰ ਸਾਹਿਬ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣੇ ਦਾ ਗਵਰਨਰ ਜਗਨ ਨਾਥ ਪਹਾੜੀਆ ਦੀ ਰਿਟਾੲਰਮੈਂਟ ਭਾਵੇਂ ਹੋਣ ਹੀ ਵਾਲੀ ਹੈ ਪਰ ਜਾਂਦੇ ਜਾਂਦੇ ਉਸਨੇ ਸਾਡੇ ਨਾਲ ਧੋਖਾ ਕਰਕੇ ਆਪਣੇ ਕਾਂਗਰਸੀ ਹੋਣ ਦਾ ਸਬੂਤ ਦੇ ਹੀ ਦਿੱਤਾ। ਇਸ ਮੋਕੇ ਜੱਥੇ: ਮੱਕੜ ਨੇ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਜੱਥੇਬੰਦੀਆਂ ਦਾ ਇਕ ਵੱਡਾ ਵਫਦ ਹਰਿਆਣਾ ਕਮੇਟੀ ਦੇ ਮਾਮਲੇ ‘ਚ ਗਵਰਨਰ ਨੂੰ ਮਿਲਿਆ। ਗਵਰਨਰ ਨੇ ਇਹ ਭਰੋਸਾ ਦਿੱਤਾ ਕਿ ਇਹ ਸਿੱਖ
ਪੰਥ ਦਾ ਧਾਰਮਿਕ ਮਸਲਾ ਹੈ ਜਿਸ ਵਿਚ ਉਹ ਪੈਣਾ ਨਹੀਂ ਚਾਹੁਂਦੇ ‘ਤੇ ਉਹ ਵੱਖਰੀ ਕਮੇਟੀ ਵਾਲੇ ਬਿਲ ਨੂੰ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਕੋਲ ਭੇਜ ਰਹੇ ਹਨ ਪਰ ਹੈਰਾਨੀ ਦੀ ਗੱਲ ਕਿ ਕੁਝ ਕੁ ਮਿੰਟਾਂ ਬਾਅਦ ਹੀ ਉਹਨਾਂ ਉਸੇ ਬਿਲ ਨੂੰ ਮਜਜੂਰੀ ਵੀ ਦੇ ਦਿੱਤੀ ਅਤੇ ਹਰਿਆਣਾ ਗਵਰਨਰ ਨੇ ਆਪਣਾ ਪੱਕਾ ਕਾਂਗਰਸੀ ਹੋਣ ਦਾ ਸਬੂਤ ਦੇ ਦਿੱਤਾ। ਜਿਸ ਕਰਕੇ ਸਿੱਖ ਪੰਥ ਦੇ ਇਤਿਹਾਸ ‘ਚ ਅੱਜ ਸਿੱਖ ਵਿਰੋਧੀ ਜਮਾਤ ਕਾਂਗਰਸ ਦਾ ਇਕ ਹੋਰ ਕਾਲਾ ਕਾਰਨਾਮਾ ਦਰਜ ਹੋ ਗਿਆ। ਪਰ ਜੱਥੇਦਾਰ ਮੱਕੜ ਨੇ ਵਿਸ਼ਵਾਸ਼ ਦਿਵਾਇਆ ਕਿ ਅਸੀਂ ਇਹ ਵੱਖਰੀ ਗੁਰਦੁਆਰਾ ਕਮੇਟੀ ਨਹੀਂ ਬਣਨ ਦਿਆਂਗੇ। ਇਸ ਮੋਕੇ ਉਹਨਾਂ ਨਾਲ ਜਨ ਸਕੱਤਰ ਸੁਖਦੇਵ ਸਿੰਘ ਭੌਰ, ਭਾਈ ਅਮਰਜੀਤ ਸਿੰਘ ਚਾਵਲਾ, ਮਾ: ਜਗੀਰ ਸਿੰਘ, ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ, ਸੂਚਨਾ ਅਫਸਰ ਹਰਦੇਵ ਸਿੰਘ, ਰਣਬੀਰ ਸਿੰਘ ਕਲੌਤਾ, ਪਰਮਜੀਤ ਸਿੰਘ ਲੱਖੇਵਾਲ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ।