ਪੰਜਾਬ ਅਤੇ ਕਸ਼ਮੀਰ ਵਿੱਚ ਕਈ ਸਾਂਝਾਂ ਹਨ। ਜੰਮੂ-ਕਸ਼ਮੀਰ ਦਾ ਵੱਡਾ ਭਾਗ ਕਦੇ ਸਿੱਖ ਰਾਜ ਦਾ ਹਿੱਸਾ ਹੁੰਦਾ ਸੀ। ਸੰਨ 1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਅਤੇ ਕਸ਼ਮੀਰ ਨੂੰ ਬਹੁਤ ਬੁਰੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਦੋਵੇਂ ਹੀ ਸੂਬਿਆਂ ਦੇ ਲੋਕਾਂ ਨੂੰ ਪਿਛਲੇ ਸੱਤ ਦਹਾਕਿਆਂ ਦੌਰਾਨ ਕਥਿਤ ਆਜ਼ਾਦੀ ਦੀ ਭਾਰੀ ਕੀਮਤ ਤਾਰਨੀ ਪਈ ਹੈ। ਪੰਜਾਬ ਨੂੰ ਪਹਿਲਾਂ ਪੰਜਾਬੀ ਸੂਬਾ ਮੋਰਚੇ ਅਤੇ ਬਾਅਦ ਵਿੱਚ ਧਰਮ ਯੁੱਧ ਮੋਰਚੇ ਦੌਰਾਨ ਸਰਕਾਰੀ ਤਸ਼ੱਦਦ ਅਤੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਇਸ ਕਤਲੋਗਾਰਤ ਵਿੱਚ ਹਜ਼ਾਰਾਂ ਸਿੱਖ ਅਤੇ ਪੰਜਾਬੀ ਮਾਰੇ ਗਏ। ਧਰਮ ਯੁੱਧ ਮੋਰਚੇ ਅਤੇ ਸਿੱਖ ਲਹਿਰ ਦੇ ਮੱਠਾ ਪੈਣ ਤੋਂ ਬਾਅਦ ਪੰਜਾਬ ਵਿੱਚ ਨਸ਼ਿਆਂ ਦੀ ਹਨੇਰੀ ਝੁੱਲ ਗਈ। ਮਾਰੂ ਨਸ਼ੇ ਪੰਜਾਬ ਲਈ ਹਾਲੇ ਵੀ ਵੱਡੀ ਚੁਣੌਤੀ ਬਣੇ ਹੋਏ ਹਨ। ਨਸ਼ਿਆਂ ਕਾਰਨ ਘਰਾਂ ਦੇ ਘਰ ਉੱਜੜ ਗਏ। ਨਸ਼ਿਆਂ ਨੂੰ ਵੇਚਣ ਵਾਲੇ ਅਤੇ ਸਰਪ੍ਰਸਤੀ ਦੇਣ ਵਾਲੇ ਅਰਬਾਂਪਤੀ ਬਣ ਗਏ। ਇਹੋ ਹਾਲ ਹੁਣ ਜੰਮੂ-ਕਸ਼ਮੀਰ ਵਿੱਚ ਹੈ। ਜੰਮੂ-ਕਸ਼ਮੀਰ ਵਿੱਚ ਵੀ ਕਥਿਤ ਅੱਤਵਾਦ ਤੋਂ ਬਾਅਦ ਹੁਣ ਨਸ਼ਿਆਂ ਦੀ ਹਨੇਰੀ ਝੁੱਲ ਰਹੀ ਹੈ। ਜੰਮੂ- ਕਸ਼ਮੀਰ ਦੇ ਪੁਲਿਸ ਮੁਖੀ ਸ਼੍ਰੀ ਦਿਲਬਾਗ ਸਿੰਘ ਮੁਤਾਬਿਕ ਜੰਮੂ-ਕਸ਼ਮੀਰ ਵਿੱਚ ‘ਅਤਿਵਾਦ’ ਤਾਂ ਘਟਿਆ ਹੈ ਪਰ ਨਸ਼ਿਆਂ ਦੀ ਅਲਾਮਤ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। ਪੰਜਾਬ ਦੀ ਤਰ੍ਹਾਂ ਹੀ ਜੰਮੂ-ਕਸ਼ਮੀਰ ਵਿੱਚ ਨਸ਼ਿਆਂ ਦੀ ਅਲਾਮਤ ਲਗਾਤਾਰ ਵੱਧ ਰਹੀ ਹੈ। ਪੁਲਿਸ ਦਾ ਦੋਸ਼ ਹੈ ਕਿ ਪੰਜਾਬ ਦੀ ਤਰ੍ਹਾਂ ਜੰਮੂ-ਕਸ਼ਮੀਰ ਵਿੱਚ ਵੀ ਪਾਕਿਸਤਾਨ ਵੱਲੋਂ ਨਸ਼ਿਆਂ ਦੇ ਰੁਝਾਨ ਨੂੰ ਦੁਹਰਾਇਆ ਜਾ ਰਿਹਾ ਹੈ। ਪੁਲਿਸ ਮੁਖੀ ਜੰਮੂ-ਕਸ਼ਮੀਰ ਦੀ ਰਾਜਧਾਨੀ ਵਿਖੇ ਅਪਰਾਧ ਸ਼ਾਖਾ ਵੱਲੋਂ ਕਰਵਾਈ ਗਈ ਵਰਕਸ਼ਾਪ ”ਐੱਨਡੀਪੀਐੱਸ ਅਤੇ ਜਬਰ-ਜਨਾਹ/ਪੋਕਸੋ ਮਾਮਲਿਆਂ ਦੀ ਜਾਂਚ ਅਤੇ ਸੀਸੀਟੀਐੱਨਐੱਸ’ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਵਿੱਚ ਅੱਤਿਵਾਦ ਖ਼ਤਮ ਹੋਣ ਵਾਲਾ ਸੀ ਤਾਂ ਪਾਕਿਸਤਾਨ ਨੇ ਵੱਡੀ ਪੱਧਰ ‘ਤੇ ਪੰਜਾਬ ‘ਚ ਨਸ਼ਾ ਭੇਜਣਾ ਸ਼ੁਰੂ ਕਰ ਦਿੱਤਾ ਸੀ, ਉੱਥੇ ਜੋ ਕੁਝ ਹੋਇਆ ਉਸੇ ਨੂੰ ਹੁਣ ਜੰਮੂ ਕਸ਼ਮੀਰ ‘ਚ ਦੁਹਰਾਇਆ ਜਾ ਰਿਹਾ ਹੈ। ਪੁਲਿਸ ਮੁਖੀ ਦੇ ਦੋਸ਼ਾਂ ਵਿੱਚ ਕਿੰਨੀ ਸਚਾਈ ਹੈ ਇਹ ਗੱਲ ਵੱਖਰੀ ਹੈ ਪ੍ਰੰਤੂ ਜੰਮੂ-ਕਸ਼ਮੀਰ ਵਿੱਚ ਪੰਜਾਬ ਦੀ ਤਰ੍ਹਾਂ ਨਸ਼ਿਆਂ ਦੀ ਮਾਰ ਬਹੁਤ ਦੁਖਦਾਇਕ ਹੈ। ਪੰਜਾਬ ਅਤੇ ਜੰਮੂ-ਕਸ਼ਮੀਰ ਦਾ ਇਹ ਦੁੱਖ ਸਾਂਝਾ ਹੈ। ਇਸ ਮੁੱਦੇ ਉੱਪਰ ਦੋਵੇਂ ਸੂਬਿਆਂ ਦੀ ਆਮ ਜਨਤਾ ਨੂੰ ਸੁਚੇਤ ਹੋਣਾ ਹੋਵੇਗਾ।
– ਬਲਜੀਤ ਸਿੰਘ ਬਰਾੜ