ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪਾਸ ਫਾਰਮੂਲਾ ਬਿਹਤਰ

ਸਕੂਲ ਸਿੱਖਿਆ ਵਿਭਾਗ ਨੇ ਬੀਤੇ ਦਿਨੀ ਇੱਕ ਅਹਿਮ ਫੈਸਲਾ ਕੀਤਾ ਜਿਸ ਵਿਚ ਸਾਲਾਨਾ ਪ੍ਰੀਖਿਆਵਾਂ ਤੇ ਉਨ੍ਹਾਂ ਦੇ ਨਤੀਜਿਆਂ ਦੇ ਪਾਸ ਫਾਰਮੂਲੇ ਤੇ ਨਵੀਂ ਮੋਹਰ ਲਗਾ ਦਿੱਤੀ ਹੈ ਅਤੇ ਇਹ ਸੁਨੇਹਾਂ ਹਰ ਸਕੂਲ ਵਿਚ ਪਹੁੰਚ ਚੁੱਕਿਆ ਹੈ ਅਤੇ ਸਭ ਨੂੰ ਗਿਆਨ ਹੈ। ਇਥੇ ਕਈਆਂ ਨੂੰ ਭਰਮ ਭੁਲੇਖੇ ਹਨ ਕਿ ਇਹ ਬੋਰਡ ਦੇ ਮਿਆਰ ਵਿਚ ਤਬਦੀਲੀ ਆਈ ਹੈ ਅਤੇ ਪਹਿਲਾਂ ਨਾਲੋਂ ਘਟ ਗਿਆ ਹੈ। ਅਲੋਚਕ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਪਾਸ ਫਾਰਮੂਲੇ ਤੇ ਨੁਕਤਾਚੀਨੀ ਕਰ ਰਹੇ ਹਨ। ਇਹ ਲੋਕ ਨਵੇਂ ਵਿਭਾਗੀ ਪੱਤਰਾਂ ਤੋਂ ਅਣਜਾਨ ਜਾਪਦੇ ਹਨ। ਕੁੱਝ ਵੀ ਕਰਨ ਤੋਂ ਪਹਿਲਾਂ ਪੰਜਾਬ ਬੋਰਡ ਅਤੇ ਦੂਜੇ ਬੋਰਡਾਂ ਦੀ ਪੂਰੀ ਰੂਪਰੇਖਾ ਚਿੱਠੀ ਪੱਤਰਾਂ ਸਰਕੂਲਰਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਪਰ ਜਿੰਨਾਂ ਨੂੰ ਪੂਰਾ ਪਤਾ ਨਹੀਂ ਉਹ ਅਧੂਰੀ ਗੱਲ ਕਰਨਗੇ, ਸਹੀ ਪੱਖ ਨਹੀਂ ਰੱਖਣਗੇ ਅਤੇ ਚੰਗੀ ਗੱਲ ਦਾ ਵਿਰੋਧ ਕਰਨਗੇ। ਪੰਜਾਬ ਬੋਰਡ ਦਾ ਵਿਦਿਆਰਥੀ ਪਹਿਲਾਂ ਵੀ ਲਿਖਤੀ ਅਤੇ ਪ੍ਰਯੋਗੀ 33 ਫੀਸਦੀ ਅੰਕ ਲੈ ਕੇ ਪਾਸ ਹੁੰਦਾ ਰਿਹਾ ਹੈ ਅਤੇ ਵਿਦਿਆਰਥੀ ਦਾ ਪ੍ਰੀਖਿਆ ਵਿਚ ਹਾਜਰ ਹੋਣਾ ਅਤੀ ਜਰੂਰੀ ਹੁੰਦਾ ਰਿਹਾ। ਗੈਰਹਾਜਰ ਵਿਦਿਆਰਥੀ, ਗੈਰਹਾਜਰ ਰਿਹਾ ਹੁੰਦਾ। ਉਸਦੇ ਸਰਟੀਫਿਕੇਟ ਵਿਚ ਗੈਰਹਾਜਰ ਵਿਸ਼ੇ ਵਿਚ ਗੈਰਹਾਜਰ ਲਿਖਿਆ ਜਾਂਦਾ ਹੈ ਜੀਰੋ ਨਹੀਂ ਲਿਖਿਆ ਜਾਂਦਾ। ਇਹ ਬਹੁਤ ਵੱਡੀ ਗੱਲ ਹੈ ਨਿੱਕੀ ਜਿਹੀ ਨਹੀਂ। ਇੱਕ ਗੱਲ ਸਾਫ ਹੋ ਜਾਂਦੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਜੇ ਵਿਦਿਆਰਥੀ ਨੇ ਪੇਪਰ ਦਿੱਤਾ ਪਰ ਕੋਈ ਉਤਰ ਸਹੀ ਨਹੀਂ ਤਾਂ ਉਸਨੂੰ ਜੀਰੋ ਨੰਬਰ ਮਿਲਦਾ ਹੈ। ਜੇ ਵਿਦਿਆਰਥੀ ਗੈਰਹਾਜਰ ਹੈ ਤਾਂ ਅੰਕ ਦੀ ਥਾਂ ਗੈਰਹਾਜਰ ਹੀ ਲਿਖਿਆ ਜਾਂਦਾ ਹੈ। ਰਾਜ ਸਰਕਾਰ ਦੇ ਨਵੇਂ ਫੈਸਲੇ ਨਾਲ ਹੁਣ ਵੀ ਵਿਦਿਆਰਥੀ 33 ਫੀਸਦੀ ਅੰਕਾਂ ਨਾਲ ਪਾਸ ਹੋਵੇਗਾ। ਜੇਕਰ ਬਰੀਕੀ ਨਾਲ ਘੋਖਿਆ ਜਾਵੇ ਤਾਂ ਤਸਵੀਰ ਸਾਫ ਦਿਸਦੀ ਹੈ ਕਿ ਵਿਦਿਆਰਥੀ ਨੂੰ ਦੋਹਾਂ ਲਿਖਤੀ ਅਤੇ ਪ੍ਰਯੋਗੀ ਪੇਪਰਾਂ ਵਿਚ ਘੱਟੋ ਘੱਟ 20 ਫੀਸਦੀ ਅੰਕ ਚਾਹੀਦੇ ਹਨ ਅਤੇ ਪ੍ਰਯੋਗੀ ਅਤੇ ਸੀ.ਸੀ.ਈ. ਵਿਚ ਹਾਜਰ ਹੋਣਾ ਅਤੀ ਜਰੂਰੀ ਹੈ ਅਤੇ ਕੁੱਲ ਮਿਲਾ ਕੇ ਲਿਖਤੀ, ਪ੍ਰਯੋਗੀ ਅਤੇ ਸੀ.ਸੀ.ਈ. ਤਿੰਨਾਂ ਵਿਚ 33 ਫੀਸਦੀ ਅੰਕ ਪਾਸ ਹੋਣ ਲਈ ਚਾਹੀਦੇ ਹਨ। ਇਥੇ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਵਿਦਿਆਰਥੀ 33 ਫੀਸਦੀ ਅੰਕ ਲੈ ਕੇ ਪਾਸ ਹੁੰਦੇ ਹਨ ਅਤੇ ਇਸ ਤੋਂ ਘੱਟ ਵਾਲੇ ਫੇਲ ਹੋਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਕਾਬਲੇ ਦੂਜੇ ਕੇਂਦਰੀ ਬੋਰਡ ਤੇ ਨਜਰ ਮਾਰਦੇ ਹਾਂ ਅਤੇ ਇਹ ਗੱਲ ਧਿਆਨ ਵਿਚ ਆਉਂਦੀ ਹੈ ਕਿ ਕੇਂਦਰੀ ਬੋਰਡ ਵਿਚ ਜੇਕਰ ਵਿਦਿਆਰਥੀ ਪੇਪਰ ਵਿਚ ਗੈਰ ਹਾਜਰ ਹੈ ਤਾਂ ਉਸਨੂੰ ਗੈਰਹਾਜਰ ਨਹੀਂ ਲਿਖਦੇ ਉਸਦੇ ਗੈਰਹਾਜਰ ਦੀ ਥਾਂ ਜੀਰੋ ਨੰਬਰ ਭਰਿਆ ਜਾਂਦਾ ਹੈ ਅਤੇ ਅਸੈਸਮੈਂਟ ਅਤੇ ਪ੍ਰਯੋਗੀ ਅੰਕਾਂ ਵਿਚ ਬੱਚਾ ਵੱਧ ਤੋਂ ਵੱਧ ਅੰਕ ਲੈ ਕੇ ਵਿਦਿਆਰਥੀ ਪਾਸ ਹੋ ਜਾਂਦਾ ਹੈ। ਇਥੇ ਕੇਂਦਰੀ ਬੋਰਡ ਅਤੇ ਪੰਜਾਬ ਬੋਰਡ ਦੇ ਦੋਹਾਂ ਦੇ ਪਾਸ ਫਾਰਮੂਲੇ ਸਪਸ਼ਟ ਹੋ ਜਾਂਦੇ ਹਨ। ਇਨ੍ਹਾਂ ਢੰਗਾਂ ਨਾਲ ਕੇਂਦਰੀ ਬੋਰਡ ਸਕੂਲਾਂ ਦੇ ਨਤੀਜੇ ਪੰਜਾਬ ਬੋਰਡ ਸਕੂਲਾਂ ਦੇ ਨਤੀਜਿਆਂ ਨਾਲੋਂ ਬੇਹਤਰ ਹੋ ਜਾਂਦੇ ਹਨ। ਪਰ ਪੰਜਾਬ ਬੋਰਡ ਦਾ ਪਾਸ ਫਾਰਮੂਲਾ ਮਿਆਰੀ ਹੈ ਅਤੇ ਇਸ ਵਿਚ ਕੋਈ ਦੋ ਰਾਏ ਨਹੀਂ।
ਬੋਰਡ ਦਾ ਸਾਰਾ ਕੰਮ ਆਨਲਾਇਨ ਹੈ ਤੇ ਸਮੇਂ ਸਮੇਂ ਸਿਰ ਅੱਪਡੇਟ ਹੁੰਦਾ ਹੈ ਅਤੇ ਸਾਰਾ ਕੰਮ ਪੰਜਾਬ ਬੋਰਡ ਦੇ ਸਰਕਾਰੀ ਸਕੂਲਾਂ ਵਿਚ ਹੁੰਦਾ ਹੈ ਅਤੇ ਕਿਸੇ ਕਿਸਮ ਦੀ ਹਾਰਡ ਕਾਪੀ ਬੋਰਡ ਨਹੀਂ ਮੰਗਵਾਉਂਦਾ ਅਤੇ ਨਾ ਹੀ ਕਿਤੇ ਭੇਜੀ ਜਾਂਦੀ ਹੈ। ਰੋਲ ਨੰਬਰ ਆਨਲਾਇਨ ਮਿਲਦੇ ਹਨ ਅਤੇ ਸਾਰੀਆਂ ਪ੍ਰੀਖਿਆ ਡਿਊਟੀਆਂ ਮੋਬਾਇਲ ਤੇ ਮੈਸਜ਼ ਰਾਹੀਂ ਆ ਜਾਂਦੀਆਂ ਹਨ ਅਤੇ ਸਬੰਧਤ ਅਧਿਕਾਰੀ ਤੇ ਕਰਮਚਾਰੀ ਜਿੰਨ੍ਹਾ ਦੀ ਡਿਊਟੀ ਲੱਗਦੀ ਹੈ ਉਹ ਆਪਣੀ ਡਿਊਟੀ ਦੇਖ ਕੇ ਸਮੇਂ ਸਿਰ ਡਿਊਟੀ ਤੇ ਜਾਂਦੇ ਹਨ। ਸਿੱਖਿਆ ਬੋਰਡ ਦੀ ਇਹ ਵੱਡੀ ਕਾਰਜਪ੍ਰਣਾਲੀ ਹੈ ਜਿਸ ਵਿਚ ਰਾਜ, ਜ਼ਿਲ੍ਹਾ ਅਤੇ ਸਕੂਲ ਪੱਧਰ ਤੇ ਵੱਖਰੇ ਵੱਖਰੇ ਕਾਰਜ ਹੁੰਦੇ ਹਨ ਤਾਂ ਹੀ ਇਹ ਕੰਮ ਸਿਰੇ ਚੜ੍ਹਦਾ ਹੈ। ਇਥੇ ਇੱਕ ਗੱਲ ਸਪਸ਼ਟ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਹਰੇਕ ਕੰਮ ਮਿਆਰੀ ਹੈ ਅਤੇ ਇਹ ਦੂਜਿਆਂ ਬੋਰਡਾਂ ਨਾਲੋਂ ਬੇਹਤਰ ਹੈ। ਇਹ ਸੱਚਾਈ ਹੈ ਇਸ ਬਾਰੇ ਸਮਾਜ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਅਫਵਾਹਾਂ ਵਿਚ ਯਕੀਨ ਨਹੀਂ ਕਰਨਾ ਚਾਹੀਦਾ ਅਤੇ ਇਸ ਸੱਚਾਈ ਨੂੰ ਮੰਨ ਲੈਣਾ ਚਾਹੀਦਾ ਹੈ।

Send this to a friend