ਦਹਾਕਾ ਬੀਤਣ ਦੇ ਬਾਵਜੂਦ ਪਿੰਡ ਗੋਬਿੰਦਪੁਰਾ ਵਿਖੇ ਪਿਉਨਾ ਪਾਵਰ ਵੱਲੋਂ ਨਹੀਂ ਸ਼ੁਰੂ ਕੀਤੀ ਗਈ ਪ੍ਰੋਜੈਕਟ ਦੀ ਉਸਾਰੀ-ਪਿੰਡ ਦੀ ਉਪਜਾਊ ਜਮੀਨ ਬਣ ਚੁੱਕੀ ਹੈ ਬੰਜਰ

ਜਮੀਨ ਦੇ ਕੁਝ ਅਸਲੀ ਮਾਲਕ ਅਜੇ ਵੀ ਸਰਕਾਰੀ ਨੌਕਰੀਆਂ ਅਤੇ ਉਜਾੜੇ ਭੱਤੇ ਦੀ ਉਡੀਕ ‘ਚ ਤਰਸੇ

ਬਰੇਟਾ- ਇੰਡੀਆ ਬੁਲਜ ਪਾਵਰ ਲਿਮਟਿਡ ਵੱਲੋਂ ਸਹਾਇਕ ਕੰਪਨੀ ਮੈਸਰਜ ਪਿਉਨਾ ਪਾਵਰ ਡਿਵੈਲਪਮੈਂਟ ਲਿਮਟਿਡ ਲਈ 1320 ਮੈਗਾਵਾਟ ਦਾ ਥਰਮਲ ਪਾਵਰ ਪਲਾਂਟ ਲਗਾਉਣ ਲਈ ਪਿੰਡ ਗੋਬਿੰਦਪੁਰਾ ਵਿਖੇ 880 ਏਕੜ ਜਮੀਨ ਸਾਲ 2010 ਗ੍ਰਹਿਣ ਕੀਤੀ ਗਈ ।ਉਸ ਸਮੇਂ ਵੱਖ ਵੱਖ ਜੱਥੇਬੰਦੀਆਂ ਅਤੇ ਕੁਝ ਪਿੰਡ ਵਾਸੀਆਂ ਵੱਲੋਂ ਕੰਪਨੀ ਦੀ ਇਸ ਨੀਤੀ ਦਾ ਸਖਤ ਵਿਰੋਧ ਕੀਤਾ ਗਿਆ ਸੀ ।ਲੰਮਾਂ ਸਮਾਂ ਸੰਘਰਸ਼ ਚੱਲਿਆ ਪਰ ਕੁਝ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਜੱਥੇਬੰਦੀਆਂ ਦਾ ਸਾਥ ਦਿੱਤਾ ਅਤੇ ਕੁਝ ਸਮੇਂ ਬਾਅਦ ਇਨ੍ਹਾਂ ਪਾਰਟੀਆਂ ਵੱਲੋਂ ਕਿਸੇ ਕਿਸਾਨ ਮਜਦੂਰ ਪਰਿਵਾਰ ਦੀ ਸਾਰ ਤੱਕ ਨਹੀਂ ਲਈ ਗਈ ।ਇਹ ਬਹੁਕੀਮਤੀ ਉਪਜਾਊ ਜਮੀਨ ਅੱਜ ਪੂਰੀ ਤਰਾਂ ਬੰਜਰ ਹੋ ਚੁੱਕੀ ਹੈ ਪ੍ਰੰਤੂ ਇੱਥੇ ਲੱਗਣ ਵਾਲਾ ਪਾਵਰ ਪਲਾਂਟ ਜਿਸਦੇ ਲੱਗਣ ਨਾਲ ਇਲਾਕੇ ਦੇ ਲੋਕਾਂ ਲਈ ਰੁਜਗਾਰ ਲਈ ਵੱਡੇ ਸਾਧਨ ਪੈਦਾ ਹੋਣੇ ਸਨ ਉਹ ਵੀ ਹੁਣ ਵੱਟੇ ਖਾਤੇ ਪਏ ਜਾਪ ਰਹੇ ਹਨ ।ਪ੍ਰਾਪਤ ਜਾਣਕਾਰੀ ਅਨੁਸਾਰ ਕੁਲ ਜਮੀਨ ਵਿੱਚੋਂ ਲਗਭਗ 60 ਏਕੜ ਜਮੀਨ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਗਈ ਹੈ ਕਿਉਂਕਿ ਉਸ ਸਮੇਂ ਇਨ੍ਹਾਂ ਕਿਸਾਨਾਂ ਵੱਲੋਂ ਚੈੱਕ ਲੈਣ ਤੋਂ ਇਨਕਾਰ ਦਿੱਤਾ ਸੀ । ਦੂਜੇ ਪਾਸੇ ਬਹੁਤੇ ਕਿਸਾਨਾਂ ਦਾ ਬਕਾਇਆ ਅਜੇ ਵੀ ਬਾਕੀ ਖੜ੍ਹਾ ਹੈ ।ਉਸ ਸਮੇਂ ਸਰਕਾਰ ਵੱਲੋਂ ਇਹ ਵੀ ਵਾਅਦਾ ਕੀਤਾ ਗਿਆ ਸੀ ਕਿ ਜਿਨ੍ਹਾਂ ਕਿਸਾਨਾਂ ਦੀ ਜਮੀਨ ਜਾਂ ਘਰ ਇਸ ਖੇਤਰ ਵਿੱਚ ਆਉਣਗੇ ਉਸ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਵੀ ਦਿੱਤੀ ਜਾਵੇਗੀ ।ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਕੰਪਨੀ ਵੱਲੋਂ ਗ੍ਰਹਿਣ ਕੀਤੀ ਜਮੀਨ ਦਾ ਮਾਲਕ ਹੋਰ ਥਾਂ ਤੇ ਜਮੀਨ ਖਰੀਦੇਗਾ ਤਾਂ ਉਸ ਵੱਲੋਂ ਖਰੀਦੀ ਜਾਣ ਵਾਲੀ ਜਮੀਨ ਤੇ ਕੋਈ ਉਸ ਦਾ ਰਜਿਸਟਰੀ ਖਰਚਾ ਨਹੀਂ ਲੱਗੇਗਾ ਅਤੇ ਨਾਲ ਹੀ ਖੇਤੀ ਲਈ ਮੋਟਰ ਕਨੈਕਸ਼ਨ ਵੀ ਮੁਫਤ ਪਹਿਲ ਦੇ ਆਧਾਰ ਤੇ ਦਿੱਤਾ ਜਾਵੇਗਾ ।ਪ੍ਰੰਤੂ ਕੁਝ ਪਰਿਵਾਰ ਅਜੇ ਤੱਕ ਸਰਕਾਰੀ ਨੋਕਰੀ ਅਤੇ ਮੋਟਰ ਕਨੈਕਸ਼ਨਾਂ ਨੂੰ ਉਡੀਕ ਰਹੇ ਹਨ ।ਇਸ ਤੋਂ ਇਲਾਵਾ ਉਜਾੜੇ ਵਿੱਚ ਆਏ ਕੁਝ ਬੇਜਮੀਨੇ ਖੇਤ ਮਜਦੂਰਾਂ ਨੂੰ ਵੀ ਅਜੇ ਤੱਕ ਉਜਾੜੇ ਭੱਤੇ ਦੀ ਰਾਸ਼ੀ ਨਹੀਂ ਮਿਲ ਸਕੀ ।ਇਸ ਬਾਰੇ ਸੀ.ਪੀ.ਆਈ ਦੇ ਕੌਮੀ ਕੌਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਅਤੇ ਪੰਜਾਬ ਖੇਤ ਮਜਦੂਰ ਸਭਾ ਦੇ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਨੇ ਦੱਸਿਆ ਕਿ ਮਜਦੁਰਾਂ ਦੇ ਉਜਾੜੇ ਭੱਤੇ ਅਤੇ ਕਿਸਾਨਾਂ ਦੇ ਬਕਾਏ ਸਬੰਧੀ ਜਿਲ੍ਹਾ ਪ੍ਰਸਾਸ਼ਨ ਨਾਲ ਵੀ ਕਈ ਵਾਰੀ ਗੱਲ ਕੀਤੀ ਹੈ ਪ੍ਰੰਤੂ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਅਤੇਇਸ ਖੇਤਰ ਵਿੱਚ ਲੱਗਣ ਵਾਲੀ ਇੱਕ ਵੱਡੀ ਇੰਡਸਟਰੀ ਜਿਸ ਨਾਲ ਸੈਕੜੇ ਲੋਕਾਂ ਨੂੰ ਰੁਜਗਾਰ ਮਿਲਣ ਦੀ ਉਮੀਦ ਬਣੀ ਸੀ ਉਹ ਖਤਮ ਹੋ ਚੁੱਕੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਉਸ ਸਮੇਂ ਮਾਲ ਵਿਭਾਗ ਵੱਲੋਂ ਬਾਹਰਲੇ ਲੋਕਾਂ ਦੀ ਇਸ ਪਿੰਡ ਦੀ ਜਮੀਨ ਵਿੱਚ ਹਿੱਸੇਦਾਰੀ ਕਰਕੇ ਅਤੇ ਤਬਾਦਲਿਆਂ ਰਾਹੀਂ ਇੱਕ ਇੱਕ ਮਰਲਾ ਥਾਂ ਦੇ ਮਾਲਕ ਬਣਾ ਕੇ ਸਰਕਾਰੀ ਨੌਕਰੀਆਂ ਲੈ ਗਏ ਪ੍ਰੰਤੂ ਪਿੰਡ ਦੇ ਬਸ਼ਿੰਦੇ ਲੋਕਾਂ ਲਈ ਇਹ ਸ਼ਰਤ ਰੱਖ ਦਿੱਤੀ ਗਈ ਕਿ ਨੌਕਰੀ ਲੈਣ ਲਈ ਅੱਧਾ ਏਕੜ ਦੀ ਮਾਲਕੀ ਹੋਣੀ ਜਰੂਰੀ ਹੈ ਜਦੋਂ ਕਿ ਪਿੰਡ ਤੋਂ ਬਾਹਰ ਦੇ ਲੋਕਾਂ ਤੇ ਅਜਿਹਾ ਕੋਈ ਨਿਯਮ ਲਾਗੂ ਨਹੀਂ ਹੋ ਸਕਿਆ ।ਜਾਣਕਾਰੀ ਅਨੁਸਾਰ ਉਕਤ ਜਮੀਨ ਗ੍ਰਹਿਣ ਕਰਨ ਸਮੇਂ ਇਹ ਵੀ ਨਿਯਮ ਸੀ ਕਿ ਜੇਕਰ ਕੋਈ ਕੰਪਨੀ ਗ੍ਰਹਿਣ ਕੀਤੀ ਥਾਂ ਤੇ ਆਪਣਾ ਪ੍ਰੋਜੈਕਟ ਚਾਲੂ ਨਹੀਂ ਕਰਦੀ ਤਾਂ ਉਹ ਜਮੀਨ 5 ਸਾਲ ਬਾਅਦ ਕਿਸਾਨਾਂ ਨੂੰ ਵਾਪਸ ਕਰਨੀ ਬਣਦੀ ਸੀ ਪ੍ਰੰਤੂ ਇੱਕ ਦਹਾਕਾ ਬੀਤ ਜਾਣ ਦੇ ਬਾਅਦ ਵੀ ਇਹ ਜਮੀਨ ਕੰਪਨੀ ਕੋਲ ਹੀ ਪਈ ਹੈ ।ਸੂਤਰਾਂ ਅਨੁਸਾਰ ਪਿਉਨਾ ਪਾਵਰ ਵੱਲੋਂ ਇਸ ਥਾਂ ਤੇ ਸੋਲਰ ਪਲਾਂਟ ਲਾਉਣ ਦੀ ਚਰਚਾ ਚੱਲ ਰਹੀ ਹੈ ਦੂਜੇ ਪਾਸੇ ਪਿੰਡ ਵਾਸੀਆ ਦਾ ਕਹਿਣਾ ਕਿ ਉਹ ਇਸ ਯੋਜਨਾਂ ਨੂੰ ਮਨਜੂਰ ਨਹੀਂ ਕਰਨਗੇ ।ਪਿੰਡ ਦੀ ਬੰਜਰ ਹੋਈ ਜਮੀਨ ਇੱਥੋਂ ਦੇ ਲੋਕਾਂ ਲਈ ਵੱਡੀ ਸਿਰਦਰਦੀ ਪੈਦਾ ਕਰ ਰਹੀ ਹੈ ਕਿਉਂਕਿ ਇਸ ਜਮੀਨ ਤੇ ਉਘਿਆ ਸਰਕੰਡਾ,ਪਹਾੜੀ ਕਿੱਕਰਾਂ ,ਗਾਜਰ ਬੂਟੀ ਵਿੱਚ ਖਤਰਨਾਕ ਜੰਗਲੀ ਜੀਵ ਪੈਦਾ ਹੋ ਚੁੱਕੇ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਕਰਦੇ ਹਨ ।ਜਿਸ ਨਾਲ ਗੁਆਂਢੀ ਪਿੰਡਾਂ ਦੇ ਕਿਸਾਨ ਵੀ ਦੁਖੀ ਹੋਏ ਪਏ ਹਨ।
-ਰੀਤਵਾਲ

Send this to a friend