ਕਸਬਾ ਲੌਂਗੋਵਾਲ ਨੇੜੇ ਇਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗਣ ਕਾਰਨ 4 ਮਾਸੂਮ ਬੱਚੇ ਜਿਊਂਦੇ ਸੜ ਗਏ। ਇਸ ਬਹੁਤ ਹੀ ਹੌਲਨਾਕ ਘਟਨਾ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਤਰ੍ਹਾਂ ਦੇ ਹਾਦਸੇ ਪੰਜਾਬ ਵਿੱਚ ਪਹਿਲਾਂ ਵੀ ਵਾਪਰ ਚੁੱਕੇ ਹਨ। ਸਰਕਾਰ ਹਰ ਵਾਰ ਸਖਤ ਕਾਰਵਾਈ ਦਾ ਭਰੋਸਾ ਦਿੰਦੀ ਹੈ ਪ੍ਰੰਤੂ ਇਸ ਦਾ ਨਤੀਜਾ ਕੋਈ ਨਹੀਂ ਨਿਕਲਦਾ। ਹਾਦਸੇ ਦਰ ਹਾਦਸੇ ਹੋ ਰਹੇ ਹਨ, ਪਰ ਇਸ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ। ਨਿੱਜੀ ਸਕੂਲ ਅੰਨ੍ਹੇ ਮੁਨਾਫੇ ਦੀ ਦੌੜ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਲਈ ਬੱਚਿਆਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ। ਲੌਂਗੋਵਾਲ ਵਿਖੇ ਹਾਦਸਾ ਇਸ ਕਾਰਨ ਵਾਪਰਿਆ ਕਿਉਂਕਿ ਬੱਚਿਆਂ ਨੂੰ ਲਿਜਾ ਰਹੀ ਵੈਨ ਕਬਾੜ ਵਿੱਚੋਂ ਖਰੀਦੀ ਗਈ ਸੀ। ਸਬੰਧਤ ਅਧਿਕਾਰੀ ਪਤਾ ਨਹੀਂ ਕਿੱਥੇ ਸੁੱਤੇ ਸਨ। ਸਕੂਲ ਪ੍ਰਬੰਧਕ ਬੱਚਿਆਂ ਦੀ ਜਾਨ ਨਾਲ ਖੇਡ ਰਹੇ ਹਨ। ਇਹ ਖੇਡ ਸਰਕਾਰੀ ਸਰਪ੍ਰਸਤੀ ਹੇਠ ਚੱਲਦੀ ਹੈ। ਭ੍ਰਿਸ਼ਟਾਚਾਰ ਦੇ ਚਲਦਿਆਂ ਕੋਈ ਵੀ ਟਰਾਂਸਪੋਰਟ, ਸਿੱਖਿਆ ਜਾਂ ਪੁਲਿਸ ਅਧਿਕਾਰੀ ਨਿੱਜੀ ਸਕੂਲਾਂ ਦੀ ਇਸ ਸਰਗਰਮੀ ਨੂੰ ਠੱਲ੍ਹ ਨਹੀਂ ਪਾਉਂਦਾ। ਬੇਸ਼ਕ ਬੱਚਿਆਂ ਨੂੰ ਸਕੂਲ ਛੱਡਣ ਅਤੇ ਲੈ ਜਾਣ ਲਈ ਪੁਖਤਾ ਪ੍ਰਬੰਧਾਂ ਦੀਆਂ ਸਖਤ ਹਦਾਇਤਾਂ ਹਨ। ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੀ ਕਈ ਵਾਰ ਆਦੇਸ ਜਾਰੀ ਕਰ ਚੁੱਕੀ ਹੈ। ਜੇਕਰ ਨਿਯਮਾਂ ਦੀ ਪਾਲਣਾ ਕੀਤੀ ਗਈ ਹੁੰਦੀ ਤਦ ਲੌਂਗੋਵਾਲ ਦਾ ਹਾਦਸਾ ਕਦੇ ਵੀ ਨਾ ਵਾਪਰਦਾ। ਪੰਜਾਬ ਸਰਕਾਰ ਵੱਲੋਂ ਇਸ ਹਾਦਸੇ ਤੋਂ ਫੌਰੀ ਬਾਅਦ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਹ ਜਾਂਚ ਕਦੋਂ ਪੂਰੀ ਹੋਵੇਗੀ ਕਿਸੇ ਨੂੰ ਨਹੀਂ ਪਤਾ। ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਹੋਵੇਗੀ ਜਾਂ ਨਹੀਂ ਇਸ ਬਾਰੇ ਵੀ ਕੁਝ ਨਹੀਂ ਆਖਿਆ ਜਾ ਸਕਦਾ। ਸਕੂਲ ਪੜ੍ਹਦੇ ਬੱਚਿਆਂ ਦੀ ਸੁਰੱਖਿਆ ਲਈ ਸਖਤ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਸੜਕ ਹਾਦਸਿਆਂ ਨੂੰ ਵੀ ਰੋਕਣ ਲਈ ਵੱਡੀਆਂ ਪਹਿਲਾਂ ਲਈਆਂ ਜਾਣ। ਸਕੂਲੀ ਬੱਚਿਆਂ ਨੂੰ ਲਿਜਾ ਰਹੀਆਂ ਗੱਡੀਆਂ ਦੀ ਸਮੇਂ-ਸਮੇਂ ਸਖਤ ਜਾਂ ਪੜਤਾਲ ਹੋਣੀ ਚਾਹੀਦੀ ਹੈ। ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਰੱਖਿਆ ਜਾਵੇ। ਜੇਕਰ ਸਰਕਾਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਜਿਹੀਆਂ ਘਟਨਾਵਾਂ ਲਈ ਨਿੱਜੀ ਤੌਰ ‘ਤੇ ਜ਼ਿੰਮੇਵਾਰ ਬਣਾਵੇ ਤਾਂ ਇਸ ਦੇ ਕੁਝ ਬੇਹਤਰ ਨਤੀਜੇ ਨਿਕਲ ਸਕਦੇ ਹਨ। ਸਕੂਲ ਟਰਾਂਸਪੋਰਟ ਲਈ ਵਰਤੀਆਂ ਜਾਣ ਵਾਲੀਆਂ ਗੱਡੀਆਂ ਦਾ ਵੇਰਵਾ ਆਨ ਲਾਇਨ ਜਾਰੀ ਕੀਤਾ ਜਾਵੇ ਤਾਂ ਜੋ ਗੱਡੀਆਂ ਦੀ ਹਾਲਤ ਆਦਿ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਮਿਲ ਸਕੇ। ਬੱਚਿਆਂ ਦੇ ਮਾਪਿਆਂ ਨੂੰ ਵੀ ਇਸ ਸਬੰਧ ਵਿੱਚ ਚੌਕਸ ਹੋਣ ਦੀ ਜ਼ਰੂਰਤ ਹੈ। ਮਾਪਿਆਂ ਵੱਲੋਂ ਨਿੱਜੀ ਸਕੂਲਾਂ ਵਿੱਚ ਬੱਚਿਆਂ ਦੀਆਂ ਭਾਰੀ ਫੀਸਾਂ ਅਤੇ ਦਾਖਲੇ ਭਰੇ ਜਾਂਦੇ ਹਨ। ਵਧੀਆ ਟਰਾਂਸਪੋਰਟ ਦੇ ਪ੍ਰਬੰਧ ਲਈ ਵੀ ਉਨ੍ਹਾਂ ਨੂੰ ਕੁਝ ਹੋਰ ਪੈਸੇ ਖਰਚਣੇ ਚਾਹੀਦੇ ਹਨ। ਇਸ ਮਾਮਲੇ ਵਿੱਚ ਕੰਜੂਸੀ ਜਾਨਲੇਵਾ ਹੋ ਸਕਦੀ ਹੈ। ਸਮਾਜ ਸੇਵੀ ਸੰਸਥਾਵਾਂ ਅਤੇ ਮਾਪਿਆਂ ਨੂੰ ਵੀ ਸਬੰਧਤ ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਸਬੰਧੀ ਸਮੇਂ-ਸਮੇਂ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੂੰ ਸਖਤ ਪੇਸ਼ਬੰਦੀ ਕਰਨੀ ਹੋਵੇਗੀ।
– ਬਲਜੀਤ ਸਿੰਘ ਬਰਾੜ