ਕੇਂਦਰ ਸਰਕਾਰ ਦੇ ਸਾਲਾਨਾ ਬਜਟ ਵਿੱਚ ਇਸ ਵਾਰ ਪੰਜਾਬ ਦੀ ਬੁਰੀ ਤਰ੍ਹਾਂ ਅਣਦੇਖੀ ਕੀਤੀ ਗਈ ਹੈ। ਬਜਟ ਵਿੱਚ ਪੰਜਾਬ ਦੀ ਭਲਾਈ ਲਈ ਕੋਈ ਵੀ ਫੰਡ ਨਹੀਂ ਰੱਖਿਆ ਗਿਆ ਅਤੇ ਨਾ ਹੀ ਕਿਸੇ ਯੋਜਨਾ ਵਿੱਚ ਪੰਜਾਬ ਨੂੰ ਸ਼ਾਮਿਲ ਕੀਤਾ ਗਿਆ ਹੈ। ਕੇਂਦਰ ਸਰਕਾਰ ਦਾ ਇਹ ਰਵੱਈਆ ਬਹੁਤ ਹੀ ਮੰਦਭਾਗਾ ਅਤੇ ਨਿਖੇਧੀਯੋਗ ਹੈ। ਪੰਜਾਬ ਇਸ ਸਮੇਂ ਡੂੰਘੇ ਆਰਥਿਕ ਸੰਕਟ ਵਿੱਚੋਂ ਗੁਜਰ ਰਿਹਾ ਹੈ। ਪੰਜਾਬ ਦੀ ਕਿਰਸਾਨੀ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਹੈ। ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਪ੍ਰਵਾਸ ਲਈ ਮਜ਼ਬੂਰ ਹਨ। ਨਸ਼ਿਆਂ ਦੇ ਪ੍ਰਕੋਪ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਝੰਬ ਦਿੱਤਾ ਹੈ। ਇਹ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ ਕੇਂਦਰ ਸਰਕਾਰ ਆਪਣੇ ਬਜਟ ਵਿੱਚ ਕੁਝ ਨਾ ਕੁਝ ਰਾਹਤ ਜ਼ਰੂਰ ਦੇਵੇਗੀ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਪੰਜਾਬ ਨਾਲ ਸਬੰਧਤ ਤਿੰਨ ਮੰਤਰੀ ਨੁਮਾਇੰਦਗੀ ਕਰ ਰਹੇ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਨਾਲ ਸਬੰਧਤ ਕੇਂਦਰੀ ਮੰਤਰੀਆਂ ਵੱਲੋਂ ਬਜਟ ਵਿੱਚ ਪੰਜਾਬ ਨੂੰ ਰਾਹਤ ਦੇਣ ਦਾ ਮੁੱਦਾ ਕਿਉਂ ਨਹੀਂ ਉਠਾਇਆ। ਬਜਟ ਪੇਸ਼ ਹੋਣ ਸਮੇਂ ਅਤੇ ਬਾਅਦ ਵਿੱਚ ਵੀ ਇਨ੍ਹਾਂ ਮੰਤਰੀਆਂ ਵੱਲੋਂ ਕੋਈ ਆਵਾਜ ਨਹੀਂ ਉਠਾਈ ਗਈ। ਪੰਜਾਬ ਵਿੱਚ ਸ਼ਾਇਦ ਕਾਂਗਰਸ ਦੀ ਸਰਕਾਰ ਹੋਣ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਸੂਬੇ ਨੂੰ ਕੋਈ ਰਾਹਤ ਨਹੀਂ ਦੇਣਾ ਚਾਹੁੰਦੀ। ਰਾਜਸੀ ਆਧਾਰ ਉੱਪਰ ਪੰਜਾਬ ਨਾਲ ਇਹ ਇਕ ਵੱਡੀ ਜ਼ਿਆਦਤੀ ਹੈ। ਕੇਂਦਰ ਸਰਕਾਰ ਦੀ ਇਸ ਜ਼ਿਆਦਤੀ ਦੀ ਪੰਜਾਬ ਦੇ ਲੋਕਾਂ ਨੂੰ ਭਾਰੀ ਕੀਮਤ ਤਾਰਨੀ ਪੈ ਰਹੀ ਹੈ। ਦੇਸ਼ ਦੀ ਤਰੱਕੀ ਅਤੇ ਵਿਕਾਸ ਵਿੱਚ ਪੰਜਾਬ ਦਾ ਵੱਡਾ ਯੋਗਦਾਨ ਹੈ। ਸੰਕਟ ਦੇ ਮੌਕੇ ਪੰਜਾਬ ਨੂੰ ਕੇਂਦਰ ਤੋਂ ਰਾਹਤ ਨਾ ਮਿਲਣਾ ਬੇਹੱਦ ਦੁੱਖਦਾਇਕ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਕੇਂਦਰੀ ਬਜਟ ਪੰਜਾਬ ਦੇ ਕਿਸਾਨਾਂ, ਮਜ਼ਦੂਰ, ਗਰੀਬਾਂ ਦੀ ਦਸ਼ਾ ਸੁਧਾਰਨ ਲਈ ਕੋਈ ਯੋਜਨਾ ਪੇਸ਼ ਕਰਦੀ। ਇਸੇ ਤਰ੍ਹਾਂ ਬੇਰੁਜ਼ਗਾਰੀ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਨੂੰ ਪੰਜਾਬ ਨਾਲ ਸਹਿਯੋਗ ਕਰਨਾ ਚਾਹੀਦਾ ਸੀ। ਪੰਜਾਬ ਦੇ ਉਦਯੋਗ ਨੂੰ ਉੱਪਰ ਚੁੱਕਣ ਲਈ ਵੀ ਕੇਂਦਰੀ ਮੱਦਦ ਦੀ ਭਾਰੀ ਜ਼ਰੂਰਤ ਹੈ। ਗੁਆਂਢੀ ਸੂਬਿਆਂ ਨੂੰ ਕੇਂਦਰ ਵੱਲੋਂ ਲਗਾਤਾਰ ਰਾਹਤਾਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਨਾਲ ਇਹ ਵਿਤਕਰਾ ਲਗਾਤਾਰ ਜਾਰੀ ਹੈ। ਗੁਆਂਢੀ ਸੂਬਿਆਂ ਨੂੰ ਦਿੱਤੀਆਂ ਰਿਆਇਤਾਂ ਕਾਰਨ ਪੰਜਾਬ ਦਾ ਉਦਯੋਗ ਉਜੜ ਰਿਹਾ ਹੈ। ਇਸ ਮੁੱਦੇ ਉੱਪਰ ਪੰਜਾਬ ਨਾਲ ਇਨਸਾਫ ਨਹੀਂ ਹੋ ਰਿਹਾ। ਇਕ ਪਾਸੇ ਪੰਜਾਬ ਨੂੰ ਦੇਸ਼ ਦੀ ਖੜਗ ਭੁਜਾ ਆਖਿਆ ਜਾ ਰਿਹਾ ਹੈ। ਦੇਸ਼ ਦੇ ਅੰਨ ਦਾਤੇ ਵਜੋਂ ਵੀ ਚਰਚਾ ਹੁੰਦੀ ਰਹਿੰਦੀ ਹੈ। ਪ੍ਰੰਤੂ ਕੇਂਦਰ ਸਰਕਾਰ ਦਾ ਰਵੱਈਆ ਇਸ ਤੋਂ ਬਿਲਕੁੱਲ ਉਲਟ ਹੈ। ਪੰਜਾਬ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਰਿਹਾ ਹੈ ਜਿਵੇਂ ਉਹ ਕਿਸੇ ਹੋਰ ਦੇਸ਼ ਦਾ ਹਿੱਸਾ ਹੋਵੇ। ਪੰਜਾਬ ਨੂੰ ਭਾਰਤ ਦੀ ਇਕ ਬਸਤੀ ਵਜੋਂ ਹੀ ਖਿਆਲ ਕੀਤਾ ਜਾ ਰਿਹਾ ਹੈ। ਇਸ ਨੀਤੀ ਅਤੇ ਨੀਅਤ ਵਿੱਚ ਤਬਦੀਲੀ ਦੀ ਜ਼ਰੂਰਤ ਹੈ। ਜੇਕਰ ਕੇਂਦਰ ਸਰਕਾਰ ਨੇ ਪੰਜਾਬ ਦੀ ਸਮੇਂ ਸਿਰ ਬਾਂਹ ਨਾ ਫੜੀ ਤਦ ਸੂਬੇ ਦੇ ਹਾਲਾਤ ਬਹੁਤ ਬਦੱਤਰ ਹੋਣ ਦਾ ਖਤਰਾ ਹੈ।
– ਬਲਜੀਤ ਸਿੰਘ ਬਰਾੜ
ਕੇਂਦਰੀ ਬਜਟ ‘ਚ ਪੰਜਾਬ ਦੀ ਅਣਦੇਖੀ



