ਪੰਜਾਬ ‘ਚ ਅਕਾਲੀ ਸਰਕਾਰ ਸਮੇਂ ਸ਼ੁਰੂ ਹੋਇਆ ਕਬੱਡੀ ਵਿਸ਼ਵ ਕੱਪ ਇਕੱਲੇ ਭਾਰਤ ਜਾਂ ਪੰਜਾਬ ਦੇ ਹੀ ਨਹੀ ਬਲਕਿ ਵਿਸ਼ਵ ਦੇ ਨੌਜਵਾਨਾਂ ਨੂੰ ਇਸ ਮਾਂ ਖੇਡ ਵੱਲ ਮੋੜਨ ਲਈ ਇੱਕ ਵੱਡਾ ਉਦਮ ਸੀ, ਪਹਿਲੇ ਕਬੱਡੀ ਵਿਸ਼ਵ ਕੱਪ ਦੇ ਮੈਚਾਂ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ, ਉਤਸ਼ਾਹ ਕਾਫੀ ਸੀ ਕਿਉਂਕਿ ਕ੍ਰਿਕਟ ਦੀ ਸ਼ੌਕੀਨ ਹੋਈ ਦੁਨੀਆਂ ਲਈ ਇਹ ਇੱਕ ਨਵਾਂ ਖੇਡ ਕੁੰਭ ਸੀ ਅਤੇ ਉਹ ਵੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ। ਪਹਿਲੇ ਵਿਸ਼ਵ ਕੱਪ ਦਾ ਫਾਈਨਲ ਭਾਰਤ ਦੀ ਟੀਮ ਨੇ ਜਿੱਤਿਆ ਅਤੇ ਉਸ ਤੋਂ ਬਾਅਦ ਹੁਣ ਤੱਕ ਹੋਏ ਕਬੱਡੀ ਵਿਸ਼ਵ ਕੱਪ ਭਾਰਤ ਦੀ ਟੀਮ ਹੀ ਜਿੱਤਦੀ ਆਈ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬੀਆਂ ਦੀ ਇਸ ਮਾਂ ਖੇਡ ਕਬੱਡੀ ਨੂੰ ਸੰਸਾਰ ਪੱਧਰ ‘ਤੇ ਇੱਕ ਵੱਡੀ ਪਹਿਚਾਣ ਮਿਲੀ ਹੈ ਜਿਸ ਦੀ ਉਦਾਹਰਣ ਇਹ ਹੈ ਕਿ ਕਈ ਗੋਰੇ ਨੌਜਵਾਨ ਵੀ ਇਸ ਖੇਡ ਨੂੰ ਖੇਡਣ ਵੱਲ ਪ੍ਰੇਰਿਤ ਹੋਏ ਹਨ। ਵਿਸ਼ਵ ਕੱਪ ਤੋਂ ਭਾਵ ਪੂਰੀ ਦੁਨੀਆਂ ਨੂੰ ਸ਼ਾਮਿਲ ਹੋਣ ਦਾ ਸੱਦਾ ਦੇਣ ਵਾਲਾ ਕੋਈ ਖੇਡ ਮੁਕਬਲਾ ਹੁੰਦਾ ਹੈ, ਹੁਣ ਤੱਕ ਹੋਏ ਕਬੱਡੀ ਵਿਸ਼ਵ ਕੱਪਾਂ ‘ਚ ਅਲੱਗ ਅਲੱਗ ਦੇਸ਼ਾਂ ਦੀਆਂ ਕਬੱਡੀ ਟੀਮਾਂ ਤਾਂ ਜਰੂਰ ਆਈਆਂ ਹਨ ਪਰ ਭਾਰਤ ਦੀ ਟੀਮ ਵੱਲ ਜੇਕਰ ਨਜ਼ਰ ਮਾਰੀਏ ਤਾਂ ਇਹ ਭਾਰਤ ਦੀ ਘੱਟ ਇਕੱਲੇ ਪੰਜਾਬ ਦੀ ਟੀਮ ਜ਼ਿਆਦਾ ਲੱਗਦੀ ਹੈ, ਜਿਵੇਂ ਇਹ ਟੀਮ ਵਿਸ਼ਵ ਕੱਪ ਲਈ ਨਹੀ ਬਲਕਿ ਕਿਸੇ ਘਰੇਲੂ ਮੁਕਾਬਲੇ ਲਈ ਤਿਆਰ ਕੀਤੀ ਗਈ ਹੋਵੇ। ਭਾਰਤ ਨਾਂਅ ਕਈ ਸੂਬਿਆਂ ਨੂੰ ਮਿਲਾ ਕੇ ਬਣਿਆ ਹੈ ਅਤੇ ਕੋਈ ਇਕੱਲਾ ਸੂਬਾ ਆਪਣੇ ਆਪ ਨੂੰ ਭਾਰਤ ਦੀ ਨੁੰਮਾਇੰਦਗੀ ਕਰਨ ਦੀ ਗੱਲ ਕਹੇ, ਸਹੀ ਨਹੀ ਲੱਗਦਾ।
ਵਿਸ਼ਵ ਕੱਪ ਲਈ ਭਾਰਤੀ ਕਬੱਡੀ ਟੀਮ ਤਿਆਰ ਕਰਦੇ ਸਮੇਂ ਉਸ ਸੂਬੇ ‘ਚੋਂ ਦੋ ਚਾਰ ਖਿਡਾਰੀ ਵੀ ਨਾ ਮਿਲਣ ਬੜੀ ਹੈਰਾਨੀ ਦੀ ਗੱਲ ਐ। ਭਾਰਤ ਦੇ ਕਈ ਰੁਸਤਮੇ ਹਿੰਦ ਪਹਿਲਵਾਨ ਪੰਜਾਬ ਤੋਂ ਬਾਹਰਲੇ ਸੂਬਿਆਂ ‘ਚੋਂ ਹੋਏੇ ਹਨ ਫਿਰ ਕਿ ਉੱਥੇ ਕਬੱਡੀ ਟੀਮ ਤਿਆਰ ਕਰਦੇ ਸਮੇਂ ਕਾਬਿਲ ਅਤੇ ਤਕੜੇ ਸ਼ਰੀਰਾਂ ਵਾਲੇ ਨੌਜਵਾਨਾਂ ਦੀ ਘਾਟ ਹਉ, ਗੱਲ ਸੋਚਣ ਵਾਲੀ ਹੈ। ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੀ ਕਬੱਡੀ ਵਿਸ਼ਵ ਕੱਪ ਲਈ ਤਿਆਰ ਕੀਤੀ ਜਾਣ ਵਾਲੀ ਟੀਮ ਲਈ ਖਿਡਾਰੀਆਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ ਨਹੀ ਤਾਂ ਇਹ ਇਸ ਤਰਾਂ ਲੱਗਣ ਲੱਗ ਜਾਵੇਗਾ ਜਿਵੇਂ ਇਹ ਭਾਰਤ ਦੀ ਨਹੀ ਇਕੱਲੇ ਪੰਜਾਬ ਦੀ ਹੀ ਟੀਮ ਹੋਵੇ। ਇਸੇ ਤਰਾਂ ਦੂਜੇ ਦੇਸ਼ਾਂ ਤੋਂ ਵਿਸ਼ਵ ਕਬੱਡੀ ਕੱਪ ‘ਚ ਹਿੱਸਾ ਲੈਣ ਆਉਂਦੀਆ ਟੀਮਾਂ ‘ਚ ਜ਼ਿਆਦਾਤਰ ਉੱਥੇ ਜਾ ਕੇ ਵੱਸੇ ਪੰਜਾਬੀ ਪਰਿਵਾਰਾਂ ਦੇ ਹੀ ਨੌਜਵਾਨ ਹੁੰਦੇ ਹਨ ਜਿਸ ਤੋਂ ਇਹ ਸਾਫ ਸਿੱਧ ਹੋ ਜਾਂਦਾ ਹੈ ਕਿ ਅਜੇ ਇਹ ਖੇਡ ਪੰਜਾਬੀਆਂ ਤੱਕ ਹੀ ਸੀਮਤ ਹੈ ਬਾਹਰਲੇ ਲੋਕ ਇਸ ਤੋਂ ਅਜੇ ਪੂਰੀ ਤਰਾਂ ਜਾਣੂ ਨਹੀ ਹਨ।
ਵਿਸ਼ਵ ਪੱਧਰ ‘ਤੇ ਕਿਸੇ ਵੀ ਖੇਡ ਦਾ ਨਾਂਅ ਬਣਾਉਣ ਲਈ ਪਹਿਲਾਂ ਉਸ ਦੀ ਪਹਿਚਾਣ ਉਸ ਦੀ ਮਾਂ ਭੂੰਮੀ ‘ਤੇ ਹੋਣੀ ਬਹੁਤ ਜਰੂਰੀ ਹੈ, ਜਿਸ ਖੇਡ ਨੂੰ ਹਾਲੇ ਪੂਰੇ ਭਾਰਤ ਦੇ ਲੋਕ ਹੀ ਨਹੀ ਜਾਣਦੇ ਉਸ ਨੂੰ ਵਿਸ਼ਵ ਪੱਧਰ ‘ਤੇ ਚਮਕਾਉਣ ਦੀ ਗੱਲ ਕਰਨਾ ਮਹਿਜ਼ ਲੋਕਾਂ ਦੇ ਦਿੱਲਾਂ ਨੂੰ ਕੁੱਝ ਪੱਲ ਲਈ ਟੁੰਬਣ ਵਾਲੀ ਗੱਲ ਹੈ। ਵੋਟਾਂ ਦੇ ਨੇੜੇ ਆ ਕੇ ਜਾਂ ਫਿਰ ਪੇਂਡੂ ਲੋਕਾਂ ‘ਚ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਲਈ ਕਬੱਡੀ ਮਾਂ ਖੇਡ ਦਾ ਵਿਸ਼ਵ ਕੱਪ ਕਰਵਾ ਦੇਣਾ ਜਾਂ ਫਿਰ ਖਿਡਾਰੀਆਂ ਨੁੰੰ ਨੌਕਰੀਆਂ ਦੇ ਕੇ ਲੋਕਾਂ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕਰਨਾ ਕਿ ਨੌਜਵਾਨਾਂ ਨੁੰੰ ਖੇਡਾਂ ‘ਚ ਮੱਲਾਂ ਮਾਰਨ ਸਦਕਾ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਇਸ ਖੇਡ ਨੂੰ ਵਿਸ਼ਵ ਪੱਧਰੀ ਪਹਿਚਾਣ ਦੇਣ ‘ਚ ਅੜਿੱਕਾ ਬਣੇਗਾ। ਬਿਨਾਂ ਪੱਖਪਾਤ ਤੋਂ ਟੀਮ ਦੀ ਚੋਣ, ਜਾਣ ਪਹਿਚਾਣ ਜਾਂ ਨਿੱਜੀ ਮੁਲ੍ਹਾਜ਼ੇਦਾਰੀਆਂ ਨੂੰ ਪਿੱਛੇ ਰੱਖ ਕੇ ਕਾਬਿਲ ਅਤੇ ਯੋਗ ਖਿਡਾਰੀਆਂ ਨੂੰ ਟੀਮ ‘ਚ ਮੌਕਾ ਦੇਣ ਵਾਲੀ ਚੋਣ ਇਸ ਮਾਂ ਖੇਡ ਨੂੰ ਹੋਰ ਬੁਲੰਦੀਆਂ ‘ਤੇ ਲੈ ਜਾਵੇਗੀ। ਆਪਣੇ ਮੁੱਢਲੇ ਪੜਾਅ ਨੂੰ ਸਫਲਤਾ ਨਾਲ ਤੈਅ ਕਰਨ ਵਾਲੀ ਸਾਡੀ ਮਾਂ ਖੇਡ ਕਬੱਡੀ ਨੇ ਅਜੇ ਬਹੁਤ ਅੱਗੇ ਜਾਣਾ ਹੈ ਪਰ ਉਸ ਲਈ ਸਾਨੂੰ ਬਹੁਤ ਕੁੱਝ ਕਰਨ ਦੀ ਲੋੜ ਹੈ। ਬਿਨਾਂ ਪੱਖਪਾਤ ਤੋਂ ਖਿਡਾਰੀਆਂ ਦੀ ਚੋਣ ਕਰਨਾ, ਭਾਰਤ ਦੇ ਅਲੱਗ ਅਲੱਗ ਸੂਬਿਆਂ ਤੋਂ ਖਿਡਾਰੀਆਂ ਦੀ ਸ਼ਮੂਲੀਅਤ ਕਰਵਾਉਣੀ ਅਤੇ ਹਰ ਯੋਗ ਖਿਡਾਰੀ ਨਾਲ ਚੋਣ ਸਮੇਂ ਇਨਸਾਫ ਕਰਨਾ ਬੇਹੱਦ ਜਰੂਰੀ ਹੈ, ਅੱਜ ਕਈ ਯੋਗ ਖਿਡਾਰੀ ਇਸ ਖੇਡ ਵਿਚਲੀ ਕੀਤੇ ਨਾ ਕੀਤੇ ਹੁੰਦੀ ਬੇਇਨਸਾਫੀ ਜਾਂ ਸਿਆਸਤ ਕਾਰਨ ਖੇਡਣੋਂ ਖੁੰਝੇ ਘਰੇ ਬੈਠੇ ਹਨ। ਵਿਸ਼ਵ ਕੱਪ ਨਾਂਅ ਰੱਖਣਾ ਇਸ ਖੇਡ ਲਈ ਮਾਣ ਵਾਲੀ ਗੱਲ ਹੈ ਪਰ ਕੀ ਅਸੀਂ ਵਿਸ਼ਵ ਕੱਪ ਕਰਵਾਉਣ ਲੱਗੇ ਵਾਕਿਆ ਹੀ ਇਸ ਖੇਡ ਨੂੰ ਵਿਸ਼ਵ ਕੱਪ ਪੱਧਰ ਦੀ ਖੇਡ ਬਣਾਉਣ ਲਈ ਇਮਾਨਦਾਰ ਯਤਨ ਕੀਤੇ ਜਾਣ।
ਵਿਸ਼ਵ ਕਬੱਡੀ ਕੱਪ ਜਾਂ ਘਰੇਲੂ ਕੱਪ?



