Skip to content
Independent perspectives. Global stories.
BREAKING

ਮਹਾਂ-ਮਹਿਮ ਦਾ ਭਾਵਪੂਰਤ ਸੁਨੇਹਾ

Share this story

ਦੇਸ਼ ਦੇ ਰਾਸ਼ਟਰਪਤੀ ਮਾਣਯੋਗ ਮਹਾਂ-ਮਹਿਮ ਸ਼੍ਰੀ ਰਾਮਨਾਥ ਕੋਵਿੰਦ ਨੇ ਇਸ ਵਾਰ 71ਵੇਂ ਗਣਤੰਤਰ ਦਿਵਸ ਉੱਪਰ ਬਹੁਤ ਹੀ ਭਾਵਪੂਰਤ ਸੁਨੇਹਾ ਦੇਸ਼ ਵਾਸੀਆਂ ਨੂੰ ਦਿੱਤਾ ਹੈ। ਬੇਸ਼ਕ ਇਹ ਇਕ ਰਵਾਇਤ ਹੀ ਹੈ ਪ੍ਰੰਤੂ ਰਾਸ਼ਟਰਪਤੀ ਹਰ ਵਾਰ ਵੱਖਰੀ ਅਤੇ ਢੁੱਕਵੀਂ ਗੱਲ ਕਰਦੇ ਹਨ। ਉਨ੍ਹਾਂ ਨੇ ਇਸ ਵਾਰ ਆਪਣੇ ਸੁਨੇਹੇ ਵਿੱਚ ਆਮ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਆਖਿਆ ਹੈ ਕਿ ਉਹ ਸੰਘਰਸ਼ ਦੇ ਦੌਰਾਨ ਵੀ ਅਹਿੰਸਾ ਦੇ ਮੰਤਰ ਨੂੰ ਨਾ ਭੁੱਲਣ। ਉਨ੍ਹਾਂ ਸਮਾਜਿਕ ਅਤੇ ਆਰਥਿਕ ਉਦੇਸ਼ ਹਾਸਲ ਕਰਨ ਲਈ ‘ਸੰਵਿਧਾਨਕ ਤਰੀਕਿਆਂ ‘ਤੇ ਮਜ਼ਬੂਤੀ ਨਾਲ ਪਹਿਰਾ’ ਦੀ ਵਕਾਲਤ ਕੀਤੀ ਹੈ। ਦੇਸ਼ ਦੇ ਮੌਜੂਦਾ ਹਾਲਾਤਾਂ ਦੇ ਸੰਦਰਭ ਵਿੱਚ ਉਨ੍ਹਾਂ ਦਾ ਇਹ ਸੁਨੇਹਾ ਬੇਹੱਦ ਅਹਿਮ ਹੈ। ਆਧੁਨਿਕ ਭਾਰਤ ਤਿੰਨ ਅੰਗਾਂ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ‘ਤੇ ਆਧਾਰਿਤ ਹੈ ਜੋ ਆਪਸ ‘ਚ ਜੁੜੇ ਹੋਏ ਹਨ ਅਤੇ ਇਕ-ਦੂਜੇ ‘ਤੇ ਨਿਰਭਰ ਹਨ। ਤਿੰਨਾਂ ਅੰਗਾਂ ਦਾ ਤਾਲਮੇਲ ਬੇਹੱਦ ਜ਼ਰੂਰੀ ਹੈ। ਰਾਸ਼ਟਰਪਤੀ ਵੱਲੋਂ ਦੇਸ਼ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਵਿੱਚ ਅਗਵਾਈ ਦਿੱਤੀ ਗਈ ਹੈ। ਉਨ੍ਹਾਂ ਦਾ ਇਹ ਕਹਿਣਾ ਬਿਲਕੁੱਲ ਦਰੁਸਤ ਹੈ ਕਿ ਸਰਕਾਰ ਅਤੇ ਵਿਰੋਧੀ ਧਿਰ ਦੋਹਾਂ ਨੂੰ ਆਪਣੇ-ਆਪਣੇ ਵਿਚਾਰ ਪ੍ਰਗਟਾਉਂਦਿਆਂ ਤਾਲ ਨਾਲ ਤਾਲ ਮਿਲਾ ਕੇ ਅੱਗੇ ਵੱਧਣਾ ਚਾਹੀਦਾ ਹੈ। ਮੁਲਕ ਦੇ ਵਿਕਾਸ ਅਤੇ ਲੋਕ ਭਲਾਈ ਲਈ ਕਾਰਜ ਤਦ ਹੀ ਬੇਹੱਤਰ ਤਰੀਕੇ ਨਾਲ ਹੋ ਸਕਦੇ ਹਨ ਜੇਕਰ ਵਿਚਾਰਾਂ ਦੇ ਟਕਰਾਅ ਦੌਰਾਨ ਵੀ ਅਹਿੰਸਾ ਦੇ ਮਾਰਗ ਉੱਪਰ ਕਾਇਮ ਰਿਹਾ ਜਾਵੇ। ਬੇਸ਼ੱਕ ਉਨ੍ਹਾਂ ਦੇ ਸੁਨੇਹੇ ਦੇ ਸਿਆਸੀ ਅਰਥ ਵੀ ਕੱਢੇ ਜਾ ਰਹੇ ਹਨ ਪ੍ਰੰਤੂ ਮਹਾਂ-ਮਹਿਮ ਵੱਲੋਂ ਜਾਰੀ ਕੀਤੇ ਗਏ ਇਸ ਸੰਦੇਸ਼ ਨੂੰ ਦੇਸ਼ ਭਲਾਈ ਦੇ ਮਕਸਦ ਵਜੋਂ ਹੀ ਤਸਲੀਮ ਕੀਤਾ ਜਾਣਾ ਚਾਹੀਦਾ ਹੈ। ਸੰਵਿਧਾਨ ਆਜ਼ਾਦ ਲੋਕਰਾਜੀ ਮੁਲਕ ਦੇ ਸਾਰੇ ਨਾਗਰਿਕਾਂ ਨੂੰ ਅਧਿਕਾਰ ਦਿੰਦਾ ਹੈ, ਪਰ ਉਨ੍ਹਾਂ ‘ਤੇ ਲੋਕਤੰਤਰ ਦੇ ਸਿਧਾਂਤਾਂ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰਕ ਸਾਂਝ ਦੀ ਜ਼ਿੰਮੇਵਾਰੀ ਵੀ ਹੈ। ਰਾਸ਼ਟਰਪਤੀ ਵੱਲੋਂ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਅਹਿਮ ਅਤੇ ਜ਼ਰੂਰੀ ਕਰਾਰ ਦਿੱਤਾ ਗਿਆ ਹੈ ਅਤੇ ਇਸ ਦੀ ਮਜ਼ਬੂਤੀ ਲਈ ਸਰਕਾਰ ਨੂੰ ਠੋਸ ਕਦਮ ਚੁੱਕਣ ਦਾ ਸੁਝਾਅ ਦਿੱਤਾ ਹੈ। ਰਾਸ਼ਟਰਪਤੀ ਦੇਸ਼ ਸਮੁੱਚੇ ਸੁਨੇਹੇ ਵਿੱਚ ਦੇਸ਼ ਦੇ ਹਿੱਤਾਂ ਨੂੰ ਹੀ ਪ੍ਰਮੁੱਖਤਾ ਦਿੱਤੀ ਗਈ ਹੈ। ਉਨ੍ਹਾਂ ਨੇ ਕੋਈ ਵੀ ਅਜਿਹਾ ਸ਼ਬਦ ਨਹੀਂ ਬੋਲਿਆ ਜਿਸ ਨਾਲ ਦੇਸ਼ ਦੇ ਕਿਸੇ ਵਰਗ ਜਾਂ ਧਿਰ ਨੂੰ ਕੋਈ ਠੇਸ ਪਹੁੰਚਦੀ ਹੋਵੇ। ਉਨ੍ਹਾਂ ਵੱਲੋਂ ਸੁਝਾਏ ਗਏ ਨੁਕਤੇ ਹਰ ਦੇਸ਼ ਵਾਸੀ ਲਈ ਵੱਡੀ ਅਹਿਮੀਅਤ ਰੱਖਦੇ ਹਨ। ਰਾਸ਼ਟਰ ਨੂੰ ਮਹਾਂ-ਮਹਿਮ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਮੌਜੂਦਾ ਅਰਾਜਕਤਾ ਵਾਲੇ ਹਾਲਾਤਾਂ ਵਿੱਚ ਸਹੀ ਦਿਸ਼ਾ ਵੱਲ ਤੁਰਨ ਦੀ ਸਲਾਹ ਦਿੱਤੀ ਹੈ।
– ਬਲਜੀਤ ਸਿੰਘ ਬਰਾੜ

WRITTEN BY