Skip to content
Independent perspectives. Global stories.
BREAKING

ਭਾਰਤ ‘ਚ ਭੁੱਖਮਰੀ ਦਾ ਦੌਰ ਜਾਰੀ

Share this story

ਅੰਗਰੇਜ਼ੀ ਰਾਜ ਤੋਂ ਮੁਕਤੀ ਦੇ ਸੱਤ ਦਹਾਕਿਆਂ ਬਾਅਦ ਵੀ ਭਾਰਤ ਦੇ ਲੋਕ ਗਰੀਬੀ ਅਤੇ ਭੁੱਖਮਰੀ ਦਾ ਸ਼ਿਕਾਰ ਹਨ। ਨੇਤਾਵਾਂ ਅਤੇ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਉੱਪਰ ਨਹੀਂ ਉੱਠ ਸਕਿਆ। ਅੱਜ ਵੀ ਭਾਰਤ ਸੰਸਾਰ ਦੇ ਗਰੀਬ ਅਤੇ ਭੁੱਖਮਰੀ ਦੇ ਸ਼ਿਕਾਰ ਦੇਸ਼ਾਂ ਵਿੱਚੋਂ ਸਭ ਤੋਂ ਉੱਪਰ ਸ਼ੁਮਾਰ ਹੋ ਰਿਹਾ ਹੈ। ‘ਗਲੋਬਲ ਹੰਗਰ ਇੰਡੈਕਸ’ (ਵਿਸ਼ਵ ਭੁੱਖ ਸੂਚਕ ਅੰਕ) ਦੇ ਮੁਤਾਬਿਕ ਭੁੱਖਮਰੀ ਦੇ ਪੱਖੋਂ ਭਾਰਤ ਦੁਨੀਆ ਦੇ 117 ਦੇਸ਼ਾਂ ‘ਚੋਂ 107ਵੇਂ ਨੰਬਰ ‘ਤੇ ਹੈ। ਇਹ ਬੇਹੱਦ ਦੁਖਦ ਹਾਲਾਤ ਹਨ ਕਿ ਭਾਰਤ ‘ਚ 5 ਸਾਲਾਂ ਤੋਂ ਘੱਟ ਉਮਰ ਵਾਲੇ ਬੱਚਿਆਂ ‘ਚੋਂ 37.05 ਪ੍ਰਤੀਸ਼ਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਇਨ੍ਹਾਂ ਵਿੱਚੋਂ 10 ਲੱਖ ਬੱਚੇ 5 ਸਾਲਾਂ ਦੀ ਉਮਰ ਤੱਕ ਪੁੱਜਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਭਾਰਤ ਦੁਨੀਆ ਦੇ ਸਭ ਤੋਂ ਵੱਧ ਭੁੱਖਮਰੀ ਦਾ ਸ਼ਿਕਾਰ ਪਹਿਲੇ 20 ਦੇਸ਼ਾਂ ‘ਚ ਸ਼ਾਮਿਲ ਹੈ। ਸੰਸਾਰ ਵਿੱਚ ਭੁੱਖਮਰੀ ਦੇ ਪੱਖੋਂ ਜਿਨ੍ਹਾਂ 45 ਦੇਸ਼ਾਂ ਦੀ ਹਾਲਤ ਕਾਫ਼ੀ ਨਾਜੁਕ ਹੈ, ਉਨ੍ਹਾਂ ਵਿਚ ਭਾਰਤ ਨਾਮ ਪ੍ਰਮੁੱਖ ਤੌਰ ‘ਤੇ ਲਿਆ ਜਾ ਰਿਹਾ ਹੈ। ਇਕ ਅਨੁਮਾਨ ਮੁਤਾਬਿਕ ਦੇਸ਼ ਵਿੱਚ ਹਰ ਚੌਥੇ ਨਾਗਰਿਕ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਭਾਰਤ ‘ਚ ਪੈਦਾ ਹੁੰਦੇ ਅਨਾਜ ਦਾ 40 ਫੀਸਦੀ ਹਿੱਸਾ ਬੇਕਾਰ ਚਲਿਆ ਜਾਂਦਾ ਹੈ। ਹਰ ਸਾਲ 6700 ਕਰੋੜ ਕਿੱਲੋ ਖਾਣਾ ਵੀ ਬਰਬਾਦ ਕਰ ਦਿੱਤਾ ਜਾਂਦਾ ਹੈ। ਇਸ ਨਾਲ ਗਰੀਬੀ ਰੇਖਾ ਤੋਂ ਹੇਠ ਰਹਿੰਦੇ 26 ਕਰੋੜ ਲੋਕਾਂ ਦਾ 6 ਮਹੀਨੇ ਲਈ ਪੇਟ ਭਰਿਆ ਜਾ ਸਕਦਾ ਹੈ। ਦੁਰਪ੍ਰਬੰਧਾਂ ਕਾਰਨ ਭਾਰਤ ‘ਚ ਹਰ ਸਾਲ 2100 ਕਰੋੜ ਕਿੱਲੋ ਕਣਕ ਖ਼ਰਾਬ ਹੋ ਜਾਂਦੀ ਹੈ। ਹਰ ਸਾਲ 23 ਮਿਲੀਅਨ ਟਨ ਦਾਲਾਂ, 12 ਮਿਲੀਅਨ ਟਨ ਫਲ, 21 ਮਿਲੀਅਨ ਟਨ ਸਬਜ਼ੀਆਂ ਲੋੜਵੰਦ ਲੋਕਾਂ ਕੋਲ ਨਹੀਂ ਪਹੁੰਚਦੀਆਂ ਸਗੋਂ ਖ਼ਰਾਬ ਹੋ ਜਾਂਦੀਆਂ ਹਨ। ਕਿਸਾਨਾਂ ਵੱਲੋਂ ਮਿਹਨਤ ਨਾਲ ਪੈਦਾ ਕੀਤਾ ਗਿਆ ਅਨਾਜ ਗੋਦਾਮਾਂ ਵਿੱਚ ਸੜ ਜਾਂਦਾ ਹੈ ਪ੍ਰੰਤੂ ਇਹ ਲੋੜਵੰਦ ਅਤੇ ਭੁੱਖਮਰੀ ਦੇ ਸ਼ਿਕਾਰ ਲੋਕਾਂ ਤੱਕ ਨਹੀਂ ਪਹੁੰਚਦਾ। ਇਸ ਸਥਿਤੀ ਲਈ ਸਿੱਧੇ ਤੌਰ ‘ਤੇ ਸਰਕਾਰਾਂ ਜ਼ਿੰਮੇਵਾਰ ਹਨ। ਲਾਜਮੀ ਤੌਰ ‘ਤੇ ਇਸ ਪ੍ਰਬੰਧ ਵਿੱਚ ਬਦਲਾਅ ਦੀ ਜ਼ਰੂਰਤ ਹੈ। ਦੇਸ਼ ਵਿੱਚ ਘੱਟੋ-ਘੱਟ ਹਰ ਨਾਗਰਿਕ ਲਈ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਨੂੰ ਇਸ ਮਕਸਦ ਲਈ ਨਵੀਂ ਯੋਜਨਾਬੰਦੀ ਤਿਆਰ ਕਰਨੀ ਚਾਹੀਦੀ ਹੈ। ਅਨਾਜ ਅਤੇ ਖਾਣੇ ਦੀ ਬੇਕਦਰੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

WRITTEN BY