Skip to content
Independent perspectives. Global stories.
BREAKING

ਪੰਜਾਬੀ ਅਦਬ ਦਾ ਸੱਗੀ ਫ਼ੁੱਲ ‘ਗੁਰਦਿਆਲ ਸਿੰਘ’

Share this story

ਘਰ ਦੇ ਹਾਲਾਤ ਕਾਰਨ ਮਿਸਤਰੀਆਂ ਦਾ ਇੱਕ ਮੁੰਡਾ ਸਕੂਲ ਦੀ ਪੜ੍ਹਾਈ ਛੱਡ ਪਿਓ ਦਾਦੇ ਦੇ ਕੰਮ ਵਿਚ ਹੱਥ ਵਟਾਉਣ ਲੱਗ ਜਾਂਦੈ ਪਰ ਪੜ੍ਹਨ ਦੀ ਰੀਝ ਉਹਦੇ ਅੰਦਰੋਂ ਮਰਦੀ ਨਹੀਂ। ਸੰਜੋਗ ਵੱਸ ਇੱਕ ਸੁਹਿਰਦ ਅਧਿਆਪਕ ਦਾ ਸੁਚੱਜਾ ਮਾਗਰਦਸ਼ਰਨ ਉਸ ਨੂੰ ਵਰਕਸ਼ਾਪ ਤੋਂ ਮੁੜ ਸਕੂਲ ਲੈ ਜਾਂਦੈ। ਇਹ ਬੱਚਾ ਪੜ੍ਹਦਾ ਲਿਖਦਾ ਹੈ, ਸਕੂਲ ਅਧਿਆਪਕ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਦੇ ਮੁਖੀ ਵਜੋਂ ਸੇਵਾ ਮੁਕਤੀ ਹੁੰਦੈ। ਆਪਣੇ ਇਸੇ ਸਫ਼ਰ ਦੇ ਦੌਰਾਨ ਉਹਦੇ ਅੰਦਰ ਕਈ ਕਲਾਵਾਂ ਮੌਲਦੀਆਂ ਹਨ, ਉਹ ਗੁਰਦੁਆਰੇ ਵਿਚ ਕੀਰਤਨ ਕਰਦਾ, ਚਿੱਤਰਕਾਰੀ ਕਰਦਾ ਤੇ ਕਹਾਣੀਆਂ ਲਿਖਦਾ । ਅੱਗੇ ਜਾਕੇ ਲਿਖਣ ਵਾਲਾ ਸਫ਼ਰ ਨਿਰੰਤਰਤਾ ਅਖ਼ਤਿਆਰ ਕਰਦੈ ਤੇ ਉਹੀ ਲੜਕਾ ਪੰਜਾਬੀ ਦੇ ਵੱਡੇ ਨਾਵਲਕਾਰ ਵਜੋਂ ਸੰਸਾਰ ਭਰ ਵਿਚ ਨਾਮਣਾ ਖੱਟਦੈ। ਪੰਜਾਬੀ ਦੇ ਨਾਲ ਨਾਲ ਉਹ ਹੋਰਾਂ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ਵਿਚ ਵੱਡੇ ਪੱਧਰ ‘ਤੇ ਪੜ੍ਹਿਆ ਜਾਂਦੈ। ਭਾਰਤ ਵਿਚ ਸਾਹਿਤ ਦਾ ਸਭ ਤੋਂ ਵੱਡਾ ਸਨਮਾਨ ਗਿਆਨਪੀਠ ਉਸ ਦੀ ਝੋਲੀ ਪੈਂਦੈ ਤੇ ਨਾਲ ਹੀ ਭਾਰਤ ਸਰਕਾਰ ਪਦਮ ਸ੍ਰੀ ਦੇ ਖਿਤਾਬ ਨਾਲ ਉਸ ਦਾ ਮਾਣ ਕਰਦੀ ਹੈ। ਇਹ ਮੁੰਡਾ ਸੀ ਗੁਰਦਿਆਲ ਸਿੰਘ, ਜਿਨ੍ਹਾਂ ਨੇ ਪੰਜਾਬੀ ਕਹਾਣੀ ਤੇ ਖਾਸ ਕਰਕੇ ਨਾਵਲ ਨੂੰ ਨਵੀਂ ਲੀਹ ਵੀ ਦਿੱਤੀ।
ਗੁਰਦਿਆਲ ਸਿੰਘ ਨੇ ਪੰਜਾਬੀ ਕਹਾਣੀ ਤੇ ਨਾਵਲ ਦੇ ਪੱਧਰ ਨੂੰ ਉਚੇਰਾ ਚੁੱਕਣ ਵਿਚ ਕਦੇ ਨਾ ਵਿਸਾਰਿਆ ਜਾਣ ਵਾਲਾ ਕਾਰਜ ਕੀਤੈ। ਗੁਰਦਿਆਲ ਸਿੰਘ ਨੇ ਪਰੀ ਕਹਾਣੀਆਂ ਜਾਂ ਸੁਆਦਲੀਆਂ ਕਹਾਣੀਆਂ ਨਾਲ ਆਪਣੀਆਂ ਕਿਤਾਬਾਂ ਦੀ ਗਿਣਤੀ ਨਹੀਂ ਵਧਾਈ, ਸਗੋਂ ਉਸ ਨੇ ਸਮਾਜ ਤੇ ਅਣਹੋਏ ਤੇ ਅਣਗੌਲੇ ਪਾਤਰਾਂ ਨੁੰ ਆਪਣੀਆਂ ਸਾਹਿਤਕ ਕ੍ਰਿਤਾਂ ਦੇ ਕੇਂਦਰ ਵਿਚ ਸਥਾਨ ਦੇ ਕੇ ਆਪਣੀ ਵਿਲੱਖਣ ਪਹਿਚਾਣ ਸਿਰਜੀ। ਆਮ ਲੋਕਾਈ ਦੇ ਜੀਵਨ ਯਥਾਰਥ ਦੀ ਸ਼ਿਖਰ ਛੂੰਹਦੀ ਪੇਸ਼ਕਾਰੀ ਸਕਦੇ ਉਹ ਪੰਜਾਬੀ ਵਿਚ ਹੀ ਨਹੀਂ, ਸਗੋਂ ਹਿੰਦੀ, ਹੋਰ ਭਾਰਤੀ ਭਾਸ਼ਾਵਾਂ, ਅੰਗਰੇਜ਼ੀ ਤੇ ਰੂਸੀ ਭਾਸ਼ਾ ਵਿਚ ਵੀ ਸ਼ਿੱਦਤ ਨਾਲ ਪੜ੍ਹਿਆ ਤੇ ਸਵੀਕਾਰਿਆ ਗਿਆ। ਉਹਨਾਂ ਨੇ ਸਾਹਿਤ ਦਾ ਸਾਰਿਆਂ ਤੋਂ ਪ੍ਰਤਿਸ਼ਠ ਸਨਮਾਨ ਗਿਆਨਪੀਠ ਐਵਾਰਡ ਪੰਜਾਬੀ ਬੋਲੀ ਦੀ ਝੋਲੀ ਪੁਆਇਆ। 10 ਜਨਵਰੀ 1933 ਨੂੰ ਗੁਰਦਿਆਲ ਸਿੰਘ ਦਾ ਜਨਮ ਆਪਣੇ ਨਾਨਕਾ ਪਿੰਡ ਭੈਣੀ ਫੱਤਾ ਵਿਖੇ ਹੋਇਆ, ਉਹਨਾਂ ਦੇ ਪੁਰਖਿਆਂ ਦਾ ਪਿੰਡ ਜੈਤੋ ਨੇੜੇ ਡੇਲਿਆਂਵਾਲੀ ਹੈ। ਗੁਰਦਿਆਲ ਸਿੰਘ ਨੇ ਸਵਾ ਕੁ ਅੱਠ ਦਹਾਕੇ ਦਾ ਜੀਵਨ ਜੈਤੋ ਵਿਖੇ ਹੰਢਾਇਆ।
ਗੁਰਦਿਆਲ ਸਿੰਘ ਦਾ ਸਾਹਿਤਕ ਸਫ਼ਰ ਕਹਾਣੀਕਾਰ ਦੇ ਰੂਪ ਵਿਚ ਹੋਇਆ। ਪਹਿਲੀ ਕਹਾਣੀ ਪ੍ਰੋ: ਮੋਹਨ ਸਿੰਘ ਰਸਾਲੇ ‘ਪੰਜ ਦਰਿਆ’ ਵਿਚ 1957 ‘ਚ ਛਪੀ ਸੀ ‘ਭਾਗਾਂ ਵਾਲੇ’। ਸਾਲ 1964 ਵਿਚ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’ ਛਪਿਆ ਤਾਂ ਗੁਰਦਿਆਲ ਸਿੰਘ ਨੂੰ ਪੰਜਾਬੀ ਨਾਵਲਕਾਰੀ ਦੀ ਸੱਜਰੀ ਸੰਭਾਵਨਾ ਵਜੋਂ ਦੇਖਿਆ ਜਾਣ ਲੱਗਿਆ। ਉਨ੍ਹਾਂ ਦੇ ਇਸੇ ਨਾਵਲ ‘ਤੇ ਬਣੀ ਫ਼ਿਲਮ ਨੂੰ ਨੈਸ਼ਨਲ ਐਵਾਰਡ ਮਿਲਿਆ। ਉਨ੍ਹਾਂ ਦੇ ਇਕ ਹੋਰ ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ‘ਤੇ ਬਣੀ ਫ਼ਿਲਮ ਨੇ ਵੀ ਕੌਮਾਂਤਰੀ ਪ੍ਰਸਿੱਧੀ ਖੱਟੀ। ‘ਮੜ੍ਹੀ ਦਾ ਦੀਵਾ’ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਤੋਂ ਬਿਨਾਂ ਰੂਸੀ ਭਾਸ਼ਾ ਵਿਚ ਵੀ ਛਪਿਆ-ਤੇ ਛਪਣ ਗਿਣਤੀ ਸੀ ਚਾਰ ਲੱਖ।
ਆਪਣੇ ਸਾਹਿਤਕ ਸਫ਼ਰ ਵਿਚ ਗੁਰਦਿਆਲ ਸਿੰਘ ਦਸ ਨਾਵਲ ਮੜ੍ਹੀ ਦਾ ਦੀਵਾ, ਅਣਹੋਏ, ਰੇਤੇ ਦੀ ਇੱਕ ਮੁੱਠੀ, ਕੁਵੇਲਾ, ਅੱਧ ਚਾਂਣਨੀ ਰਾਤ, ਆਥਣ ਉੱਗਣ, ਅੰਨ੍ਹੇ ਘੋੜੇ ਦਾ ਦਾਨ, ਪਹੁ ਫੁਟਾਲੇ ਤੋਂ ਪਹਿਲਾਂ, ਪਰਸਾ ਅਤੇ ਆਹਣ ਲਿਖੇ। ਕੋਈ ਏਨੇ ਕੁ ਹੀ ਕਹਾਣੀ ਸੰਗ੍ਰਹਿ ਵੀ ਉਨ੍ਹਾਂ ਅਦਬੀ ਪਾਠਕਾਂ ਦੀ ਝੋਲੀ ਪਾਏ ਜਿੰਨ੍ਹਾਂ ਵਿਚ ਸੱਗੀ ਫੁੱਲ, ਚੰਨ ਦਾ ਬੂਟਾ, ਓਪਰਾ ਘਰ, ਕੁੱਤਾ ਤੇ ਆਦਮੀ, ਮਸਤੀ ਬੋਤਾ, ਰੁੱਖੇ ਮਿੱਸੇ ਬੰਦੇ, ਬੇਗਾਨਾ ਪਿੰਡ, ਪੱਕਾ ਟਿਕਾਣਾ, ਕਰੀਰ ਦੀ ਢਿੰਗਰੀ, ਮੇਰੀਆਂ ਚੋਣਵੀਆਂ ਕਹਾਣੀਆਂ ਤੇ ਮੇਰੀ ਪ੍ਰਤੀਨਿਧ ਰਚਨਾ ਸ਼ਾਮਲ ਹਨ। ਗੁਰਦਿਆਲ ਸਿੰਘ ਨੇ ਤਿੰਨ ਨਾਟਕ ਫ਼ਰੀਦਾ ਰਾਤੀਂ ਵੱਡੀਆਂ, ਵਿਦਾਇਗੀ ਤੋਂ ਪਿੱਛੋਂ ਤੇ ਨਿੱਕੀ ਮੋਟੀ ਗੱਲ ਵੀ ਲਿਖੇ। ਗੁਰਦਿਆਲ ਸਿੰਘ ਨੇ ਪ੍ਰੌੜ ਪਾਠਕਾਂ ਦੇ ਨਾਲ ਨਾਲ ਬੱਚਿਆਂ ਲਈ ਉਚੇਚੇ ਤੌਰ ‘ਤੇ ਲਿਖਿਆ। ਬਾਲ ਸਾਹਿਤ ਵਿਚ ਉਨ੍ਹਾਂ ਨੇ ਬਕਲਮ ਖੁਦ, ਟੁੱਕ ਖੋਹ ਲਏ ਕਾਵਾਂ, ਲਿਖਤੁਮ ਬਾਬਾ ਖੇਮਾ, ਗੱਪੀਆਂ ਦਾ ਪਿਉ, ਮਹਾਂਭਾਰਤ, ਧਰਤ ਸੁਹਾਵੀ, ਤਿੰਨ ਕਦਮ ਧਰਤੀ, ਖੱਟੇ ਮਿੱਠੇ ਲੋਕ, ਕਾਲੂ ਕੌਤਕੀ, ਜੀਵਨ ਦਾਤੀ ਗੰਗਾ ਭਾਗ ਪਹਿਲਾ ਅਤੇ ਦੂਜਾ ਆਦਿ ਕਿਤਾਬਾਂ ਦੀ ਰਚਨਾਂ ਕੀਤੀ। ਮੌਲਕ ਲੇਖਣ ਦੇ ਨਾਲ ਨਾਲ ਗੁਰਦਿਆਲ ਸਿੰਘ ਨੇ ਹੋਰ ਜੁਬਾਨਾਂ ਤੋਂ ਚੰਗੇਰਾ ਸਾਹਿਤ ਅਨੁਵਾਦ ਵੀ ਕੀਤਾ। ਵਾਰਤਿਕ ਦੀਆਂ ਕਈ ਹੋਰ ਕਿਤਾਬਾਂ ਤੋਂ ਇਲਾਵਾ ਆਪਣੀ ਆਤਮ ਕਥਾ ਵੀ ਲਿਖੀ ਜਿਸ ਦਾ ਪਹਿਲਾ ਭਾਗ ਨਿਆਣ ਮੱਤੀਆਂ ਤੇ ਦੂਜਾ ਭਾਗ ਦੂਜੀ ਦੇਹੀ ਦੇ ਅਨੁਵਾਨ ਥੱਲੇ ਛਪਿਐ। ਉਨ੍ਹਾਂ ਦੇ ਨਾਵਲਾਂ ਦਾ ਕਈ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਹੋਇਆ। ਹਿੰਦੀ ਵਿਚ ਉਨ੍ਹਾਂ ਆਪਣੇ ਨਾਵਲ ਆਪ ਹੀ ਅਨੁਵਾਦ ਕੀਤੇ। ਗੁਰਦਿਆਲ ਸਿੰਘ ਨੂੰ ਪੰਜਾਬੀ ਵਾਂਗ ਹੀ ਹਿੰਦੀ ਵਿਚ ਹੀ ਤਵੱਜੋਂ ਨਾਲ ਪੜ੍ਹਿਆ ਤੇ ਵਿਚਾਰਿਆ ਗਿਆ। ਗੁਰਦਿਆਲ ਸਿੰਘ ਦਾ ਸਾਹਿਤ ਦੱਬੇ ਕੁਚਲੇ ਵਰਗਾਂ ਦੀ ਬਾਤ ਪਾਉਦੈ। ਸਮਾਜਿਕ ਚੇਤਨਾ ਦੀ ਗੱਲ ਕਰਦੈ। ਗੁਰਦਿਆਲ ਸਿੰਘ ਦੇ ਪਾਤਰ ਜੀਵਨ ਦੀ ਬਿਹਤਰੀ ਲਈ ਸੰਘਰਸ਼ ਦੀ ਪ੍ਰੇਰਣਾ ਦਿੰਦੇ ਹਨ।
ਗੁਰਦਿਆਲ ਸਿੰਘ ਦੇ ਸੁਭਾਅ ਵਿਚ, ਬੋਲ-ਚਾਲ ਵਿਚ ਲੋਹੜੇ ਦਾ ਠਹਿਰਾਅ ਸੀ। ਸਮਾਜਿਕ ਬੁਰਾਈਆਂ ਤੇ ਰਾਜਨੀਤਕ ਪ੍ਰਬੰਧ ਬਾਰੇ ਤਿੱਖੀ ਨਰਾਜਗੀ ਜਤਾਉਂਦਿਆਂ ਵੀ ਉਹ ਆਪਾ ਨਹੀਂ ਖੋਂਹਦੇ ਸਨ। ਇਹੀ ਠਰਿਹਾਅ, ਏਹੀ ਸਹਿਜ ਉਨ੍ਹਾਂ ਦੀ ਸਿਰਜਣਾ ਤੇ ਸਿਰਜਣ ਪ੍ਰਕਿਰਿਆ ਵਿਚ ਵੀ ਸੀ। ਗੁਰਦਿਆਲ ਸਿੰਘ ਦਾ ਸਾਹਿਤ ਕੋਰੀ ਕਲਪਨਾ ਨਹੀਂ ਸਗੋਂ ਯਥਾਰਥ ‘ਤੇ ਅਧਾਰਿਤ ਹੈ। ਲਿਖਣ ਵੇਲੇ ਉਹ ਕਦੇ ਵੀ ਕਾਹਲ ਵਿਚ ਨਹੀਂ ਦਿਸੇ, ਇਹੀ ਕਾਰਨ ਹੈ ਕਿ ਉਨ੍ਹਾਂ ਦੇ ਨਾਵਲਾਂ ਵਿਚ ਇਕ –ਇਕ ਦਹਾਕੇ ਤੱਕ ਦਾ ਵਕਫ਼ਾ ਆ ਜਾਂਦਾ। ਉਹ ਆਖਦੇ, ‘ਪੁਰਾਣੀਆਂ ਗੱਲਾਂ ਨੂੰ ਹੀ ਸ਼ਬਦ ਬਦਲ-ਬਦਲ ਲਿਖਣ ਦਾ ਕੋਈ ਫਾਇਦਾ ਨਹੀਂ। ‘ ਇਸੇ ਕਰਕੇ ਆਪਣੇ ਨਾਵਲਾਂ ਉੱਤੇ ਉਹ ਵਰ੍ਹਿਆਂ ਤੱਕ ਕੰਮ ਕਰਦੇ ਰਹਿੰਦੇ ਸਨ।
ਅਬਦੀ ਸੇਵਾਵਾਂ ਬਦਲੇ ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਨਾਨਕ ਸਿੰਘ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜ਼ਿਕਰਯੋਗ ਹਨ। 16 ਅਗਸਤ 2016 ਨੂੰ ਪੰਜਾਬੀ ਸਾਹਿਤ ਜਗਤ ਦੇ ਅੰਬਰੋਂ ਇਕ ਧਰੂ ਤਾਰਾ ਟੁੱਟ ਗਿਆ। ਗੁਰਦਿਆਲ ਸਿੰਘ ਦੇ ਪਰਵਾਰ ਨੇ ਉਹਨਾਂ ਦੇ ਸਿਰਜਣ ਕਮਰੇ ਨੂੰ ਉਹਨਾਂ ਦੀ ਯਾਦ ਵਿਚ ਮਿਊਜ਼ਮ ਦਾ ਰੂਪ ਦਿੱਤਾ ਹੈ, ਜਿੱਥੇ ਸਾਹਿਤ ਨਾਲ ਮੋਹ ਰੱਖਣ ਵਾਲੇ ਲੋਕ ਅਤੇ ਖਾਸ ਕਰਕੇ ਸਾਹਿਤ ਦੇ ਵਿਦਿਆਰਥੀ ਫੇਰੀ ਪਾਉਂਦੇ ਹਨ।

WRITTEN BY