ਭਾਰਤ ਅਤੇ ਪਾਕਿਸਤਾਨ ਦਰਮਿਆਨ ਰਿਸ਼ਤੇ ਹਾਲੇ ਵੀ ਤਣਾਅ ਵਾਲੇ ਹਨ। ਦੋਵਾਂ ਦੇਸ਼ਾਂ ਵਿੱਚ ਦਵੱਲੇ ਮੁੱਦਿਆਂ ‘ਤੇ ਗੱਲਬਾਤ ਟੁੱਟੀ ਹੋਈ ਹੈ। ਦੋਵੇਂ ਦੇਸ਼ਾਂ ਦਰਮਿਆਨ ਵੱਡੀਆਂ ਗਲਤ ਫਹਿਮੀਆਂ ਪੈਦਾ ਹੋ ਚੁੱਕੀਆਂ ਹਨ। ਕਸ਼ਮੀਰ ਮਸਲੇ ‘ਤੇ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਤਣਾਅਪੂਰਨ ਬਣੇ ਹੋਏ ਹਨ। ਇਸ ਤਰ੍ਹਾਂ ਦੇ ਹਾਲਾਤ ਬਣਾਏ ਜਾ ਰਹੇ ਹਨ ਕਿ ਦੋਵਾਂ ਦੇਸ਼ਾਂ ਵਿੱਚ ਸਿੱਧਾ ਫੌਜੀ ਟਕਰਾਅ ਹੋ ਜਾਵੇ। ਜੰਗ ਲਈ ਦੋਵੇਂ ਦੇਸ਼ਾਂ ਵੱਲੋਂ ਤਿਆਰੀ ਵੀ ਰੱਖੀ ਜਾ ਰਹੀ ਹੈ। ਦੋਵੇਂ ਦੇਸ਼ ਹੀ ਇਕ ਦੂਜੇ ਉੱਪਰ ਜੰਗੀ ਮਨਸੂਬਿਆਂ ਦੇ ਦੋਸ਼ ਲਗਾ ਰਹੇ ਹਨ। ਭਾਰਤ ਦਾ ਦੋਸ਼ ਹੈ ਕਿ ਪਾਕਿਸਤਾਨ ਵੱਲੋਂ ਮਕਬੂਜਾ ਕਸ਼ਮੀਰ ਅਤੇ ਕੌਮਾਂਤਰੀ ਸਰਹੱਦ ‘ਤੇ ਫੌਜਾਂ ਦੀ ਤਾਇਨਾਤੀ ਵਧਾਈ ਜਾ ਰਹੀ ਹੈ। ਇਹੋ ਦੋਸ਼ ਪਾਕਿਸਤਾਨ ਭਾਰਤ ਉੱਪਰ ਲਗਾ ਰਿਹਾ ਹੈ। ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਹਰ ਰੋਜ਼ ਗੋਲੀਬੰਦੀ ਦੀ ਉਲੰਘਣਾ ਹੋ ਰਹੀ ਹੈ ਅਤੇ ਹਰ ਰੋਜ਼ ਦੋਵੇਂ ਪਾਸੇ ਫੌਜੀਆਂ ਅਤੇ ਆਮ ਨਾਗਰਿਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਇਹ ਬਹੁਤ ਹੀ ਚਿੰਤਾ ਵਾਲੇ ਹਾਲਾਤ ਹਨ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੋਵੇਂ ਦੇਸ਼ ਫੌਜੀ ਸਰਗਰਮੀਆਂ ਵਿੱਚ ਰੁੱਝੇ ਹੋਏ ਹਨ। ਦੋਵਾਂ ਦੇਸ਼ਾਂ ਦੀ ਸਿਆਸੀ ਲੀਡਰਸ਼ਿਪ ਵੀ ਇਹ ਚਾਹੁੰਦੀ ਹੈ ਕਿ ਜੰਗ ਦਾ ਮਾਹੌਲ ਬਣਿਆ ਰਹੇ। ਜੰਗੀ ਟਕਰਾਅ ਵੀ ਸਿਆਸੀ ਲੀਡਰਾਂ ਨੂੰ ਫਾਇਦੇਮੰਦ ਦਿਸਦਾ ਹੈ। ਮੀਡੀਆ ਰਾਹੀਂ ਇਸ ਤਰ੍ਹਾਂ ਦਾ ਮਾਹੌਲ ਵੀ ਬਣਾਇਆ ਜਾ ਰਿਹਾ ਹੈ ਤਾਂ ਜੋ ਦੋਵੇਂ ਦੇਸ਼ ਇਕ ਵਾਰ ਫਿਰ ਸਿੱਧੀ ਫੌਜੀ ਜੰਗ ਵਿੱਚ ਉਲਝ ਜਾਣ। ਇਹ ਹੈਰਾਨੀ ਦੀ ਗੱਲ ਹੈ ਕਿ ਜੰਗ ਭਾਵੇਂ ਕਿਸੇ ਵੀ ਦੇਸ਼ ਦੇ ਭਲੇ ਵਿੱਚ ਨਹੀਂ ਹੈ ਪਰ ਇਸ ਦੇ ਬਾਵਜੂਦ ਦੋਵੇਂ ਦੇਸ਼ਾਂ ਵਿੱਚ ਜੰਗ ਵਿਰੋਧੀ ਤਾਕਤਾਂ ਸਰਗਰਮ ਨਹੀਂ ਹੋ ਰਹੀਆਂ। ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਵੀ ਜੰਗੀ ਮਾਹੌਲ ਦਾ ਵਿਰੋਧ ਨਹੀਂ ਕੀਤਾ ਜਾ ਰਿਹਾ ਹੈ। ਬੇਲੋੜੀ ਫੌਜੀ ਸ਼ਕਤੀ ਦੇ ਇਸਤੇਮਾਲ ਨਾਲ ਦੋਵੇਂ ਦੇਸ਼ਾਂ ਦੇ ਬਹੁਤ ਕੀਮਤੀ ਸੋਮੇ ਅਜਾਈਂ ਜਾ ਰਹੇ ਹਨ। ਜੇਕਰ ਦੋਵੇਂ ਦੇਸ਼ ਇਹੋ ਸੋਮੇ, ਸ਼ਕਤੀ ਅਤੇ ਸਮਰੱਥਾ ਆਪਣੇ-ਆਪਣੇ ਦੇਸ਼ ਦੇ ਭਲੇ ਲਈ ਖਰਚ ਕਰਨ ਤਦ ਦੋਵੇਂ ਦੇਸ਼ਾਂ ਦੇ ਹਾਲਾਤ ਤੇਜ਼ੀ ਨਾਲ ਬਦਲ ਸਕਦੇ ਹਨ। ਬਦਕਿਸਮਤੀ ਇਹ ਹੈ ਕਿ ਕਸ਼ਮੀਰ ਦੇ ਝਗੜੇ ਦੀ ਕੀਮਤ ਦੋਵਾਂ ਦੇਸ਼ਾਂ ਦੀ ਆਮ ਜਨਤਾ ਨੂੰ ਤਾਰਨੀ ਪੈ ਰਹੀ ਹੈ। ਇਸ ਹਾਲਾਤ ਵਿੱਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ। ਦੋਵੇਂ ਦੇਸ਼ਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਫੌਜ ਦੀ ਵਰਤੋਂ ਨਾਲ ਕੋਈ ਵੀ ਮਸਲਾ ਹੱਲ ਨਹੀਂ ਹੋਵੇਗਾ, ਸਗੋਂ ਦੋਵੇਂ ਪਾਸੇ ਤਬਾਹੀ ਦਾ ਮਾਹੌਲ ਹੀ ਬਣੇਗਾ।
– ਬਲਜੀਤ ਸਿੰਘ ਬਰਾੜ
ਭਾਰਤ-ਪਾਕਿ ਜੰਗ ਤੋਂ ਦੂਰ ਰਹਿਣ



