ਹੈਮਿਲਟਨ (ਕੈਨੇਡਾ)- ਪਾਕਿਸਤਾਨੀ ਕਾਂਸਲੇਟ ਜਨਰਲ ਇਮਰਾਨ ਅਹਿਮਦ ਸਦੀਕੀ ਦੀ ਵਿਦਾਇਗੀ ਤੇ ਅੱਜ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਹੈਮਿਲਟਨ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਨੌਜੁਆਨ ਉਮਰ ਵਿੱਚ ਟਰਾਂਟੋ ਸਥਿਤ ਪਾਕਿਸਤਾਨੀ ਕਾਂਸਲੇਟ ਦੀ ਪੁਜੀਸ਼ਨ ਤੇ ਸੇਵਾ ਨਿਭਾ ਰਹੇ ਕਾਂਸਲੇਟ ਸਦੀਕੀ ਇੱਕ ਦੂਰਅੰਦੇਸ਼ ਵਿਅਕਤੀ ਹਨ ਜਿੰਨ੍ਹਾਂ ਨੇ ਆਪਣੇ ਸੇਵਾਕਾਲ ਦੌਰਾਨ ਕਨੇਡੀਅਨ ਸਿੱਖ ਕਮਿਊਨਟੀ ਨਾਲ ਰਿਸ਼ਤੇ ਮਜਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਮੌਕੇ ਉਨ੍ਹਾਂ ਵਲੋਂ ਸਿੱਖ ਕਮਿਊਨਟੀ ਨਾਲ ਰਿਸ਼ਤੇ ਮਜਬੂਤ ਕਰਨ ਦੀ ਗੱਲ ਤੇ ਅਮਲ ਕਰਦਿਆਂ ਹਰ ਸਮਾਗਮ ਵਿੱਚ ਸ਼ਾਮਲ ਹੋਣ ਨੂੰ ਪਹਿਲ ਦਿੱਤੀ। ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਟਰਾਂਟੋ ਵਿੱਚ ਦਿੱਤੇ ਗਏ ਗੋਲਡ ਮੈਡਲ ਨੂੰ ਵੀ ਕਾਂਸਲੇਟ ਸਦੀਕੀ ਨੇ ਹਾਸਿਲ ਕੀਤਾ ਸੀ। ਅੱਜ ਹੈਮਿਲਟਨ ਗੁਰਦੁਆਰਾ ਸਾਹਿਬ ਵਿਖੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਸਿੱਖ ਬਰਾਦਰੀ ਦੀ ਧਾਰਮਿਕ ਸਾਂਝ ਹੀ ਨਹੀਂ ਬਲਕਿ ਸਭਿਆਚਾਰਕ ਸਾਂਝ ਵੀ ਬਹੁਤ ਮਜਬੂਤ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਐਡੀ ਵੱਡੀ ਸਿੱਖ ਕਮਿਊਨਟੀ ਨੂੰ ਪਾਕਿਸਤਾਨ ਆਪਣੇ ਨੌਜੁਆਨ ਬੱਚਿਆਂ ਨੂੰ ਲਿਜਾ ਕੇ ਆਪਣੇ ਵਿਰਸੇ ਨਾਲ ਜੋੜਨਾ ਚਾਹੀਦਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਕਲੋਏ ਨੇ ਐਲਾਨ ਕੀਤਾ ਕਿ ਪਾਕਿਸਤਾਨ ਦੀ ਧਾਰਮਿਕ ਯਾਤਰਾ ਲਈ ਵੀਜਾ ਲੈਣ ਮੌਕੇ ਜੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਪਾਂਸਰਸ਼ਿਪ ਦੀ ਜਰੂਰਤ ਹੈ, ਉਹ ਹੁਣ ਬਾਬਾ ਬੁੱਢਾ ਜੀ ਗੁਰਦੁਆਰਾ ਹੈਮਿਲਟਨ ਵਲੋਂ ਦਿੱਤੀ ਜਾਇਆ ਕਰੇਗੀ। ਵੀਜ਼ਾ ਪ੍ਰਣਾਲੀ ਨੂੰ ਮੋਕਲਾ ਕਰਦਿਆਂ ਦੱਸਿਆ ਗਿਆ ਕਿ ਹੁਣ ਕੈਨੇਡਾ ਵਿੱਚ ਰਹਿੰਦੇ ਸਿੱਖ, ਜਿੰਨ੍ਹਾਂ ਕੋਲ ਭਾਰਤੀ ਪਾਸਪੋਰਟ ਹਨ, ਨੂੰ ਵੀ ਪਾਕਿਸਤਾਨ ਦਾ ਵੀਜ਼ਾ ਦਿੱਤਾ ਜਾ ਰਿਹਾ ਹੈ ਜੋ ਪਹਿਲਾਂ ਨਹੀਂ ਸੀ ਦਿੱਤਾ ਜਾਂਦਾ। ਇਸ ਸਨਮਾਨ ਸਮਾਰੋਹ ਵਿੱਚ ਟਰਾਂਟੋ ਤੋਂ ਯੂਨਾਈਟਡ ਫਰੰਟ ਆਫ ਸਿੱਖਸ ਦੇ ਸੁਖਮਿੰਦਰ ਸਿੰਘ ਹੰਸਰਾ, ਰਣਜੀਤ ਸਿੰਘ ਮਾਨ ਅਤੇ ਮਨਜੀਤ ਸਿੰਘ ਵੀ ਪਹੁੰਚੇ ਹੋਏ ਸਨ।
ਇਸ ਮੌਕੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਦੇ ਮੈਨੇਜਰ ਨੇ ਮੌਜੂਦ ਸਨ ਜਿੰਨ੍ਹਾਂ ਸਿੱਖ ਭਾਈਚਾਰੇ ਨੂੰ ਯਕੀਨ ਦੁਆਇਆ ਕਿ ਪੀ ਆਈ ਏ ਹਰ ਸਿੱਖ ਦੀ ਧਾਰਮਿਕ ਯਾਤਰਾ ਦਾ ਮੁਕੰਮਲ ਪ੍ਰਬੰਧ ਕਰਨ ਵਿੱਚ ਭੂਮਿਕਾ ਨਿਭਾਵੇਗੀ ਅਤੇ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਪਾਕਿਸਤਾਨ ਬਿਜਨਸ ਐਸੋਸੀਏਸ਼ਨ ਆਫ ਹੈਮਿਲਟਨ ਦੇ ਜਫਰ ਚੌਧਰੀ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ। ਇਸ ਮੌਕੇ ਸਿਰੋਪਾਓ, ਸ਼ਾਲ ਅਤੇ ਪਲੈਕ ਦੇ ਕੇ ਕਾਂਸਲੇਟ ਇਮਰਾਨ ਅਹਿਮਦ ਸਦੀਕੀ ਦਾ ਸਨਮਾਨ ਕੀਤਾ ਗਿਆ। ਯੂਨਾਈਟਡ ਫਰੰਟ ਆਫ ਸਿੱਖਸ ਕੈਨੇਡਾ ਦੇ ਕੋਆਰਡੀਨੇਟਰ ਸੁਖਮਿੰਦਰ ਸਿੰਘ ਹੰਸਰਾ ਨੇ ਜਾਰੀ ਸਟੇਟਮੈਂਟ ਵਿੱਚ ਕਿਹਾ ਹੈ ਕਿ ”ਕਾਂਸਲੇਟ ਇਮਰਾਨ ਅਹਿਮਦ ਸਦੀਕੀ ਨੇ ਸਿੱਖ ਭਾਈਚਾਰੇ ਦੇ ਪਾਕਿਸਤਾਨ ਸਰਕਾਰ ਨਾਲ ਸਬੰਧ ਸੁਖਾਵੇਂ ਬਣਾਉਣ ਵਿੱਚ ਪੁੱਲ ਦਾ ਕੰਮ ਕੀਤਾ ਹੈ”। ਉਨ੍ਹਾਂ ਕਿਹਾ ਕਿ ਕਾਂਸਲੇਟ ਸਦੀਕੀ ਦੇ ਸੇਵਾਕਾਲ ਦੌਰਾਨ ਬਹੁਤਾਤ ਕਨੇਡੀਅਨ ਸਿੱਖਾਂ ਨੂੰ ਪਾਕਿਸਤਾਨ ਦਾ ਵੀਜ਼ਾ ਹਾਸਿਲ ਕਰਨ ਵਿੱਚ ਦਿੱਕਤ ਨਹੀਂ ਆਈ। ਹੰਸਰਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦਾ ਨਿਰਮਾਣ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਹਰ ਸਿੱਖ ਨੂੰ ਪਾਕਿਸਤਾਨ ਵਿੱਚ ਮੌਜੂਦ ਗੁਰਅਸਥਾਨਾਂ ਦੇ ਦਰਸ਼ਨ ਕਰਨ ਲਈ ਜਰੂਰ ਜਾਣਾ ਚਾਹੀਦਾ ਹੈ।
ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਕਸ਼ਮੀਰ ਵਿੱਚ ਭਾਰਤੀ ਫੌਜ ਵਲੋਂ 5 ਅਗਸਤ 2019 ਤੋਂ ਲੈ ਕੇ ਹੁਣ ਤੱਕ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਅਸੀਂ ਇਸ ਸੰਕਟਮਈ ਸਮ੍ਹੇਂ ਦੌਰਾਨ ਕਸ਼ਮੀਰ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਅਤੇ ਯੂ ਐਨ ਅਤੇ ਅੰਤਰਰਾਸ਼ਟਰੀ ਭਾਈਚਾਰੇ ਤੱਕ ਪਹੁੰਚ ਕਰ ਰਹੇ ਹਾਂ ਤਾਂ ਕਿ ਭਾਰਤ ਦੀ ਬੁਰਛਾਗਰਦੀ ਨੂੰ ਰੋਕਿਆ ਜਾ ਸਕੇ। ਪਾਕਿਸਤਾਨ ਬਾਰੇ ਭੁਲੇਖਾ ਪਾਊ ਪ੍ਰਚਾਰ ਤੋਂ ਬੱਚਣ ਦੀ ਲੋੜ ਹੈ। ਉਥੇ ਸਕਿਊਰਟੀ ਦੀ ਕੋਈ ਸਮੱਸਿਆ ਨਹੀਂ ਹੈ। ਇਹ ਵਿਚਾਰ ਰਣਜੀਤ ਸਿੰਘ ਮਾਨ ਨੇ ਦਿੱਤੇ। ਉਨ੍ਹਾਂ ਕਿਹਾ ਕਿ ਅਸੀਂ 14 ਦਿਨ ਲਹੌਰ ਵਿੱਚ ਰਹਿ ਕੇ ਆਏ ਹਾਂ ਅਤੇ ਦਿਨ ਰਾਤ ਟਰੈਵਲ ਕੀਤਾ ਹੈ। ਪਾਕਿਸਤਾਨ ਵਿੱਚ ਤਾਂ ਲੋਕ ਅਥਾਹ ਪਿਆਰ ਅਤੇ ਸਤਿਕਾਰ ਦਿੰਦੇ ਹਨ।
– ਪੰਜਾਬ ਟਾਇਮਜ਼ ਬਿਊਰੋ
ਪਾਕਿਸਤਾਨੀ ਕੋਂਸਲੇਟ ਇਮਰਾਨ ਸਦੀਕੀ ਨੇ ਸਿੱਖ ਭਾਈਚਾਰੇ ਦੇ ਪਾਕਿ ਸਰਕਾਰ ਨਾਲ ਸਬੰਧ ਸੁਖਾਵੇਂ ਬਣਾਉਣ ਵਿੱਚ ਪੁੱਲ ਦਾ ਕੰਮ ਕੀਤਾ- ਯੂਨਾਈਟਡ ਫਰੰਟ ਆਫ ਸਿੱਖਸ ਕੈਨੇਡਾ



