Skip to content
Independent perspectives. Global stories.
BREAKING

ਦੇਸ਼ ਦੀ ਆਰਥਿਕ ਸਥਿਤੀ

Share this story

ਦੇਸ਼ ਦੀ ਆਰਥਿਕ ਸਥਿਤੀ ਬਾਰੇ ਲਗਾਤਾਰ ਪਰਸਪਰ ਵਿਰੋਧੀ ਦਾਅਵੇ ਸਾਹਮਣੇ ਆ ਰਹੇ ਹਨ। ਇਕ ਪਾਸੇ ਕੇਂਦਰ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਦੇਸ਼ ਆਰਥਿਕ ਮਜ਼ਬੂਤੀ ਵੱਲ ਵੱਧ ਰਿਹਾ ਹੈ। ਦੂਸਰੇ ਪਾਸੇ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦਾ ਕਹਿਣਾ ਹੈ ਕਿ ਭਾਰਤ ਦੀ ਅਰਥਵਿਵਸਥਾ ਇਸ ਵੇਲੇ ਗੰਭੀਰ ਸੁਸਤੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਕੁਝ ਹੋਰ ਸੰਸਥਾਵਾਂ ਵੀ ਇਸ ਸਥਿਤੀ ਉੱਪਰ ਵੱਡੀ ਚਿੰਤਾ ਦਾ ਪ੍ਰਗਟਾਵਾ ਕਰ ਚੁੱਕੀ ਹੈ। ਸਰਕਾਰ ਨੂੰ ਇਹ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਕਿ ਮੌਜੂਦਾ ਸਥਿਤੀ ‘ਚੋਂ ਉੱਭਰਨ ਲਈ ਤੁਰੰਤ ਨੀਤੀਗਤ ਕਦਮ ਚੁੱਕੇ ਜਾਣ। ਆਈਐੱਮਐੱਫ ਸੰਸਾਰ ਵਿੱਚ ਇਕ ਭਰੋਸੇਯੋਗ ਵਿੱਤੀ ਸੰਸਥਾ ਹੈ। ਇਸ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਜ਼ਰੂਰ ਧਿਆਨ ਮੰਗਦੀ ਹੈ। ਆਈਐੱਮਐੱਫ ਦੇ ਨਿਰਦੇਸ਼ਕਾਂ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਵਿੱਚ ਪਿਛਲੇ ਕੁਝ ਵਰ੍ਹਿਆਂ ਵਿਚ ਜੋ ਜ਼ੋਰਦਾਰ ਵਿਸਥਾਰ ਹੋਇਆ ਹੈ, ਉਸ ਨਾਲ ਲੱਖਾਂ ਲੋਕਾਂ ਨੂੰ ਗਰੀਬੀ ਵਿੱਚੋਂ ਨਿਕਲਣ ਵਿੱਚ ਮਦਦ ਮਿਲੀ ਹੈ। ਹਾਲਾਂਕਿ, 2019 ਦੀ ਪਹਿਲੀ ਛਿਮਾਹੀ ਵਿੱਚ ਵੱਖ-ਵੱਖ ਕਾਰਨਾਂ ਕਰਕੇ ਭਾਰਤੀ ਆਰਥਿਕਤਾ ਦੀ ਵਾਧਾ ਦਰ ਮੱਠੀ ਹੋਈ ਹੈ। ਆਈਐੱਮਐੱਫ ਏਸ਼ੀਆ ਅਤੇ ਪ੍ਰਸ਼ਾਂਤ ਵਿਭਾਗ ਮੰਨਦਾ ਹੈ ਕਿ ਭਾਰਤ ਵਿੱਚ ਇਸੇ ਵੇਲੇ ਮੁੱਖ ਮੁੱਦਾ ਅਰਥਚਾਰੇ ਦੀ ਸੁਸਤੀ ਦਾ ਹੈ ਅਤੇ ਭਾਰਤੀ ਅਰਥਚਾਰੇ ਵਿੱਚ ਸੁਸਤੀ ਆਮ ਵਰਤਾਰਾ ਹੈ ਅਤੇ ਇਹ ਢਾਂਚਾਗਤ ਨਹੀਂ ਹੈ। ਇਸ ਦਾ ਕਾਰਨ ਹੀ ਵਿੱਤੀ ਖੇਤਰ ਦਾ ਸੰਕਟ ਉਭਰਿਆ ਹੈ। ਵਿੱਤੀ ਮਾਹਰ ਵੀ ਇਹ ਮੰਨਦੇ ਹਨ ਕਿ ਜੇਕਰ ਸਰਕਾਰ ਤੁਰੰਤ ਪ੍ਰਭਾਵੀ ਕਦਮ ਚੁੱਕੇ ਤਾਂ ਮੌਜੂਦਾ ਹਾਲਾਤਾਂ ਨੂੰ ਬਦਲਿਆ ਜਾ ਸਕਦਾ ਹੈ। ਸਰਕਾਰ ਨੂੰ ਅਰਥ ਵਿਵਸਥਾ ਦੇ ਠੋਸ ਪ੍ਰਬੰਧਨ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਆਰਥਿਕ ਸੁਧਾਰਾਂ ਲਈ ਵੀ ਇਹ ਇਕ ਬੇਹੱਤਰ ਮੌਕਾ ਹੈ। ਕੇਂਦਰ ਸਰਕਾਰ ਮਜ਼ਬੂਤੀ ਨਾਲ ਇਸ ਦਿਸ਼ਾ ਵਿੱਚ ਵੱਧ ਸਕਦੀ ਹੈ। ਜੀਡੀਪੀ ਦੀ ਦਰ ਨੂੰ ਵਧਾਉਣ ਲਈ ਤੁਰੰਤ ਉਪਰਾਲੇ ਵਿੱਢੇ ਜਾਣ ਦੀ ਜ਼ਰੂਰਤ ਹੈ। ਅਰਥ ਵਿਵਸਥਾ ਨੂੰ ਮਜ਼ਬੂਤ ਬਨਾਉਣ ਲਈ ਸਰਕਾਰ ਨੂੰ ਰਾਜਸੀ ਲਾਭਹਾਨੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਹੋਵੇਗਾ। ਇਹ ਵੀ ਜ਼ਰੂਰੀ ਹੈ ਕਿ ਅਰਥ ਵਿਵਸਥਾ ਬਾਰੇ ਗੁੰਮਰਾਹਕੁੰਨ ਪ੍ਰਚਾਰ ਨਾ ਕੀਤਾ ਜਾਵੇ। ਸਥਿਤੀ ਦੀ ਸਹੀ ਤਸਵੀਰ ਸਾਹਮਣੇ ਰੱਖੀ ਜਾਵੇ। ਕਾਰੋਬਾਰੀ ਸਰਗਰਮੀਆਂ ਵਿੱਚ ਤੇਜ਼ੀ ਲਈ ਲੋਕਾਂ ਦੇ ਵਿਸ਼ਵਾਸ ਨੂੰ ਬਹਾਲ ਕਰਨਾ ਬੇਹੱਦ ਜ਼ਰੂਰੀ ਹੈ।
– ਬਲਜੀਤ ਸਿੰਘ ਬਰਾੜ

WRITTEN BY