Skip to content
Independent perspectives. Global stories.
BREAKING

ਨਿੱਕੀਆਂ ਜਿੰਦਾਂ ਵੱਡੇ ਸਾਕੇ

Share this story

ਪ੍ਰੋ. ਪੂਰਨ ਸਿੰਘ ਲਿੱਖਦੇ ਹਨ ਕਿ ਬਹਾਦਰ ਘੜ੍ਹਣ ਦੇ ਕਾਰਖਾਨੇ ਨਹੀ ਹੁੰਦੇ।ਉਹ ਤਾਂ ਦੇਵਦਾਰ ਦੇ ਰੁੱਖਾਂ ਵਾਂਗ ਜੀਵਨ ਦੇ ਵਣ ਵਿੱਚ ਆਪ ਮੁਹਾਰੇ ਉੱਗਦੇ ਹਨ। ਦੁਨੀਆਂ ਦੇ ਮੈਦਾਨ ਵਿੱਚ ਉਹ ਅਚਾਨਕ ਹੀ ਸਾਹਮਣੇ ਆ ਖਲੌਂਦੇ ਹਨ। ਪਿਆਰਾ ਸਿੰਘ ਪਦਮ ਲਿੱਖਦੇ ਹਨ ਕਿ ਸੰਸਾਰ ਵਿੱਚ ਤਿੰਨ ਕਿਸਮ ਦੇ ਵਿਆਕਤੀ ਮਿਲਦੇ ਹਨ, ਇੱਕ ਉਹ ਜਿੰਨ੍ਹਾਂ ਦਾ ਪਿਤਾ ਪਿਤਾਮਾ ਮਹਾਨ ਹੋਇਆ। ਦੂਜੇ ਉਹ ਜੋ ਖੁਦ ਕਿਸੇ ਖੇਤਰ ਵਿੱਚ ਮਹਾਨ ਹੋਣ। ਤੀਜੇ ਉਹ ਜਿੰਨ੍ਹਾਂ ਦਾ ਪਿਤਾ ਤਾਂ ਮਹਾਨ ਨਹੀ ਸੀ ਤੇ ਨਾ ਹੀ ਉਹ ਆਪ ਮਹਾਨ ਸਨ, ਪ੍ਰੰਤੂ ਉਹ ਆਪਣੇ ਸੰਜੋਗ ਪੁੱਤਰਾਂ ਕਰਕੇ ਇੱਕ ਗਰਵ ਜਰੂਰ ਅਨੁਭਵ ਕਰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਇੰਨ੍ਹਾਂ ਤਿੰਨਾਂ ਹੀ ਕਿਸਮਾਂ ਤੋਂ ਵਿਲੱਖਣ ਹੈ। ਇਸ ਦੀ ਮਿਸਾਲ ਇਤਿਹਾਸ ਵਿੱਚ ਘੱਟ ਹੀ ਮਿਲਦੀ ਹੈ। ਜਿੱਥੇ ਉਹ ਆਪ ਅਨੇਕ ਪੱਖੀ ਵਡਿਆਈ ਦੇ ਮਾਲਿਕ ਸਨ, ਉੱਥੇ ਉਹਨਾਂ ਦੇ ਪਿਤਾ ਪਿਤਾਮਾ, ਦਾਦਾ, ਪੜ੍ਹਦਾਦਾ ਤੱਕ ਕਲਾਧਾਰੀ ਮਹਾਂਪੁਰਖ ਸਨ। ਪੜਦਾਦਾ ਸ੍ਰੀ ਗੁਰੂ ਅਰਜਨ ਦੇਵ ਜੀ, ਦਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਫਿਰ ਇਸ ਤੋਂ ਅੱਗੇ ਕਮਾਲ ਦੀ ਗੱਲ ਇਹ ਕਿ ਆਪ ਦੇ ਚਾਰੇ ਸਪੁੱਤਰ ਵੀ ਕੁਰਬਾਨੀਆਂ ਦੇ ਸਦਕੇ ਇਤਨੇ ਮਹਾਨ ਸਿੱਧ ਹੋਏ ਕਿ ਤਵਾਰੀਖ ਉਹਨਾਂ ਦੀ ਪ੍ਰਸੰਸਾ ਕਰਦੀ ਨਹੀ ਥੱਕਦੀ। ਇਉਂ ਦੇਖਿਆਂ ਲੱਗਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈਸੀਅਤ ਪੂਰਬ ਅਧਿਕਾਰੀ ਤੇ ਉੱਤਰ ਅਧਿਕਾਰੀ ਦੋਹਾਂ ਪਾਸਿਆਂ ਵੱਲੋਂ ਚਮਤਕਾਰਾਂ ਭਰੀ ਤੇ ਅਤਿਅੰਤ ਉਚੇਰੀ ਹੈ।ਇਹ ਉਹ ਸਮਾਂ ਸੀ ਜਦ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ। ਸਰਸਾ ਕਿਨਾਰੇ ਗੁਰੂ ਜੀ ਦਾ ਪ੍ਰੀਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁੱਜਰ ਕੌਰ ਜੀ ਕੁੱਮੇ ਮਾਸ਼ਕੀ ਦੀ ਝੁੱਗੀ ਵਿੱਚ ਰੁੱਕ ਗਏ। ਉੱਥੋਂ ਗੁਰੂ ਘਰ ਦਾ ਰਸੋਈਆਂ ਗੰਗੂ ਬ੍ਰਹਮਣ ਆਪਣੇ ਪਿੰਡ ਖੇੜੀ (ਸਹੇੜੀ) ਲੈ ਗਿਆ। ਰਤਨ ਸਿੰਘ ਭੰਗੂ ਲਿੱਖਦੇ ਹਨ ਕਿ ਧੰਨ ਦੇ ਲਾਲਚ ਵਿੱਚ ਫਸ ਕੇ ਗੰਗੂ ਮਰਿੰਡੇ ਤੋਂ ਜਾਨੀ ਖਾਨ ਤੇ ਮਾਨੀ ਖਾਨ ਦੋ ਰੰਘੜ ਭਰਾ ਲੈ ਆਇਆ ਤੇ ਮਾਤਾ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਕੋਲ ਪਕੜਵਾ ਦਿੱਤਾ। ਕੁਦਰਤ ਦਾ ਖੇਲ ਦੇਖੋ ਕਿ ਜਿਸ ਖੂਹ ਵਿੱਚ ਉਸਨੇ ਮਾਤਾ ਜੀ ਕੋਲੋਂ ਚੋਰੀ ਕੀਤਾ ਧੰਨ ਛੁਪਾਇਆ ਸੀ, ਉੱਥੇ ਨਦੀ ਦਾ ਹੜ੍ਹ ਆ ਗਿਆ ਤੇ ਸਭ ਕੁੱਝ ਰੋੜ ਕੇ ਲੈ ਗਿਆ।ਤਾਰੀਖ-ਏ-ਪੰਜਾਬ ਦਾ ਲਿਖਾਰੀ ਲਿੱਖਦਾ ਹੈ ਕਿ ਉਧਰ ਸੂਬਾ ਸਰਹੰਦ ਸਾਹਮਣੇ ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਆਦਾਂ ਗਿਆ। ਵਜੀਰ ਖਾਨ ਦੀ ਅਸਲੋਂ ਮਨਸ਼ਾ ਭੋਲੇ ਬੱਚਿਆਂ ਨੂੰ ਕਤਲ ਕਰਨ ਦੀ ਨਹੀ ਸੀ, ਪਰ ਦੀਵਾਨ ਸੁੱਚਾ ਨੰਦ ਨੇ ਚੁੱਕ ਚਕਾ ਕੀਤਾ, ਕਿਉਂਕਿ ਸਾਹਿਬਜ਼ਾਦਿਆ ਨੇ ਉਸਦੇ ਰੂਬਰੂ ਸਖਤ ਬਚਨ ਕੀਤੇ ਸਨ।ਭਾਵੇਂ ਨਾਇਬ ਨਾਜ਼ਮ ਸ਼ੇਰ ਮੁਹੰਮਦ ਖਾਨ ਨੇ ਨਬਾਲਗ ਬੱਚਿਆਂ ਦੇ ਕਤਲ ਨੂੰ ਸ਼ਰ੍ਹਾਂ ਦੇ ਉਲਟ ਦੱਸਿਆ ਸੀ ਤੇ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਦੇ ਕਤਲ ਰੋਕਣ ਬਦਲੇ ਰਕਮ ਦੇਣੀ ਪ੍ਰਵਾਨ ਕੀਤੀ ਸੀ, ਪਰ ਸਾਹਿਬਜ਼ਾਦੇ ਕਤਲ ਹੋਣ ਤੋਂ ਬਚਾਏ ਨਾ ਜਾ ਸਕੇ। ਵਜੀਰ ਖਾਨ ਨੇ ਮਾਸੂਮ ਬੱਚਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਈ ਡਰ ਦਿੱਤੇ। ਕਈ ਲਾਲਚ ਦਿੱਤੇ, ਪਰ ਕਿਸੇ ਕੰਮ ਨਾ ਆਏ। ਸਯਦ ਮੁਹੰਮਦ ਲਤੀਫ ਹਿਸਟਰੀ ਆਫ ਪੰਜਾਬ ਦੇ ਪੰਨਾ ਨੰ. 265 ਤੇ ਉਸ ਵੇਲੇ ਨਵਾਬ ਤੇ ਸਾਹਿਬਜ਼ਾਦਿਆਂ ਵਿੱਚ ਹੋਏ ਸਵਾਲ ਜਵਾਬ ਲਿੱਖਦਾ ਹੈ ਕਿ:
ਨਵਾਬ: ਬੱਚਿਉ! ਜੇ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀ ਕੀ ਕਰੋਗੇ?
ਸਾਹਿਬਜ਼ਾਦੇ: ਖਿੰਡੇ ਪੁੰਡੇ ਸਿੱਖਾਂ ਨੂੰ ਇੱਕਠੇ ਕਰਾਂਗੇ। ਤੁਹਾਡੇ ਨਾਲ ਲੜਾਂਗੇ ਤੇ ਤੁਹਾਨੂੰ ਮੌਤ ਦੇ ਘਾਟ ਉਤਾਰਾਂਗੇ।
ਉਸ ਸਮੇਂ ਸੁੱਚਾ ਨੰਦ ਨੇ ਕਿਹਾ ਕਿ ‘ ਸੱਪ ਦੇ ਬੱਚੇ ਸੱਪ ਹੀ ਹੁੰਦੇ ਹਨ’। ਭਾਈ ਕੇਸਰ ਸਿੰਘ ਬੰਸੀਵਲੀਨਾਮਾ ਵਿੱਚ ਲਿੱਖਦੇ ਹਨ ਕਿ:
‘ਸੁਚੇ ਪੁਰੀ ਨੇ ਚੁਗਲੀ ਕਰ ਦੋਨੋਂ ਮਰਵਾਏ’
ਗ੍ਰੰਥ ਬੀਰ ਮ੍ਰਿਗੇਸ਼ ਵਿੱਚ ਵੀ ਇਹ ਸਾਖੀ ਆਉਂਦੀ ਹੈ ਕਿ ਸਾਹਿਬਜ਼ਾਦਿਆਂ ਨੂੰ ਛੱਡਣ ਦਾ ਫੈਸਲਾ ਹੋ ਗਿਆ ਸੀ, ਪਰ ਸੁੱਚਾ ਨੰਦ ਨੇ ਕਿਹਾ ਕਿ ‘ਇੰਨ੍ਹਾਂ ਨੂੰ ਬਾਲ ਇਯਾਨੇ ਨਾਹ ਜਾਨੋ।’
ਇਹ ਵੀ ਪਾਸ ਕੀਤਾ ਗਿਆ ਕਿ ਇੰਨ੍ਹਾਂ ਨੂੰ ਨਵਾਬ ਮਲੇਰ ਕੋਟਲਾ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਕਿ ਉਹ ਗੁਰੂ ਕੋਲੋਂ ਆਪਣੇ ਭਰਾਵਾ ਦਾ ਬਦਲਾ ਲੈ ਸਕੇ।ਸ਼ੇਰ ਮੁਹੰਮਦ ਖਾਨ ਨੂੰ ਬੁਲਾਇਆ ਗਿਆ ਤੇ ਵਜ਼ੀਰ ਖਾਨ ਨੇ ਕਿਹਾ ਕਿ ਇੰਨ੍ਹਾਂ ਦੇ ਪਿਤਾ ਨੇ ਤੁਹਾਡੇ ਭਰਾਵਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ, ਇੰਨ੍ਹਾਂ ਨੂੰ ਮਾਰ ਕੇ ਇੰਨ੍ਹਾਂ ਦੇ ਪਿਤਾ ਕੋਲੋਂ ਤੁਸੀ ਆਪਣੇ ਭਰਾਵਾਂ ਦਾ ਬਦਲਾ ਲੈ ਸਕਦੇ ਹੋ।ਸ਼ੇਰ ਮੁਹੰਮਦ ਖਾਨ ਨੇ ਨਾਂਹ ਵਿੱਚ ਆਪਣਾ ਸਿਰ ਹਿਲਾ ਦਿੱਤਾ ਤੇ ਕਿਹਾ ਕਿ ਇੰਨ੍ਹਾਂ ਸ਼ੀਰ ਖੋਰ ਬੱਚਿਆਂ ਨੂੰ ਮਾਰਨ ਵਿੱਚ ਕੀ ਬਹਾਦਰੀ ਹੈ। ਜੇ ਮੌਕਾ ਮਿਲਿਆਂ ਤਾਂ ਜੰਗ ਦੇ ਮੈਦਾਨ ਵਿੱਚ ਇੰਨ੍ਹਾਂ ਦੇ ਪਿਤਾ ਨਾਲ ਲੜ ਕੇ ਹਿਸਾਬ ਚੁਕਤਾ ਕਰਾਗਾਂ। ਇੰਨ੍ਹਾਂ ਬੱਚਿਆ ਨੂੰ ਮਾਰਨ ਵਿੱਚ ਸਾਡੀ ਕੀ ਵਡਿਆਈ ਹੋਵੇਗੀ।
ਬਦਲਾ ਹੀ ਲੇਨਾ ਹੋਗਾ ਤੋਂ ਹਮ ਲੇਂਗੇ ਬਾਪ ਸੇ।
ਮਹਿਫੂਜ਼ ਰੱਖੇ ਹਮ ਕੋ ਖੁਦਾ ਐਸੇ ਪਾਪ ਸੇ। (ਸ਼ਹੀਦਾਨਿ ਵਫਾ)
ਸ਼ੇਰ ਮੁਹੰਮਦ ਖਾਨ ਦੇ ਇਹ ਹਮਦਰਦੀ ਭਰੇ ਬੋਲ ਸਿੱਖ ਅੱਜ ਤੱਕ ਨਹੀ ਭੁੱਲੇ। ਅਗਲੇ ਦਿਨ 26 ਦਸੰਬਰ 1704 ਈ: ਨੂੰ ਦੋਨਾਂ ਸਾਹਿਬਜ਼ਾਦਿਆਂ ਨੂੰ ਕਚਿਹਰੀ ਵਿੱਚ ਪੇਸ਼ ਕੀਤਾ ਗਿਆ।ਕਈ ਲਾਲਚ ਡਰਾਵੇ ਦਿੱਤੇ ਗਏ। ਸਾਹਿਬਜ਼ਾਦੇ ਚੜ੍ਹਦੀ ਕਲਾ ਵਿੱਚ ਰਹੇ।ਕਾਜ਼ੀ ਕੋਲੋਂ ਫਤਵਾ ਲਿਆ ਗਿਆ ਤੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ। ਹਰ ਪਾਸੇ ਤੋਂ ਥੱਕ ਹਾਰ ਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨਾਂ ਸ਼ੁਰੂ ਕੀਤਾ ਗਿਆ, ਜਦ ਦੀਵਾਰਾਂ ਛਾਤੀ ਤੱਕ ਪੁੱਜੀਆ ਤਾਂ ਦੋਵੇਂ ਸਾਹਿਬਜ਼ਾਦੇ ਬੇਹੋਸ਼ ਹੋ ਗਏ, ਦੀਵਾਰ ਡਿੱਗ ਪਈ। ਰਾਤ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ਼ ਵਿਚ ਰੱਖਿਆ ਗਿਆ। ਰਾਤ ਨੂੰ ਮਮੀਰਾ ਤੇ ਕਸਤੂਰੀ ਗਰਮ ਵਸਤੂਆਂ ਦਿੱਤੀਆ ਗਈਆਂ। ਤਲੀਆਂ ਤੇ ਮਾਲਿਸ਼ ਕੀਤੀ ਗਈ। ਜਦ ਉਹ ਹੋਸ਼ ਵਿੱਚ ਆਏ ਤਾਂ ਫਿਰ ਅਗਲੀ ਸਵੇਰ ਡਰ ਤੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਭ ਬੇਕਾਰ ਗਈ। ਫਿਰ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਲਾਦਾਂ ਨੇ ਸਾਹਿਬਜ਼ਾਦਿਆਂ ਦੀ ਛਾਤੀ ਤੇ ਗੋਡਾ ਰੱਖ ਕੇ ਛੁਰੀ ਨਾਲ ਕੋਹ ਕੇ ਸ਼ਹੀਦ ਕੀਤਾ। ਸ੍ਰੀ ਗੁਰੂ ਪੰਥ ਪ੍ਰਕਾਸ਼ ਦਾ ਲਿਖਾਰੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ:
Àੜਕ ਸੂਬੇ ਦੁਸ਼ਟ ਸੁਨਾਈ।
ਮਾਰੋ ਗਰਦਨ ਇਨੈ ਇਥਾਂਈ।
ਸ਼ਾਸ਼ਲ ਬੇਗ ਅਰ ਬਾਸ਼ਲ ਬੇਗ।
ਉਭੈ ਜਲਾਦਨ ਖਿਚ ਕੈ ਤੇਗ਼।
ਤਿਸ ਹੀ ਠੋਰ ਖਰਿਉਂ ਕੇ ਸੀਸ।
ਤੁਰਤ ਉਤਾਰੇ ਦੂਸ਼ਟੈਂ ਰੀਸ।
ਪ੍ਰਸਿੱਧ ਸ਼ਾਇਰ ਫ਼ੈਜ਼ ਲਿੱਖਦਾ ਹੈ ਕਿ:
ਯਹ ਜਾਂ ਤੋਂ ਆਨੀ ਜਾਨੀ ਹੈ,
ਇਸ ਜਾ ਕੀ ਤੋ ਕੋਈ ਬਾਤ ਨਹੀਂ।
ਜਿਸ ਧਜ ਸੇ ਕੋਈ ਮਕਤਲ ਮੇਂ ਗਯਾ, ਵੁਹ ਸ਼ਾਨ ਸਲਾਮਤ ਰਹਤੀ ਹੈ।
ਜਦ ਸਾਹਿਬਜ਼ਾਦਿਆ ਦੇ ਸ਼ਹੀਦ ਹੋਣ ਦੀ ਖਬਰ ਮਾਤਾ ਗੁੱਜਰ ਕੌਰ ਜੀ ਕੋਲ ਪਹੁੰਚੀ ਤਾਂ ਮਾਤਾ ਗੁੱਜਰ ਕੌਰ ਜੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ, ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਭੇਦ ਹੋ ਗਏ।ਸਰਹੰਦ ਦੇ ਜੌਹਰੀ ਟੋਡਰ ਮੱਲ ਨੇ ਨਵਾਬ ਵਜ਼ੀਰ ਖਾਂ ਕੋਲੋਂ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਕਰਨ ਦੀ ਆਗਿਆ ਮੰਗੀ ਤਾਂ ਨਵਾਬ ਨੇ ਜ਼ਮੀਨ ਮੁੱਲ ਲੈ ਕੇ ਸਸਕਾਰ ਕਰਨ ਦੀ ਸ਼ਰਤ ਰੱਖ ਦਿੱਤੀ। ਜ਼ਮੀਨ ਵੀ ਮੁੱਲ ਮਿਲੇਗੀ, ਉਹ ਵੀ ਸੋਨੇ ਦੀਆਂ ਮੋਹਰਾਂ ਵਿਛਾ ਕੇ। ਟੋਡਰ ਮੱਲ ਨੇ ਵਜ਼ੀਰ ਖਾਂ ਦੀ ਇਹ ਸ਼ਰਤ ਵੀ ਪੂਰੀ ਕਰ ਦਿੱਤੀ। ਮਾਤਾ ਗੁੱਜਰ ਕੌਰ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਦਾ ਸਸਕਾਰ ਕੀਤਾ। ਉਸ ਥਾਂ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਥਿੱਤ ਹੈ। ਮਾਤਾ ਗੁੱਜਰ ਕੌਰ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੀ ਸ਼ਹੀਦੀ ਨੂੰ ਕੋਟਿਨ ਕੋਟ ਪ੍ਰਣਾਮ।

WRITTEN BY