Skip to content
Independent perspectives. Global stories.
BREAKING

ਗੈਰ ਕਾਨੂੰਨੀ ਬੱਸ ਸੇਵਾ ‘ਤੇ ਰੋਕ ਲੱਗੇ

Share this story

ਪੰਜਾਬ ਵਿੱਚ 2 ਹਜ਼ਾਰ ਤੋਂ ਵੱਧ ਗੈਰ-ਕਾਨੂੰਨੀ ਬੱਸਾਂ ਸਵਾਰੀਆਂ ਦੀ ਢੋਆ-ਢੁਆਈ ‘ਤੇ ਲੱਗੀਆਂ ਹੋਈਆਂ ਹਨ। ਪ੍ਰੰਤੂ ਪੰਜਾਬ ਸਰਕਾਰ ਇਸ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਅਸਫਲ ਹੈ। ਗੈਰ ਕਾਨੂੰਨੀ ਬੱਸ ਸੇਵਾ ਕਾਰਨ ਪੰਜਾਬ ਦੀ ਸਰਕਾਰੀ ਬੱਸ ਸੇਵਾ ਨੂੰ ਭਾਰੀ ਘਾਟਾ ਪੈ ਰਿਹਾ ਹੈ। ਬੇਸ਼ਕ ਸੂਬੇ ਦੀ ਟ੍ਰਾਂਸਪੋਰਟ ਮੰਤਰੀ ਬੈਗਮ ਰਜੀਆ ਸੁਲਤਾਨਾ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਇਸ ਗੈਰ ਕਾਨੂੰਨੀ ਬੱਸ ਸੇਵਾ ਨੂੰ ਰੋਕਿਆ ਜਾਵੇਗਾ। ਉਨ੍ਹਾਂ ਵੱਲੋਂ ਇਸ ਸਬੰਧੀ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਪ੍ਰੰਤੂ ਇਸ ਸਭ ਕੁਝ ਦੇ ਬਾਵਜੂਦ ਮਿਲੀਭੁਗਤ ਦੇ ਨਾਲ ਇਹ ਗੈਰ ਕਾਨੂੰਨੀ ਬੱਸ ਸੇਵਾ ਲਗਾਤਾਰ ਜਾਰੀ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਇਸ ਗੈਰ ਕਾਨੂੰਨੀ ਬੱਸ ਸੇਵਾ ਨੂੰ ਰੋਕਿਆ ਨਹੀਂ ਜਾ ਸਕਿਆ। ਗੈਰ ਕਾਨੂੰਨੀ ਬੱਸਾਂ ਕਾਰਨ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਨੂੰ ਲਗਾਤਾਰ ਘਾਟਾ ਪੈ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਗੈਰ ਕਾਨੂੰਨੀ ਚੱਲਦੀਆਂ ਬੱਸਾਂ ਕੋਲ ਪਰਮਿਟ ਅਤੇ ਹੋਰ ਜ਼ਰੂਰੀ ਕਾਗਜ਼ ਤੱਕ ਨਹੀਂ ਹਨ। ਕਈ ਪ੍ਰਭਾਵਸ਼ਾਲੀ ਵਿਅਕਤੀ ਇਸ ਗੈਰ ਕਾਨੂੰਨੀ ਬੱਸ ਸੇਵਾ ਦੇ ਕਾਲੇ ਕਾਰੋਬਾਰ ਵਿੱਚ ਸ਼ਾਮਿਲ ਹਨ। ਕਈ ਨਿੱਜੀ ਕੰਪਨੀਆਂ ਇਕ ਪਰਮਿਟ ਉੱਪਰ ਇਕ ਤੋਂ ਵੱਧ ਬੱਸਾਂ ਚਲਾ ਰਹੀਆਂ ਹਨ। ਦਿੱਲੀ ਦੇ ਹਵਾਈ ਅੱਡੇ ਲਈ ਵੀ ਇਹ ਗੈਰ ਕਾਨੂੰਨੀ ਬੱਸ ਸੇਵਾ ਬੇਖੌਫ ਜਾਰੀ ਹੈ। ਦੁੱਖ ਦੀ ਗੱਲ ਇਹ ਹੈ ਕਿ ਇਹ ਗੈਰ ਕਾਨੂੰਨੀ ਬੱਸ ਸੇਵਾ ਨਾਲ ਲੋਕਾਂ ਦੀਆਂ ਜੇਬਾਂ ਵੀ ਕੱਟੀਆਂ ਜਾ ਰਹੀਆਂ ਹਨ। ਅਧਿਕਾਰੀ ਖ਼ੁਦ ਇਹ ਮੰਨਦੇ ਹਨ ਕਿ ਜੇਕਰ ਗ਼ੈਰਕਾਨੂੰਨੀ ਚੱਲਦੀਆਂ ਬੱਸਾਂ ਬੰਦ ਕਰ ਦਿੱਤੀਆਂ ਜਾਣ ਤਦ ਇਸ ਨਾਲ ਜਨਤਕ ਖੇਤਰ ਦੀ ਬਸ ਸੇਵਾ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਨੂੰ ਰੋਜ਼ਾਨਾ 25 ਲੱਖ ਰੁਪਏ ਦੀ ਆਮਦਨ ਸਕਦੀ ਹੈ। ਟਰਾਂਸਪੋਰਟ ਵਿਭਾਗ ਵੱਲੋਂ ਗੈਰ ਕਾਨੂੰਨੀ ਬੱਸ ਸੇਵਾ ਸਬੰਧੀ ਬਕਾਇਦਾ ਅੰਕੜੇ ਵੀ ਇਕੱਠੇ ਕੀਤੇ ਗਏ ਹਨ। ਪੰਜਾਬ ਦੇ ਵੱਡੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ ਅਤੇ ਪਠਾਨਕੋਟ ਵਿੱਚ ਗੈਰ ਕਾਨੂੰਨੀ ਬੱਸ ਸੇਵਾ ਦੇ ਵੱਡੇ ਕੇਂਦਰ ਹਨ। ਇਨ੍ਹਾਂ ਸ਼ਹਿਰਾਂ ਤੋਂ ਦੂਸਰੇ ਰਾਜਾਂ ਖਾਸ ਤੌਰ ‘ਤੇ ਦਿੱਲੀ, ਜੰਮੂ, ਰਾਜਸਥਾਨ ਆਦਿ ਦੇ ਪ੍ਰਮੁੱਖ ਸ਼ਹਿਰਾਂ ਨੂੰ ਗੈਰ ਕਾਨੂੰਨੀ ਤੌਰ ‘ਤੇ ਸਿੱਧੀਆਂ ਬੱਸਾਂ ਚਲਾਈਆਂ ਜਾ ਰਹੀਆਂ ਹਨ। ਹੋਰ ਤਾਂ ਹੋਰ ਗੈਰ ਕਾਨੂੰਨੀ ਬੱਸ ਸੇਵਾ ਚਲਾਉਣ ਵਾਲਿਆਂ ਨੇ ਆਪਣੇ ਬਕਾਇਦਾ ਬੂਕਿੰਗ ਦਫਤਰ ਵੀ ਕਾਇਮ ਕਰ ਰੱਖੇ ਹਨ। ਟਰਾਂਸਪੋਰਟ ਅਤੇ ਦੂਸਰੇ ਵਿਭਾਗਾਂ ‘ਚ ਫੈਲੇ ਭ੍ਰਿਸ਼ਟਾਚਾਰ ਕਾਰਨ ਹੀ ਇਸ ਗੈਰ ਕਾਨੂੰਨੀ ਬੱਸ ਸੇਵਾ ਨੂੰ ਰੋਕਿਆ ਨਹੀਂ ਜਾ ਸਕਿਆ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮੁੱਦੇ ‘ਤੇ ਤੁਰੰਤ ਕੋਈ ਸਖਤ ਫੈਸਲਾ ਲਵੇ ਤਾਂ ਜੋ ਜਨਤਕ ਖਜਾਨੇ ਨੂੰ ਲੱਗ ਰਹੇ ਚੂਨੇ ਨੂੰ ਰੋਕਿਆ ਜਾ ਸਕੇ।
– ਬਲਜੀਤ ਸਿੰਘ ਬਰਾੜ

WRITTEN BY