Skip to content
Independent perspectives. Global stories.
BREAKING

ਸੁਰਮੇਦਾਨੀ ਨੂੰ ਯਾਦ ਕਰਦਿਆਂ

Share this story

ਜਿਵੇਂ – ਜਿਵੇਂ ਸਮਾਂ ਬਤੀਤ ਹੁੰਦਾ ਹੈ ਕਈ ਤਰ੍ਹਾਂ ਦੀਆਂ ਨਵੀਆਂ – ਨਵੀਆਂ ਵਸਤਾਂ ਸਾਡੇ ਜੀਵਨ ਵਿੱਚ ਆਉਂਦੀਆਂ ਹਨ ਅਤੇ ਕਈ ਚੀਜ਼ਾਂ ਸਮੇਂ ਦੀ ਤੋਰ ਦੇ ਨਾਲ – ਨਾਲ ਸਾਡੇ ਜੀਵਨ ਤੇ ਸਾਡੇ ਸੱਭਿਆਚਾਰ ਵਿੱਚੋਂ ਅਲੋਪ ਹੋ ਜਾਂਦੀਆਂ ਹਨ। ਅਜਿਹੀਆਂ ਰੋਜ਼ਮਰਾ ਜੀਵਨ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਨੂੰ ਯਾਦ ਕਰਦਿਆਂ ਸੁਰਮੇਦਾਨੀ ਵੀ ਜ਼ਿਹਨ ਵਿੱਚ ਆ ਜਾਂਦੀ ਹੈ। ਅੱਜ ਤੋਂ ਲਗਪਗ ਵੀਹ – ਪੱਚੀ ਸਾਲ ਪਹਿਲਾਂ ਔਰਤਾਂ ਆਪਣੀਆਂ ਅੱਖਾਂ ਦੀ ਖੂਬਸੂਰਤੀ ਵਧਾਉਣ ਦੇ ਲਈ ਸੁਰਮੇ ਦੀ ਵਰਤੋਂ ਕਰਦੀਆਂ ਹੁੰਦੀਆਂ ਸਨ । ਸੁਰਮਾ ਪੱਥਰ ਦੀ ਇੱਕ ਡਲੀ ਜਿਹੀ ਹੁੰਦੀ ਸੀ , ਜਿਸ ਨੂੰ ਪੁਰਾਤਨ ਸਮੇਂ ਵਿੱਚ ਔਰਤਾਂ ਸਿਲ ਵੱਟੇ ਆਦਿ ‘ਤੇ ਮਹੀਨਾ – ਮਹੀਨਾ ਭਰ ਪੀਸ ਕੇ ਬਰੀਕ ਕਰ ਲੈਂਦੀਆਂ ਹੁੰਦੀਆਂ ਸੀ। ਇਸ ਸੁਰਮੇ ਨੂੰ ਜਿਸ ਬਰਤਨ ਵਿੱਚ ਰੱਖਿਆ ਜਾਂਦਾ ਹੁੰਦਾ ਸੀ , ਉਸਨੂੰ ਸੁਰਮੇਦਾਨੀ ਆਖਦੇ ਸਨ। ਇਸ ਸੁਰਮੇ ਨੂੰ ਔਰਤਾਂ ਸਲਾਈ ਜਾਂ ਸੁਰਮਚੂ ਨਾਲ ਅੱਖਾਂ ਵਿੱਚ ਪਾਉਂਦੀਆਂ ਹੁੰਦੀਆਂ ਸੀ। ਲੋਕਾਂ ਨੇ ਆਪਣੀ – ਆਪਣੀ ਘਰੇਲੂ ਆਰਥਿਕ ਸਥਿਤੀ ਅਨੁਸਾਰ ਇਹ ਸੁਰਮੇਦਾਨੀਆਂ ਵੀ ਪਿੱਤਲ , ਚਾਂਦੀ ਜਾਂ ਹੋਰ ਧਾਤਾਂ ਦੀਆਂ ਰੱਖੀਆਂ ਹੋਈਆਂ ਹੁੰਦੀਆਂ ਸਨ ।ਸੁਰਮੇਦਾਨੀ ਦਾਜ ਅਤੇ ਹਰ ਸੁਹਾਗਣ ਦੀ ਸੁਹਾਗ ਪਿਟਾਰੀ ਦਾ ਅਹਿਮ ਹਿੱਸਾ ਹੁੰਦੀ ਸੀ । ਔਰਤਾਂ ਵਿੱਚ ਧਾਰੀ ਬੰਨ੍ਹ ਸੁਰਮਾ ਅਤੇ ਪੂਛਾਂ ਵਾਲਾ ਸੁਰਮਾ ਅੱਖਾਂ ਨੂੰ ਲਗਾਉਣ ਦਾ ਬਹੁਤ ਸੌਂਕ ਹੁੰਦਾ ਸੀ । ਉਦੋਂ ਮੇਲਿਆਂ ਵਿੱਚ ਵੀ ਸੁਰਮੇਦਾਨੀਆਂ ਆਮ ਵੇਚੀਆਂ ਅਤੇ ਖਰੀਦੀਆਂ ਜਾਂਦੀਆਂ ਹੁੰਦੀਆਂ ਸੀ। ਸੁਰਮੇਦਾਨੀ ਹਰ ਔਰਤ ਦੀ ਜਿੰਦ – ਜਾਨ ਹੁੰਦੀ ਸੀ। ਸਿੰਧੂ ਘਾਟੀ ਦੀ ਸੱਭਿਅਤਾ ਦੀ ਹੋਈ ਖੁਦਾਈ ਸਮੇਂ ਸੁਰਮੇਦਾਨੀ ਅਤੇ ਸਲਾਈਆਂ ਦਾ ਮਿਲਣਾ ਸੁਰਮੇਦਾਨੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਪੰਜਾਬੀ ਸੱਭਿਆਚਾਰ, ਵਿਰਸੇ , ਲੋਕ – ਗੀਤਾਂ , ਬੋਲੀਆਂ ਆਦਿ ਵਿੱਚ ਸੁਰਮੇਦਾਨੀ ਦੀ ਖਾਸ ਅਤੇ ਅਹਿਮ ਮਹੱਤਤਾ ਰਹੀ ਹੈ । ਕਿਹਾ ਵੀ ਗਿਆ ਹੈ,
“ ਗੋਰਾ ਰੰਗ ਸ਼ਰਬਤੀ ਅੱਖੀਆਂ ,
ਸੁਰਮੇ ਨਾਲ ਸਜਾਈਆਂ”
ਤੇ
“ਬਿੱਲੀਆਂ ਅੱਖਾਂ ਨੂੰ ,
ਸੁਰਮਾ ਕਹਿਰ ਦੀ ਗੋਲੀ”
ਸਾਡੇ ਅਨੇਕਾਂ ਰਸਮ – ਰਿਵਾਜ ਸੁਰਮੇ ਅਤੇ ਸੁਰਮੇਦਾਨੀ ਨਾਲ ਸੰਬੰਧਿਤ ਹਨ , ਜਿਵੇਂ ਕਿ ਸੁਰਮਾ ਪਵਾਈ ਅਤੇ ਅੱਖ ਸਲਾਈ ਆਦਿ ਦੀ ਰਸਮ ।ਪੁਰਾਣੇ ਸਮੇਂ ਵਿੱਚ ਕੇਵਲ ਵਿਆਹ ਸਮੇਂ ਹੀ ਲੜਕੀਆਂ ਨੂੰ ਸੁਰਮਾ ਪਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ । ਅਥਰਵਵੇਦ ਵਿੱਚ ਵੀ ਵਰ – ਵਧੂ ਦੇ ਅੱਖਾਂ ਵਿੱਚ ਸੁਰਮਾ ਪਾਉਣ ਦੀ ਗੱਲ ਦਾ ਜ਼ਿਕਰ ਆਉਂਦਾ ਹੈ । ਪਹਿਲੇ ਸਮਿਆਂ ਵਿੱਚ ਸੁਹਾਗਣਾਂ ਭਾਂਤ – ਭਾਂਤ ਦੇ ਡਿਜ਼ਾਈਨ ਬਣਾ ਕੇ ਅੱਖਾਂ ਵਿੱਚ ਸੁਰਮਾ ਪਾਉਂਦੀਆਂ ਸਨ ਅਤੇ ਅਤੇ ਠੋਡੀ ਆਦਿ ‘ਤੇ ਤਿਲ ਆਦਿ ਵੀ ਇਸ ਨਾਲ ਬਣਾਉਂਦੀਆਂ ਹੁੰਦੀਆਂ ਸਨ । ਸਮੇਂ ਦੀ ਤੋਰ ਦੇ ਨਾਲ – ਨਾਲ ਅੱਜ ਸੁਰਮੇਦਾਨੀ ਸਾਡੇ ਘਰਾਂ ਵਿੱਚੋਂ ਅਲੋਪ ਹੀ ਹੋ ਗਈ ਹੈ । ਅੱਜ ਪੈਨਸਿਲ ਵਾਲਾ ਸੁਰਮਾ ਜਾਂ ਦ੍ਰਵ ਸੁਰਮਾ ਆਦਿ ਹੋਂਦ ਵਿੱਚ ਆ ਗਏ ਹਨ । ਅੱਜ ਸੁੰਦਰਤਾ ਵਧਾਉਣ ਦੀਆਂ ਦੁਕਾਨਾਂ ਅਤੇ ਨਵੇਂ ਦੌਰ ਦੇ ਮੇਕਅੱਪ ਦੀ ਆਮਦ ਨਾਲ ਸੁਰਮੇਦਾਨੀ ਕੇਵਲ ਵਿਰਸੇ ਦਾ ਪ੍ਰਤੀਕ ਬਣ ਕੇ ਰਹਿ ਗਈ ਹੈ , ਪਰ ਆਪਣੇ ਜ਼ਿਹਨ ਵਿੱਚ ਰਸੀਆਂ – ਵਸੀਆਂ ਵਿਰਸੇ ਦੀਆਂ ਵਸਤਾਂ ਨੂੰ ਭੁਲਾਉਣਾ ਸੌਖਾ ਨਹੀਂ ਹੁੰਦਾ।

WRITTEN BY