ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਸੋਚ, ਕਾਰਗੁਜਾਰੀ ਅਤੇ ਕੰਮਕਾਜ ਬਹੁਤ ਸ਼ਲਾਘਾਯੋਗ ਹੈ। ਉਹ ਸਿੱਖ ਮਸਲਿਆਂ ਪ੍ਰਤੀ ਸੰਤੁਲਿਤ ਪਹੁੰਚ ਰੱਖਦੇ ਹਨ। ਵੱਡੀ ਗੱਲ ਇਹ ਹੈ ਕਿ ਸਿੰਘ ਸਾਹਿਬ ਆਪਣੀ ਗੱਲਬਾਤ ਨੂੰ ਰੱਖਣ ਲਈ ਕਿਸੇ ਦਬਾਅ ਹੇਠ ਨਹੀਂ ਆਉਂਦੇ। ਉਹ ਹਰ ਮਸਲੇ ਉੱਪਰ ਖੁੱਲ੍ਹ ਕੇ ਆਪਣੀ ਰਾਏ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਵਿਦਵਤਾ ਅਤੇ ਸੂਝ-ਬੂਝ ਸਿੱਖ ਭਾਈਚਾਰੇ ਲਈ ਵੱਡੇ ਮਾਣ ਸਤਿਕਾਰ ਦੀ ਗੱਲ ਹੈ। ਉਹ ਆਪਣੇ ਕੰਮਕਾਜ ਨਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਰੁਤਬੇ ਨੂੰ ਬੁਲੰਦ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਇਸ ਸਿਲਸਿਲੇ ਵਿੱਚ ਸਿੰਘ ਸਾਹਿਬ ਵੱਲੋਂ ਸਿੱਖ ਲੀਡਰਸ਼ਿਪ ਬਾਰੇ ਪ੍ਰਗਟ ਕੀਤੇ ਗਏ ਵਿਚਾਰ ਵੱਡਾ ਧਿਆਨ ਮੰਗਦੇ ਹਨ। ਉਨ੍ਹਾਂ ਨੇ ਆਖਿਆ ਹੈ ਕਿ ਮੌਜੂਦਾ ਸਿੱਖ ਸਿਆਸੀ ਲੀਡਰਸ਼ਿਪ ਮਰਿਆਦਾ ਦੇ ਗਿਆਨ ਤੇ ਸਿਧਾਂਤਾਂ ਤੋਂ ਸੱਖਣੀ ਹੈ। ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਪ੍ਰੋਗਰਾਮ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਸਾਡੀਆਂ ਸੰਸਥਾਵਾਂ ਦੀ ਅਗਵਾਈ ਕਰਨ ਵਾਲੇ ਲੀਡਰ ਕਿਸੇ ਹੋਰ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ, ਇਸ ਕਰਕੇ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੋ ਕਾਰਨ ਹੈ ਕਿ ਅੱਜ ਕੌਮ ਵਿੱਚ ਪੈਦਾ ਹੋਈ ਟਕਰਾਅ ਦੀ ਸਥਿਤੀ, ਸੋਸ਼ਲ ਮੀਡੀਆ ਦੇ ਵਧ ਰਹੇ ਦੁਰਪ੍ਰਭਾਵ, ਸੰਪਰਦਾਵਾਂ ਤੇ ਮਿਸ਼ਨਰੀਆਂ ਦਰਮਿਆਨ ਪੈਦਾ ਹੋਏ ਵਿਵਾਦਾਂ ਕਾਰਨ ਨਿਘਾਰ ਆ ਰਿਹਾ ਹੈ। ਸਿੰਘ ਸਾਹਿਬ ਵੱਲੋਂ ਦਰਪੇਸ਼ ਕੌਮੀ ਮਸਲਿਆਂ ਦੇ ਹੱਲ ਲਈ ਵੱਡੀ ਅਤੇ ਨਿਵੇਕਲੀ ਪਹਿਲ ਲੈਂਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਹੋਲੇ-ਮੁਹੱਲੇ ਮੌਕੇ ਮਾਰਚ 2020 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੌਮੀ ਇਜਲਾਸ ਸੱਦਣ ਦਾ ਐਲਾਨ ਕੀਤਾ ਹੈ। ਇਸ ਸਮਾਗਮ ਵਿੱਚ ਸਾਰੀਆਂ ਪੰਥਕ ਧਿਰਾਂ ਦੇ ਪ੍ਰਤੀਨਿਧਾਂ ਨੂੰ ਬੁਲਾਇਆ ਜਾਵੇਗਾ। ਸਿੰਘ ਸਾਹਿਬ ਦਾ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ। ਇਸ ਪ੍ਰੋਗਰਾਮ ਦੀ ਤਿਆਰੀ ਲਈ ਵੱਖ-ਵੱਖ ਪੱਧਰਾਂ ‘ਤੇ ਡੂੰਘੀ ਵਿਚਾਰ ਚਰਚਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਪ੍ਰੋਗਰਾਮ ਸਫਲਤਾ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕੌਮ ਨੂੰ ਸਹੀ ਦਿਸ਼ਾ ਦੇਣਗੇ ਅਤੇ ਉਸ ਨੂੰ ਮੌਜੂਦਾ ਸੰਕਟ ਵਿੱਚੋਂ ਕੱਢਣ ਲਈ ਅਹਿਮ ਭੂਮਿਕਾ ਅਦਾ ਕਰਨਗੇ। ਮੌਜੂਦਾ ਸਮੇਂ ਸਿੱਖਾਂ ਅੰਦਰ ਪੈਦਾ ਹੋ ਰਹੀ ਬੇਭਰੋਸਗੀ ਅਤੇ ਧਾਰਮਿਕ ਮੁੱਦਿਆਂ ਉੱਪਰ ਬੇਲੋੜੇ ਵਿਵਾਦ ਬਹੁਤ ਹੀ ਚਿੰਤਾ ਦਾ ਵਿਸ਼ਾ ਹਨ। ਇਹ ਮਸਲੇ ਤਦ ਹੀ ਹੱਲ ਹੋ ਸਕਦੇ ਹਨ ਜੇਕਰ ਕੌਮ ਅੰਦਰ ਨਵੀਂ ਸੋਚ ਅਤੇ ਨੌਜਵਾਨ ਲੀਡਰਸ਼ਿਪ ਉਭਾਰੀ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਇਸ ਮਾਮਲੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਵੱਡੇ ਵਿਵਾਦਾਂ ਦੇ ਬਾਵਜੂਦ ਸਿੱਖ ਕੌਮ ਹਾਲੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਵਿੱਚ ਡੂੰਘਾ ਵਿਸ਼ਵਾਸ ਰੱਖਦੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਏ ਗਏ ਫੈਸਲਿਆਂ ਅੱਗੇ ਸਿਰ ਝੁਕਾਉਂਦੀ ਹੈ। ਜੇਕਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸੂਝ-ਬੂਝ ਨਾਲ ਅੱਗੇ ਵੱਧਦੇ ਹਨ ਤਾਂ ਉਹ ਮੌਜੂਦਾ ਸਮੇਂ ਇਤਿਹਾਸਕ ਭੂਮਿਕਾ ਨਿਭਾਅ ਸਕਦੇ ਹਨ।
– ਬਲਜੀਤ ਸਿੰਘ ਬਰਾੜ



