ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਦੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਵਿੱਚ ਕੁਝ ਮਹੀਨੇ ਹੀ ਬਾਕੀ ਹਨ ਪਰ ਇਹ ਬੇਹੱਦ ਚਿੰਤਾ ਵਾਲੀ ਗੱਲ ਹੈ ਕਿ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕਾਂਗਰਸ ਪਾਰਟੀ, ਵਿਧਾਇਕਾਂ, ਮੰਤਰੀਆਂ ਅਤੇ ਵਰਕਰਾਂ ਦੇ ਇਕ ਹਿੱਸੇ ਅੰਦਰ ਕਈ ਸਵਾਲ ਉੱਠ ਖੜ੍ਹੇ ਹੋਏ ਹਨ। ਪਾਰਟੀ ਦੇ ਕੁਝ ਵਿਧਾਇਕ ਅਤੇ ਹੋਰ ਅਹਿਮ ਆਗੂ ਖੁੱਲ੍ਹੇ ਤੌਰ ‘ਤੇ ਸਰਕਾਰ ਦੀ ਕਾਰਗੁਜਾਰੀ ‘ਤੇ ਗੰਭੀਰ ਦੋਸ਼ ਲਗਾ ਰਹੇ ਹਨ। ਪਿਛੇ ਜਿਹੇ ਵਿਧਾਇਕਾਂ ਤੇ ਮੰਤਰੀਆਂ ਦੀ ਬੈਠਕ ਵਿੱਚ ਵੀ ਅਜਿਹੇ ਮਸਲੇ ਉਠਾਏ ਗਏ ਹਨ। ਹੋਰ ਤਾਂ ਹੋਰ ਜਲੰਧਰ ਵਿਖੇ ਪਾਰਟੀ ਦੀ ਇਕ ਮੀਟਿੰਗ ਦੌਰਾਨ ਲੱਗਭਗ ਸਾਰੇ ਨੇਤਾਵਾਂ ਵੱਲੋਂ ਸਰਕਾਰ ਦੇ ਕੰਮਕਾਜ ਬਾਰੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਖੁਦ ਇਹ ਮੰਨ ਰਹੇ ਹਨ ਕਿ ਲੋਕਾਂ, ਕਾਂਗਰਸੀ ਵਰਕਰਾਂ ਤੇ ਸੂਬੇ ਦੀ ਅਫ਼ਸਰਸ਼ਾਹੀ ਵਿਚਾਲੇ ਰਾਜ ਦੀਆਂ ਮੁਸ਼ਕਲਾਂ ਬਾਰੇ ਬਹੁਤ ਵੱਡਾ ਪਾੜਾ ਹੈ। ਉਨ੍ਹਾਂ ਨੇ ਇਹ ਵੀ ਆਖਿਆ ਹੈ ਕਿ ਮੁੱਖ ਮੰਤਰੀ ਪੰਜਾਬ ਦਰਪੇਸ਼ ਸਮੱਸਿਆਵਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਹੱਲ ਕਰਨ। ਪਟਿਆਲਾ ਨਾਲ ਸਬੰਧਤ ਇਕ ਵਿਧਾਇਕ ਖੁੱਲ੍ਹੇ ਤੌਰ ‘ਤੇ ਮਾਲ ਅਧਿਕਾਰੀਆਂ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਪਟਿਆਲਾ ਨਾਲ ਸਬੰਧਤ ਬਾਗੀ ਕਾਂਗਰਸੀ ਵਿਧਾਇਕਾਂ ਦੀਆਂ ਸਰਗਰਮੀਆਂ ਸਰਕਾਰ ਲਈ ਕਾਫੀ ਚਿੰਤਾ ਵਾਲੀਆਂ ਹਨ। ਪੰਜਾਬ ਸਰਕਾਰ ਬਾਰੇ ਪੈਦਾ ਹੋਈਆਂ ਗਲਤਫਹਿਮੀਆਂ ਨੂੰ ਤੁਰੰਤ ਦੂਰ ਕਰਨ ਦੀ ਜ਼ਰੂਰਤ ਹੈ। ਇਸ ਮਾਮਲੇ ਵਿੱਚ ਮੁੱਖ ਮੰਤਰੀ ਪੰਜਾਬ ਪਾਰਟੀ ਵਰਕਰਾਂ, ਵਿਧਾਇਕਾਂ ਅਤੇ ਦੂਸਰੇ ਨੇਤਾਵਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ। ਸਰਕਾਰ ਲਈ ਵਿਧਾਇਕਾਂ ਅਤੇ ਵਰਕਰਾਂ ਦੀਆਂ ਸ਼ਿਕਾਇਤਾਂ ਦੂਰ ਕਰਨਾ ਕੋਈ ਮੁਸ਼ਕਿਲ ਕਾਰਜ ਨਹੀਂ ਹੈ। ਇਸ ਲਈ ਬਕਾਇਦਾ ਵਿਆਪਕ ਸੰਪਰਕ ਪ੍ਰੋਗਰਾਮ ਚਲਾਇਆ ਜਾਵੇ। ਅਫਸਰਸ਼ਾਹੀ ਨੂੰ ਵੀ ਇਕ ਸਖਤ ਸੰਦੇਸ਼ ਦੇਣ ਦੀ ਜ਼ਰੂਰਤ ਹੈ। ਜਦੋਂ ਤੱਕ ਮੁੱਖ ਮੰਤਰੀ ਖੁਦ ਇਸ ਮਾਮਲੇ ਵਿੱਚ ਅੱਗੇ ਨਹੀਂ ਆਉਂਦੇ ਤਦ ਤੱਕ ਇਹ ਸੰਕਟ ਹੋਰ ਗੰਭੀਰ ਹੁੰਦਾ ਜਾਵੇਗਾ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਮੁੱਖ ਮੰਤਰੀ ਪੰਜਾਬ ਸੂਬੇ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਉੱਪਰ ਕੋਈ ਭ੍ਰਿਸ਼ਟਾਚਾਰ ਦਾ ਦੋਸ਼ ਤੱਕ ਨਹੀਂ ਹੈ। ਉਹ ਸਰਕਾਰ ਦੇ ਕੰਮਕਾਜ ਪ੍ਰਤੀ ਵੀ ਕਾਫੀ ਜਾਗਰੂਕ ਹਨ। ਲੋੜ ਸਿਰਫ ਗਲਤਫਹਿਮੀਆਂ ਨੂੰ ਦੂਰ ਕਰਨ ਦੀ ਹੈ। ਜਿਥੇ ਸਰਕਾਰ ਦੇ ਕੰਮਕਾਜ ਵਿੱਚ ਕਮੀਆਂ ਹਨ। ਉਸ ਨੂੰ ਫੌਰੀ ਤੌਰ ‘ਤੇ ਦੂਰ ਕੀਤਾ ਜਾਵੇ। ਸਰਕਾਰ ਨੂੰ ਆਪਣਾ ਲੋਕ ਸੰਪਰਕ ਵਧਾਉਣ ਲਈ ਅੱਗੇ ਆਉਣਾ ਹੋਵੇਗਾ। ਸਰਕਾਰ ਕੋਲ ਕੰਮ ਕਰਨ ਲਈ ਹਾਲੇ 2 ਸਾਲ ਤੋਂ ਵੱਧ ਸਮਾਂ ਪਿਆ ਹੈ। ਇਸ ਸਮੇਂ ਨੂੰ ਸਰਕਾਰ ਯੋਗ ਤਰੀਕੇ ਨਾਲ ਉਪਯੋਗ ਕਰਕੇ ਸਭ ਦੀਆਂ ਸ਼ਿਕਾਇਤਾਂ ਨੂੰ ਦੂਰ ਕਰ ਸਕਦੀ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਬੰਧੀ ਨਵੀਂ ਪਹਿਲਕਦਮੀ ਲੈਣਗੇ। ਮੁੱਖ ਮੰਤਰੀ ਦੀ ਇਹ ਪਹਿਲ ਬਹੁਤ ਵਧੀਆ ਹੈ ਕਿ ਜਨਵਰੀ ਤੋਂ ਸਮੁੱਚੇ ਸਰਕਾਰੀ ਵਿਭਾਗਾਂ ਦਾ ਸਮੁੱਚਾ ਕੰਮਕਾਜ ਈ-ਆਫਿਸ ਰਾਹੀਂ ਹੋਵੇਗਾ। ਸਰਕਾਰ ਦੇ ਇਸ ਕਦਮ ਨਾਲ ਕੰਮਕਾਜ ਵਿੱਚ ਤੇਜ਼ੀ ਆਵੇਗੀ ਅਤੇ ਭ੍ਰਿਸ਼ਟਾਚਾਰ ਰੋਕਣ ਵਿੱਚ ਮੱਦਦ ਮਿਲੇਗੀ। ਇਸ ਤਰ੍ਹਾਂ ਦੀਆਂ ਹੋਰ ਪਹਿਲਾਂ ਨਾਲ ਸਰਕਾਰ ਦੀ ਕਾਰਗੁਜਾਰੀ ਨੂੰ ਆਸਾਨੀ ਨਾਲ ਸੁਧਾਰਿਆ ਜਾ ਸਕਦਾ।
– ਬਲਜੀਤ ਸਿੰਘ ਬਰਾੜ



