Skip to content
Independent perspectives. Global stories.
BREAKING

ਅਪਰਾਧਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣੇ

Share this story

ਦੇਸ਼ ਵਿੱਚ ਸੰਗੀਨ ਅਪਰਾਧ ਲਗਾਤਾਰ ਵੱਧ ਰਹੇ ਹਨ। ਇਸ ਨਾਲ ਆਮ ਲੋਕਾਂ ਖਾਸ ਕਰਕੇ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਬਹੁਤ ਹੀ ਭਿਆਨਕ ਹਾਲਾਤ ਬਣੇ ਹੋਏ ਹਨ। ਅਪਰਾਧਾਂ ਨੂੰ ਰੋਕਣ ਲਈ ਦੇਸ਼ ਵਿੱਚ ਸਖਤ ਕਾਨੂੰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਕਾਨੂੰਨ ਦੀਆਂ ਕਮਜ਼ੋਰੀਆਂ ਅਤੇ ਚੋਰ ਮੋਰੀਆਂ ਕਾਰਨ ਅਪਰਾਧੀਆਂ ਨੂੰ ਸਜ਼ਾ ਨਹੀਂ ਮਿਲਦੀ ਜਾਂ ਉਹ ਬਚ ਨਿਕਲਦੇ ਹਨ। ਲਗਾਤਾਰ ਅਪਰਾਧ ਵੱਧਣ ਦਾ ਇਹ ਇਕ ਵੱਡਾ ਕਾਰਨ ਹੈ। ਮੌਜੂਦਾ ਅਪਰਾਧਕ ਕਾਨੂੰਨਾਂ ਤਹਿਤ ਸਜ਼ਾਵਾਂ ਹੋਣ ਦੀ ਦਰ 23 ਫ਼ੀਸਦੀ ਤੋਂ ਵੀ ਘੱਟ ਦੱਸੀ ਜਾ ਰਹੀ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਹੀ ਕੇਂਦਰ ਸਰਕਾਰ ਵੱਲੋਂ ਅੰਗਰੇਜ਼ੀ ਰਾਜ ਸਮੇਂ ਬਣਾਏ ਗਏ ਕਾਨੂੰਨ ਇੰਡੀਅਨ ਪੀਨਲ ਕੋਡ (ਆਈਪੀਸੀ) ਤੇ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ (ਸੀਆਰਪੀਸੀ) ਵਿਚ ਤਬਦੀਲੀ ਦੀ ਯੋਜਨਾ ਬਣਾਈ ਜਾ ਰਹੀ ਹੈ। ਸਰਕਾਰ ਅਪਰਾਧ ਜਾਂਚ ਦੀ ਪ੍ਰਕਿਰਿਆ ਦਾ ਖ਼ਾਕਾ ਤਿਆਰ ਕਰ ਰਹੀ ਹੈ, ਇਸ ਵਿਚ ਖ਼ਾਸ ਤੌਰ ‘ਤੇ ਫੌਰੈਂਸਿਕ ਸਬੂਤਾਂ ਨੂੰ ਤਵੱਜੋਂ ਦਿੱਤੀ ਜਾਵੇਗੀ ਤਾਂ ਕਿ ਸਜ਼ਾਵਾਂ ਦੀ ਦਰ ਵਧੇ। ਅਪਰਾਧ ਰਿਕਾਰਡ ਬਿਊਰੋ ਦੀ ਰਿਪੋਰਟ ਮੁਤਾਬਕ ਕੌਮੀ ਪੱਧਰ ‘ਤੇ ਸਜ਼ਾਵਾਂ ਦੀ ਦਰ ਭਾਰਤ ਵਿਚ ਬੇਹੱਦ ਘੱਟ ਹੈ। ਸੰਗੀਨ ਅਪਰਾਧਾਂ ਨਾਲ ਸਬੰਧਤ ਕੇਸਾਂ ਵਿੱਚ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਸਬੰਧੀ ਵੀ ਪੁਰਾਣੇ ਕਾਨੂੰਨ ਵਿੱਚ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਇਸ ਕਾਰਨ ਲੋਕ ਗਵਾਹੀਆਂ ਦੇਣ ਤੋਂ ਡਰਦੇ ਹਨ ਜਾਂ ਗਵਾਹੀਆਂ ਦੇਣ ਤੋਂ ਮੁਕਰ ਜਾਂਦੇ ਹਨ। ਅੰਕੜਿਆਂ ਮੁਤਾਬਿਕ ਕੇਰਲ ‘ਚ ਸਜ਼ਾਵਾਂ ਦੀ ਦਰ ਸਭ ਤੋਂ ਵੱਧ 84 ਫ਼ੀਸਦੀ ਹੈ ਜਦਕਿ ਬਿਹਾਰ ਦੀ ਸਭ ਤੋਂ ਘੱਟ 10 ਫ਼ੀਸਦੀ ਹੈ। ‘ਕ੍ਰਾਈਮ ਇਨ ਇੰਡੀਆ-2017’ ਮੁਤਾਬਕ ਆਈਪੀਸੀ ਦੇ ਘੇਰੇ ਵਿਚ ਆਉਂਦੇ 30,62,579 ਅਪਰਾਧਾਂ ਤਹਿਤ 37,27,909 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 35,72,935 ਜਣੇ ਚਾਰਜਸ਼ੀਟ ਹੋਏ ਤੇ ਸਿਰਫ਼ 8,73,983 ਵਿਅਕਤੀਆਂ ਨੂੰ ਸਜ਼ਾ ਹੋਈ। ਜਦਕਿ 12,65,590 ਜਣੇ ਬਰੀ ਜਾਂ ਦੋਸ਼ ਮੁਕਤ ਹੋ ਗਏ। ਇਸ ਹਾਲਾਤਾਂ ਵਿੱਚ ਤਬਦੀਲੀ ਲਈ ਤੁਰੰਤ ਕਾਰਵਾਈ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਜਦੋਂ ਤੱਕ ਅਪਰਾਧੀਆਂ ਨੂੰ ਸਜ਼ਾ ਦੇਣ ਦੀ ਦਰ ਨਹੀਂ ਵਧਾਈ ਜਾਂਦੀ ਤਦ ਤੱਕ ਅਪਰਾਧਾਂ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ। ਸਰਕਾਰ ਨੂੰ ਇਸ ਸਬੰਧੀ ਕਾਨੂੰਨ ਵਿੱਚ ਸੋਧ ਦਾ ਬਿੱਲ ਜਲਦ ਤੋਂ ਜਲਦ ਸੰਸਦ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਇਸ ਸੋਧ ਸਬੰਧੀ ਚੱਲ ਰਹੀ ਪ੍ਰਕਿਰਿਆ ਨੂੰ ਹੋਰ ਤੇਜ ਕੀਤਾ ਜਾਵੇ। ਦੇਸ਼ ਦੀ ਤਰੱਕੀ ਅਤੇ ਆਮ ਨਗਾਰਿਕਾਂ ਦੀ ਸੁਰੱਖਿਆ ਲਈ ਅਪਰਾਧਾਂ ਨੂੰ ਠੱਲ੍ਹ ਪਾਉਣਾ ਬੇਹੱਦ ਜ਼ਰੂਰੀ ਹੈ।
– ਬਲਜੀਤ ਸਿੰਘ ਬਰਾੜ

WRITTEN BY