ਜਲਾਲਾਬਾਦ- ਸਮੇਂ ਸਮੇਂ ਦੀਆਂ ਸਰਕਾਰਾਂ ਦੇ ਨਿਰਦੇਸ਼ਾ ਦੇ ਤਹਿਤ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਲਗਾ ਕੇ ਕੈਂਪ ‘ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਤਾਂ ਜੋ ਕਿ ਕਿਸਾਨ ਜਾਗਰੂਕ ਹੋ ਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ । ਪਰ ਇਨ੍ਹਾਂ ਕੈਂਪਾਂ ਦਾ ਕਿਸਾਨਾਂ ‘ਤੇ ਕੋਈ ਵੀ ਅਸਰ ਹੁੰਦਾ ਨਜ਼ਰ ਨਹੀ ਆ ਰਿਹਾ । ਕਿਸਾਨ ਝੋਨੇ ਦੀ ਫਸਲ ਦੀ ਕਟਾਈ ਕਰਨ ਤੋਂ ਬਾਅਦ ਖੇਤ ‘ਚ ਖੜ੍ਹ ਪਰਾਲੀ ਨੂੰ ਜ਼ਮੀਨ ‘ਚ ਵਹਾਉਣ ਦੀ ਬਿਜਾਏ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ ਅਤੇ ਕਿਸਾਨਾਂ ਦੀ ਰਵਾਇਤੀ ਜਿੱਦ ਅੱਗੇ ਸਰਕਾਰ ਤੇ ਪ੍ਰਸ਼ਾਸ਼ਨ ਵੀ ਪੂਰੀ ਤਰ੍ਹਾਂ ਨਾਲ ਬੇਵੱਸ ਹੈ। ਪਿਛਲੇ ਕਈ ਸਾਲਾਂ ਤੋਂ ਲੜੀਵਾਰ ਪਰਾਲੀ ਨੂੰ ਕਿਸਾਨਾਂ ਵੱਲੋਂ ਅੱਗ ਲਗਾਉਣ ਦਾ ਸਿਲਸਿਲਾ ਜਾਰੀ ਹੈ। ਇਸੇ ਤਰ੍ਹਾਂ ਹੀ ਇਸ ਵਾਰ ਵੀ ਵਿਧਾਨ ਸਭਾ ਹਲਕੇ ਜਲਾਲਾਬਾਦ ‘ਚ ਝੋਨੇ ਦੀ ਕਟਾਈ ਦਾ ਸੀਜਨ ਤੇਜ਼ੀ ‘ਤੇ ਚੱਲ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਲਈ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ । ਪਰਾਲੀ ਨੂੰ ਅੱਗ ਲੱਗਣ ਦੇ ਕਾਰਨ ਜਿਥੇ ਕਿ ਵਾਤਾਵਰਨ ਪੂਰੀ ਤਰ੍ਹਾਂ ਨਾਲ ਪ੍ਰਦੂਸ਼ਤ ਹੋ ਰਿਹਾ ਹੈ ਅਤੇ ਇਸਦੇ ਨਾਲ ਅਸਮਾਨ ‘ਚ ਛਾਈ ਧੂੰਏ ਦੀ ਚਿੱਟੀ ਚਾਂਦਰ ਦੇ ਕਾਰਨ ਸੜਕ ਹਾਦਸੇ ਵਾਪਰਨ ਦਾ ਵੀ ਖਦਸ਼ਾ ਬਣਿਆ ਹੋਇਆ ਹੈ। । ਜਿਸਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ‘ਤੇ ਵੀ ਮਾੜਾ ਅਸਰ ਪੈਂਦਾ ਹੈ।
ਧੂੰਏਂ ਕਾਰਨ ਸਭ ਤੋਂ ਜਿਆਦਾ ਪ੍ਰਭਾਵਿਤ ਹੋ ਰਹੀਆਂ ਹਨ ਅੱਖਾਂ -ਅੱਖਾਂ ਦੇ ਮਾਹਿਰਾਂ ਅਨੁਸਾਰ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਕਟਾਈ ਤੋਂ ਵਿਹਲੇ ਹੋਣ ਤੋਂ ਬਾਅਦ ਕਣਕ ਦੀ ਬਿਜਾਈ ਲਈ ਖੇਤਾਂ ਦੀ ਤਿਆਰੀ ਕਰਨ ਦੇ ਲਈ ਪਿਛਲੇ ਕਈ ਸਾਲਾਂ ਤੋਂ ਸਾੜੀ ਜਾ ਰਹੀ ਪਰਾਲੀ ਦਾ ਸਿੱਧੇ ਤੌਰ ‘ਤੇ ਅਸਰ ਵਾਤਾਵਰਨ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਖੇਤੀਬਾੜੀ ਅਧੀਨ ਹਜ਼ਾਰਾਂ ਏਕੜ ਰਕਬੇ ਤੋਂ ਪਰਾਲੀ ਨੂੰ ਅੱਗ ਲਗਾਉਣ ਕਾਰਨ ਨਿਕਲਣ ਵਾਲੇ ਜ਼ਹਿਰੀਲੇ ਧੂੰਏ ਕਾਰਨ ਜਿਥੇ ਕਿ ਵਾਤਾਵਰਨ ਪ੍ਰਦੂਸ਼ਤ ਹੋ ਰਿਹਾ ਹੈ ਅਤੇ ਇਸਦੇ ਨਾਲ ਹੀ ਅਸਮਾਨ ‘ਚ ਧੂੰਏ ਦੇ ਬੱਦਲ ਛਾਂਏ ਹੋਏ ਹਨ। ਇਸਦਾ ਅਸਰ ਮਨੁੱਖ ਦੀਆਂ ਅੱਖਾਂ ‘ਤੇ ਪੈ ਰਿਹਾ ਹੈ ਅਤੇ ਜ਼ਹਿਰੀਲੇ ਧੂੰਏ ਕਾਰਨ ਦਮਾ ਅਤੇ ਸਾਹ ਦੇ ਮਰੀਜ਼ਾਂ ਦੀਆਂ ਮੁਸ਼ਕਲਾਂ ਦਿਨੋਂ ਦਿਨੋਂ ਵੱਧ ਰਹੀਆਂ ਹਨ। ਦੀਵਾਲੀ ਤੋਂ ਬਾਅਦ ਸਵੇਰੇ ਅਤੇ ਸ਼ਾਮ ਸਮੇਂ ਅਸਮਾਨ ‘ਚ ਧੂੰਏ ਦੀ ਚਾਂਦਰ ਕਾਰਨ ਦੋ ਪਹੀਆਂ ਵਾਹਨ ਚਾਲਕਾਂ ਨੂੰ ਅੱਖਾਂ ‘ਚ ਜਲਣ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣ੍ਹਾ ਕਰਨਾ ਪੈ ਰਿਹਾ ਹੈ ਅਤੇ ਜ਼ਹਿਰੀਲੇ ਧੂੰਏ ਦੇ ਕਾਰਨ ਦਿਨ ਸਮੇਂ ਵੀ ਮਾਹੌਲ ਰਾਤ ਵਰਗਾ ਬਣਿਆ ਹੋਇਆ ਹੈ । ਇਸ ਧੂੰਏ ਦੀ ਚਿੱਟੀ ਚਾਂਦਰ ਦੇ ਕਾਰਨ ਲੋਕਾਂ ਨੂੰ ਮੂੰਹ ਤੇ ਮਾਸਕ ਲੈ ਬਿਨ੍ਹਾਂ ਘਰਾਂ ਤੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ ਅਤੇ ਹਸਪਤਾਲਾਂ ‘ਚ ਵੀ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ । ਪਰ ਇਸ ਜ਼ਹਿਰੀਲੇ ਧੂੰਏ ਦਾ ਅਸਰ ਸਵੇਰੇ ਅਤੇ ਸ਼ਾਮ ਨੂੰ ਇਸਦਾ ਅਸਰ ਸਭ ਤੋਂ ਜਿਆਦਾ ਵੇਖਣ ਨੂੰ ਮਿਲ ਰਿਹਾ ਹੈ। ਮਾਹਿਰ ਡਾਕਟਰਾਂ ਦੇ ਅਨੁਸਾਰ ਪਰਾਲੀ ਨੂੰ ਅੱਗ ਲਗਾਉਣ ਨਾਲ ਨਿਕਲਣ ਵਾਲੇ ਧੂੰਏ ਕਾਰਨ ਸਾਹ , ਅਲੈਰਜੀ , ਅੱਖਾਂ ‘ਚ ਲਾਲਗੀ , ਖਾਸ ਅਤੇ ਹੋਰ ਵੀ ਕਈ ਨਾਮੁਰਾਦ ਬਿਮਾਰੀਆਂ ਮਨੁੱਖ ਨੂੰ ਆਪਣੀ ਚਪੇਟ ‘ਚ ਲੈ ਸਕਦੀਆਂ ਹਨ। ਇਸਤੋਂ ਇਲਾਵਾ ਸਭ ਤੋਂ ਜਿਆਦਾ ਨੁਕਸਾਨ ਛੋਟੇ ਬੱਚਿਆਂ ਅਤੇ ਬਜੁਰਗਾਂ ਨੂੰ ਹੋ ਰਿਹਾ ਹੈ।
ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤਾਂ ‘ਚ ਹੀ ਵਾਹਉਣ –ਬਲਾਕ ਖੇਤੀਬਾੜੀ ਅਫਸਰ ਜਲਾਲਾਬਾਦ ਮੈਂਡਮ ਹਰਪ੍ਰੀਤ ਪਾਲ ਕੌਰ -ਜਲਾਲਾਬਾਦ ਦੇ ਬਲਾਕ ਖੇਤੀਬਾੜੀ ਅਫਸਰ ਮੈਂਡਮ ਹਰਪ੍ਰੀਤ ਪਾਲ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਿਲਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾ ਦੇ ਤਹਿਤ ਪਿੰਡ ਪਿੰਡ ਪੱਧਰ ‘ਤੇ ਨੋਡਲ ਅਫਸਰਾਂ ਦੀਆਂ ਟੀਮਾਂ ਕੰਮ ਕਰ ਰਹੀਆਂ ਅਤੇ ਜਿਹੜੀਆਂ ਕਿ ਖੇਤਾਂ ‘ਚ ਅੱਗ ਲੱਗਣ ਦੇ ਬਾਰੇ ਖੇਤੀਬਾੜੀ ਵਿਭਾਗ ਨੂੰ ਜਾਣਕਾਰੀ ਦਿੰਦਿਆਂ ਹਨ। ਖੇਤੀਬਾੜੀ ਅਫਸਰ ਮੈਂਡਮ ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਝੋਨੇ ਦੀ ਫਸਲ ਨੂੰ ਤਿਆਰ ਕਰਨ ਸਮੇਂ ਜਿਹੜੇ ਵੀ ਕਿਸਾਨ ਫਸਲ ਨੂੰ ਖੁਰਾਕੀ ਤੱਤ ਪਾਉਂਦੇ ਹਨ ਉਸਦੇ ‘ਚ 70 ਤੋਂ 80 ਫੀਸਦੀ ਤੱਤ ਪਰਾਲੀ ‘ਚ ਹੁੰਦੇ ਹਨ। ਪਰ ਕਿਸਾਨਾਂ ਵੱਲੋਂ ਪਾਰਲੀ ਨੂੰ ਅੱਗ ਲਗਾਉਣ ਨਾਲ ਜਿਥੇ ਕਿ ਖੁਰਾਕੀ ਤੱਤ ਨਸ਼ਟ ਕਰ ਦਿੱਤੇ ਜਾਂਦੇ ਹਨ ਇਸਤੋਂ ਇਲਾਵਾ ਧਰਤੀ ਦੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਇਸਦੇ ਨਾਲ ਹੀ ਧਰਤੀ ਦੀ ਉਪਲਰੀ ਤਹਿ ਵੀ ਸੜ ਜਾਂਦੀ ਹੈ ਤੇ ਜ਼ਮੀਨ ਦਾ ਜੈਵਿਕ ਮਾਦਾ ਵੀ ਬਹੁਤ ਘੱਟ ਹੋ ਜਾਂਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ‘ਚ ਵਹਾਉਣ ਜਿਥੇ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਵੱਧੇਗੀ ਅਤੇ ਵਾਤਾਵਰਨ ਵੀ ਪ੍ਰਦੂਸ਼ਤ ਹੋਣ ਤੇ ਬੱਚੇਗਾ।
ਸਰਕਾਰ ਕਿਸਾਨਾਂ ਨੂੰ ਪਰਾਲੀ ਨਸ਼ਟ ਕਰਨ ਲਈ ਸਬਸਿਡੀ ‘ਤੇ ਸੰਦ ਦੇਵੇ -ਪੰਜਾਬ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ -ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪੰਜਾਬ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦਾ ਫੈਸਲਾ ਉਸਦੇ ਮੁਤਾਬਕ ਸਰਕਾਰਾਂ ਕਿਸਾਨਾਂ ਨੂੰ ਖੇਤੀਬਾੜੀ ਸੰਦ ਸਬਸਿਡੀ ‘ਤੇ ਦੇਵੇ ਅਤੇ ਨਾਲ ਹੀ ਪਰਾਲੀ ਨੂੰ ਖੇਤ ‘ਚ ਵਾਹਉਣ ਵਾਲਾ ਘੱਟੋ ਘੱਟ ਲਾਗਤ ਖਰਚਾ ਕਿਸਾਨਾਂ ਦਿੱਤਾ ਜਾਵੇ ਤਾਂ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤਾ ‘ਚ ਵਾਹ ਕੇ ਨਸ਼ਟ ਕਰ ਸਕਣ । ਸੰਧੂ ਨੇ ਕਿਹਾ ਕਿ ਪਹਿਲਾ ਪੰਜਾਬ ਦਾ ਅੰਨਦਾਤਾ ਕਿਸਾਨ ਆਰਥਿਕ ਮੰਦਹਾਲੀ ‘ਚੋਂ ਗੁਜਰ ਕੇ ਖੁਦਕੁਸ਼ੀਆਂ ਕਰ ਰਿਹਾ ਹੈ ਅਤੇ ਸਮੇਂ ਦੀਆਂ ਸਰਕਾਰਾਂ ਵੀ ਪਰਾਲੀ ਦਾ ਹੱਲ ਕੱਢਣ ਲਈ ਵਿਸ਼ੇਸ਼ ਧਿਆਨ ਦੇਣ । ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਮਜਬੂਰੀ ਹੈ।
– ਮਿੱਕੀ ਧਮੀਜਾ
ਪੱਤਰਕਾਰ ‘ਪੰਜਾਬ ਟਾਇਮਜ਼’



