Skip to content
Independent perspectives. Global stories.
BREAKING

ਲਾਂਘੇ ਦੇ ਖੁੱਲ੍ਹਣ ਨਾਲ ਨਵੇਂ ਰਾਹ ਖੁੱਲ੍ਹਣਗੇ

Share this story

ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਲਈ ਲਾਂਘੇ ਦਾ ਕਾਰਜ ਲਗਭਗ ਮੁਕੰਮਲ ਹੋਣ ਵਾਲਾ ਹੈ। 9 ਨਵੰਬਰ ਤੋਂ ਸ਼ਰਧਾਲੂਆਂ ਦਾ ਆਉਣ-ਜਾਣ ਸ਼ੁਰੂ ਹੋਵੇਗਾ। ਇਹ ਇਕ ਵੱਡਾ ਇਤਿਹਾਸਕ ਮੌਕਾ ਹੈ। ਇਹ ਲਾਂਘਾ ਸਿਰਫ ਇਕ ਗੁਰਦੁਆਰਾ ਸਾਹਿਬ ਲਈ ਰਸਤਾ ਨਹੀਂ ਸਗੋਂ ਇਹ ਹੋਰ ਨਵੇਂ ਰਾਹਾਂ ਲਈ ਲਾਂਘਾ ਹੋ ਨਿਬੜੇਗਾ। ਇਸ ਲਾਂਘੇ ਕਾਰਨ ਆਉਣ ਵਾਲੇ ਸਮੇਂ ਵਿੱਚ ਦੱਖਣੀ ਏਸ਼ੀਆ ਦੇ ਹਾਲਾਤ ਬਦਲਣਗੇ। ਲਾਂਘੇ ਦਾ ਇਹ ਮਹੱਤਵ ਛੇਤੀ ਹੀ ਉਜਾਗਰ ਹੋਵੇਗਾ। ਜੇਕਰ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਜਨਾਬ ਇਮਰਾਨ ਖਾਨ ਆਪਣੇ ਸਹੁੰ ਚੁੱਕ ਸਮਾਗਮ ਸਮੇਂ ਲਾਂਘੇ ਲਈ ਉਚੇਚੇ ਤੌਰ ‘ਤੇ ਪਹਿਲਕਦਮੀ ਨਾ ਲੈਂਦੇ ਤਦ ਇਸ ਅਹਿਮ ਕਾਰਜ ਦਾ ਸ਼ੁਰੂ ਹੋਣਾ ਹੀ ਸੰਭਵ ਨਹੀਂ ਸੀ। ਭਾਰਤ ਵਾਲੇ ਪਾਸੇ ਲਾਂਘੇ ਦੀ ਅੰਦਰ ਹੀ ਅੰਦਰ ਭਾਰੀ ਵਿਰੋਧਤਾ ਹੋ ਰਹੀ ਸੀ। ਲਾਂਘੇ ਦੀ ਪ੍ਰਵਾਨਗੀ ਅਤੇ ਪਹਿਲਕਦਮੀ ਲਈ ਸਾਬਕਾ ਕ੍ਰਿਕੇਟਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦਾ ਵੱਡਾ ਯੋਗਦਾਨ ਹੈ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਨੂੰ ਲਾਂਘੇ ਦੀ ਗੱਲ ਤੋਰਨ ਲਈ ਆਪਣੇ ਅਹੁਦੇ ਦੀ ਬਲੀ ਦੇਣੀ ਪਈ ਹੈ। ਇਹ ਵੀ ਬੜੇ ਅਫਸੋਸ ਦੀ ਗੱਲ ਹੈ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸ. ਸਿੱਧੂ ਵੱਲੋਂ ਇਸ ਸਬੰਧ ਵਿੱਚ ਨਿਭਾਈ ਗਈ ਭੂਮਿਕਾ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ। ਹੋਰ ਤਾਂ ਹੋਰ ਲਾਂਘੇ ਸਬੰਧੀ ਹੋਣ ਵਾਲੇ ਮੁੱਖ ਸਮਾਗਮਾਂ ਵਿੱਚ ਵੀ ਭਾਰਤ ਵਾਲੇ ਪਾਸੇ ਤੋਂ ਉਨ੍ਹਾਂ ਨੂੰ ਸੱਦਾ ਪੱਤਰ ਤੱਕ ਨਹੀਂ ਦਿੱਤਾ ਜਾ ਰਿਹਾ ਹੈ। ਉਂਝ ਇਹ ਮਾਣ ਵਾਲੀ ਗੱਲ ਹੈ ਕਿ ਪਾਕਿਸਤਾਨ ਦੇ ਵਜੀਰ-ਏ-ਆਜ਼ਮ ਜਨਾਬ ਇਮਰਾਨ ਖਾਨ ਨੇ ਪਾਕਿਸਤਾਨ ਵਾਲੇ ਪਾਸੇ 9 ਨਵੰਬਰ ਨੂੰ ਹੋਣ ਵਾਲੇ ਸਮਾਗਮ ਲਈ ਸ. ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਸ. ਸਿੱਧੂ ਨੂੰ ਇਹ ਸੱਦਾ ਪੱਤਰ ਪ੍ਰਵਾਨ ਕਰਕੇ ਸਮਾਗਮ ਵਿੱਚ ਜ਼ਰੂਰ ਸ਼ਮੂਲੀਅਤ ਕਰਨੀ ਚਾਹੀਦੀ ਹੈ। ਦੇਸ਼-ਵਿਦੇਸ਼ ਦੇ ਲੱਖਾਂ ਸ਼ਰਧਾਲੂ ਇਸ ਦਿਸ਼ਾ ਵਿੱਚ ਸ. ਸਿੱਧੂ ਵੱਲੋਂ ਨਿਭਾਈ ਗਈ ਭੂਮਿਕਾ ਦੇ ਭਾਰੀ ਪ੍ਰਸੰਸ਼ਕ ਅਤੇ ਹਮਾਇਤੀ ਹਨ। ਪੰਜਾਬ ਅਤੇ ਸਿੱਖ ਵਿਰੋਧੀ ਕੁਝ ਤਾਕਤਾਂ ਵੱਲੋਂ ਸ. ਸਿੱਧੂ ਖਿਲਾਫ ਬੇਲੋੜਾ ਹੋ-ਹੱਲਾ ਕੀਤਾ ਗਿਆ। ਉਨ੍ਹਾਂ ਨੂੰ ਦੇਸ਼ ਧਿਰੋਹੀ ਅਤੇ ਅੱਤਵਾਦੀ ਤੱਕ ਐਲਾਨਿਆ ਗਿਆ। ਇਹ ਵੀ ਅਫਸੋਸ ਦੀ ਗੱਲ ਹੈ ਕਿ ਇਹ ਤਾਕਤਾਂ ਨਵੰਬਰ 2018 ਤੱਕ ਲਾਂਘੇ ਦੇ ਰਾਹ ਵਿੱਚ ਅੜਿੱਕੇ ਪਾਉਣ ਵਿੱਚ ਲੱਗੀਆਂ ਹੋਈਆਂ ਸਨ। ਜਦ ਪਾਕਿਸਤਾਨ ਵੱਲੋਂ ਇੱਕ ਤਰਫਾ ਪਹਿਲ ਕਰਦਿਆਂ 28 ਨਵੰਬਰ 2018 ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦੇ ਕਾਰਜ ਲਈ ਨੀਂਹ ਪੱਧਰ ਸਮਾਗਮ ਰੱਖ ਲਿਆ ਗਿਆ ਤਾਂ ਭਾਰਤ ਨੇ ਦੁਨੀਆਂ ਵਿੱਚ ਬਦਨਾਮੀ ਹੁੰਦੀ ਦੇਖ ਰਾਤੋ-ਰਾਤ 26 ਨਵੰਬਰ 2018 ਨੂੰ ਭਾਰਤ ਵਾਲੇ ਪਾਸੇ ਸਮਾਗਮ ਦਾ ਐਲਾਨ ਕਰ ਦਿੱਤਾ। ਲਾਂਘੇ ਦੇ ਸਬੰਧ ਵਿੱਚ ਹਾਲੇ ਵੀ ਰਾਜਨੀਤੀ ਹੋ ਰਹੀ ਹੈ। ਸਿੱਖ ਭਾਈਚਾਰੇ ਨੂੰ ਪੂਰੇ ਜਾਬਤੇ ਵਿੱਚ ਰਹਿ ਕੇ ਗੁਰੂ ਸਾਹਿਬ ਜੀ ਦੀ ਇਸ ਕ੍ਰਿਪਾ ਲਈ ਕੋਟਿ-ਕੋਟਿ ਧੰਨਵਾਦੀ ਹੋਣਾ ਚਾਹੀਦਾ ਹੈ। ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਜਿਸ ਲਾਂਘੇ ਕਾਰਨ ਸ. ਸਿੱਧੂ ਨੂੰ ਆਪਣਾ ਸਿਆਸੀ ਰੁਤਬਾ ਗੁਆਉਣਾ ਪਿਆ ਹੈ, ਇਸ ਲਾਂਘੇ ਕਾਰਨ ਹੀ ਉਹ ਆਉਣ ਵਾਲੇ ਸਮੇਂ ਵਿੱਚ ਵੱਡੇ ਸਿਆਸੀ ਨੇਤਾ ਵਜੋਂ ਉਭਰਨਗੇ।
– ਬਲਜੀਤ ਸਿੰਘ ਬਰਾੜ

WRITTEN BY