ਕੇਂਦਰ ਅਤੇ ਪੰਜਾਬ ਸਰਕਾਰ ਵਾਅਦੇ ਦੇ ਬਾਵਜੂਦ ਝੋਨੇ ਦੀ ਪਰਾਲੀ ਦੇ ਨਿਪਟਾਰੇ ਦਾ ਹੱਲ ਕੱਢਣ ਵਿੱਚ ਬੁਰੀ ਤਰ੍ਹਾਂ ਅਸਫਲ ਹੋਈਆਂ ਹਨ। ਸਰਕਾਰ ਦੀ ਨਾਕਾਮੀ ਕਾਰਨ ਹੀ ਗਰੀਬ ਕਿਸਾਨਾਂ ਨੂੰ ਪਰਾਲੀ ਦਾ ਨਿਪਟਾਰਾ ਅੱਗ ਲਗਾ ਕੇ ਕਰਨਾ ਪੈ ਰਿਹਾ ਹੈ। ਕਿਸਾਨਾਂ ਕੋਲ ਪਰਾਲੀ ਦੇ ਨਿਪਟਾਰੇ ਦਾ ਕੋਈ ਯੋਗ, ਸਸਤਾ ਅਤੇ ਸਰਲ ਉਪਾਅ ਨਹੀਂ ਹੈ। ਇਹੋ ਕਾਰਨ ਹੈ ਕਿ ਝੋਨੇ ਦੀ ਕਟਾਈ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਪੰਜਾਬ ਵਿੱਚ ਤਾਂ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ‘ਚ 45 ਫ਼ੀਸਦੀ ਵਾਧਾ ਹੋਇਆ ਦੱਸਿਆ ਜਾ ਰਿਹਾ ਹੈ। ਅਜਿਹੇ ਮਾਮਲੇ ਅੰਮ੍ਰਿਤਸਰ ‘ਚ ਸਭ ਤੋਂ ਵੱਧ ਸਾਹਮਣੇ ਆਏ ਹਨ। ਪ੍ਰਸ਼ਾਸਨ ਢੀਠਤਾ ਨਾਲ ਇਹ ਦਾਅਵੇ ਕਰ ਰਿਹਾ ਹੈ ਕਿ ਹੌਲੀ-ਹੌਲੀ ਇਹ ਅੰਕੜਾ ਹੇਠਾਂ ਆ ਜਾਵੇਗਾ। ਪਰਾਲੀ ਦੇ ਨਿਪਟਾਰੇ ਕਾਰਨ 15 ਅਕਤੂਬਰ ਤੋਂ 15 ਨਵੰਬਰ ਤੱਕ ਦਾ ਸਮਾਂ ਬਹੁਤ ਨਾਜ਼ਕ ਸਮਝਿਆ ਜਾਂਦਾ ਹੈ। ਇਸ ਦੌਰਾਨ ਝੋਨੇ ਦੀ ਵਾਢੀ ਦਾ ਜ਼ੋਰ ਹੁੰਦਾ ਹੈ। ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਕਿਸਾਨ ਅਗਲੀ ਫਸਲ ਦੀ ਤਿਆਰੀ ਲਈ ਪਰਾਲੀ ਦਾ ਨਿਪਟਾਰਾ ਸੌਖੇ ਤਰੀਕੇ ਨਾਲ ਕਰਨ ਹਿੱਤ ਉਸ ਨੂੰ ਅੱਗ ਲਗਾ ਕੇ ਸਾੜ ਦਿੰਦੇ ਹਨ। ਇਸ ਕਾਰਨ ਭਾਰੀ ਧੂੰਆਂ ਅਤੇ ਪ੍ਰਦੂਸ਼ਣ ਫੈਲਦਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ 11 ਅਕਤੂਬਰ ਤੱਕ ਪਰਾਲੀ ਸਾੜਨ ਦੀਆਂ 435 ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਸਨ ਜਦੋਂ ਕਿ ਇਸ ਸਾਲ ਇਹ ਅੰਕੜਾ 630 ਤੱਕ ਪਹੁੰਚ ਚੁੱਕਾ ਹੈ। ਕੇਵਲ ਅੰਮ੍ਰਿਤਸਰ ‘ਚ ਹੀ 295 ਅੱਗ ਲਾਉਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਤਰਨਤਾਰਨ ਤੇ ਪਟਿਆਲਾ ‘ਚ ਕ੍ਰਮਵਾਰ 126 ਤੇ 57 ਘਟਨਾਵਾਂ ਵਾਪਰੀਆਂ ਹਨ। ਕੇਂਦਰ ਦੇ ਅੰਕੜਿਆਂ ਅਨੁਸਾਰ ਪੰਜਾਬ ‘ਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ‘ਚ 1 ਤੋਂ 10 ਅਕਤੂਬਰ ਤੱਕ ਸਾਲ 2016 ਦੀਆਂ 1714 ਘਟਨਾਵਾਂ ਦੇ ਮੁਕਾਬਲੇ ਇਸ ਸਾਲ 430 ਘਟਨਾਵਾਂ ਹੀ ਸਾਹਮਣੇ ਆਈਆਂ ਹਨ। ਪਰਾਲੀ ਦੇ ਨਿਪਟਾਰੇ ਲਈ ਪੰਜਾਬ ਸਰਕਾਰ ਨੇ ਹੁਣ ਤੱਕ ਕਿਸਾਨਾਂ ਤੇ ਕੋਆਪਰੇਟਿਵ ਸੁਸਾਇਟੀਆਂ ਨੂੰ ਹੈਪੀ ਸੀਡਰ, ਐਸ. ਐਮ. ਐਸ., ਮਲਚਰ ਤੇ ਹੋਰ ਵੱਖ-ਵੱਖ 28000 ਮਸ਼ੀਨਾਂ ਦਿੱਤੀਆਂ ਹਨ ਅਤੇ ਇਸ ਸਾਲ 23000 ਹੋਰ ਮਸ਼ੀਨਾਂ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਉਣ ਦਾ ਦਾਅਵਾ ਵੀ ਕੀਤਾ ਗਿਆ ਹੈ। ਸਰਕਾਰੀ ਦਾਅਵਿਆਂ ਮੁਤਾਬਿਕ ਸੂਬੇ ਵਿੱਚ 6000 ਤੋਂ ਵੱਧ ਟੀਮਾਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਣਾਈਆਂ ਗਈਆਂ ਹਨ। ਕੁਝ ਵੀ ਹੋਵੇ ਹਵਾ ਦੇ ਪ੍ਰਦੂਸ਼ਣ ਨੂੰ ਹਰ ਤਰੀਕੇ ਨਾਲ ਰੋਕਿਆ ਜਾਣਾ ਚਾਹੀਦਾ ਹੈ। ਕਿਸਾਨਾਂ ਨੂੰ ਇਸ ਵਿੱਚ ਸਹਿਯੋਗ ਕਰਨ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਕਿਸਾਨਾਂ ਨੂੰ ਸਹੂਲਤਾਂ ਅਤੇ ਸਹਾਇਤਾ ਮੁਹੱਈਆ ਕਰਵਾਏ।
– ਬਲਜੀਤ ਸਿੰਘ ਬਰਾੜ



