Skip to content
Independent perspectives. Global stories.
BREAKING

ਪੰਜਾਬੀ ਬੋਲੀ ਪ੍ਰਤੀ ਉਦਾਸੀਨਤਾ ਠੀਕ ਨਹੀਂ

Share this story

ਮਨੁੱਖ ਆਪਣੇ ਮਨ ਦੀਆਂ ਭਾਵਨਾਵਾਂ ਵਿਅਕਤ ਕਰਨ ਦੇ ਲਈ ਭਾਸ਼ਾ ਦਾ ਸਹਾਰਾ ਲੈਂਦਾ ਹੈ । ਭਾਸ਼ਾ ਸਾਡੇ ਵਿਚਾਰਾਂ ਦੇ ਆਦਾਨ – ਪ੍ਰਦਾਨ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ ।ਮਨੁੱਖ ਜਨਮ ਤੋਂ ਹੀ ਮਾਤਾ ਦੀ ਗੋਦੀ ਵਿੱਚ ਬੈਠ ਕੇ ਘਰ – ਪਰਿਵਾਰ ਵਿੱਚ ਜਿਸ ਭਾਸ਼ਾ ਨੂੰ ਸੁਣਦਾ – ਸਮਝਦਾ ਹੈ ਅਤੇ ਬੋਲਣ ਲੱਗ ਪੈਂਦਾ ਹੈ , ਉਹ ਮਾਤ – ਭਾਸ਼ਾ ਅਖਵਾਉਂਦੀ ਹੈ ।ਜਿਵੇਂ : ਪੰਜਾਬੀ ਭਾਸ਼ਾ ਸਾਡੀ ਮਾਤ – ਭਾਸ਼ਾ ਹੈ , ਪਰ ਵਰਤਮਾਨ ਵਿੱਚ ਇਹ ਮਹਿਸੂਸ ਕਰਨ ਨੂੰ ਮਿਲਦਾ ਹੈ ਕਿ ਅਸੀਂ ਘਰ – ਪਰਿਵਾਰ ਜਾਂ ਸਮਾਜ ਵਿੱਚ ਪੰਜਾਬੀ ਭਾਸ਼ਾ ਬੋਲਣ ਤੋਂ ਜਾਣੇ – ਅਣਜਾਣੇ ਵਿੱਚ ਪਿੱਛੇ ਹਟਦੇ ਜਾ ਰਹੇ ਹਾਂ। ਕਈ ਵਾਰ ਪੰਜਾਬੀ ਭਾਸ਼ਾ ਵਿੱਚ ਗੱਲ ਕਰਨ ਨੂੰ ਅਸੱਭਿਅਕ ਸਮਝਣ ਦੀ ਭੁੱਲ ਵੀ ਕਰ ਬੈਠਦੇ ਹਾਂ । ਨਤੀਜੇ ਵਜੋਂ ਅਸੀਂ ਆਪਣੀ ਮਾਣਮੱਤੀ , ਸੱਭਿਅਕ , ਗੌਰਵਮਈ , ਮਹਾਂਪੁਰਖਾਂ ਦੀ ਰਚਾਈ – ਵਸਾਈ ਤੇ ਮਿਠਾਸ ਭਰੀ ਮਾਤ – ਭਾਸ਼ਾ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਾਂ । ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਭਾਸ਼ਾ ਦੀ ਖਾਸ ਅਹਿਮੀਅਤ ਹੈ । ਕੋਈ ਵੀ ਭਾਸ਼ਾ ਸਧਾਰਨ ਜਾਂ ਵਿਸ਼ੇਸ਼ ਨਹੀਂ ਹੋ ਸਕਦੀ । ਸਾਨੂੰ ਸਾਰੀਆਂ ਭਾਸ਼ਾਵਾਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਭ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕਿਸੇ ਭਾਸ਼ਾ ਨੂੰ ਚੰਗੀ , ਮਾੜੀ , ਘੱਟ ਜਾਂ ਵੱਧ ਅਹਿਮੀਅਤ ਵਾਲੀ ਸਮਝਣ , ਮੰਨਣ ਅਤੇ ਵਿਅਕਤ ਕਰਨ ਦਾ ਭਰਮ ਪਾਲਣ ਦੀ ਭੁੱਲ ਨਹੀਂ ਕਰਨੀ ਚਾਹੀਦੀ । ਖਾਸ ਤੌਰ ‘ਤੇ ਆਪਣੀ ਮਾਤ – ਭਾਸ਼ਾ ਪੰਜਾਬੀ ਨੂੰ ਕਦੇ ਵੀ ਹੀਣਭਾਵਨਾ , ਸੌੜੀ ਸੋਚ ਅਤੇ ਸੰਕੀਰਣਤਾ ਨਾਲ ਸੋਚਣ – ਸਮਝਣ ਦੀ ਕੁਤਾਹੀ ਨਹੀਂ ਕਰਨੀ ਬਣਦੀ । ਪੰਜਾਬੀ ਭਾਸ਼ਾ ਨੂੰ ਸਾਡੇ ਗੁਰੂਆਂ , ਪੀਰਾਂ , ਫ਼ਕੀਰਾਂ , ਬੁੱਧੀਜੀਵੀਆਂ , ਮਹਾਨ ਲੇਖਕਾਂ , ਸੂਫੀ ਸੰਤਾਂ , ਪ੍ਰਸਿੱਧ ਕਵੀਆਂ , ਸਾਹਿਤਕਾਰਾਂ , ਭਗਤਾਂ , ਰਾਜਿਆਂ – ਮਹਾਰਾਜਿਆਂ , ਕਵੀਆਂ , ਕਹਾਣੀਕਾਰਾਂ ਤੇ ਵਿਦਵਾਨਾਂ ਦੀ ਪਿਆਰੀ ਤੇ ਮਿੱਠੀ ਬੋਲੀ ਹੋਣ ਦਾ ਮਾਣ ਹਾਸਲ ਹੈ । ਪੰਜਾਬੀ ਭਾਸ਼ਾ ਬੁੱਲ੍ਹੇ ਸ਼ਾਹ, ਸੇਖ ਫਰੀਦ ਜੀ , ਕਾਦਰਯਾਰ , ਹਾਸ਼ਮ ਸ਼ਾਹ , ਵਾਰਿਸ ਸ਼ਾਹ , ਭਾਈ ਵੀਰ ਸਿੰਘ ਜੀ ਦੀ ਮਾਣਮੱਤੀ ਭਾਸ਼ਾ ਰਹੀ ਅਤੇ ਇਨ੍ਹਾਂ ਮਹਾਂਪੁਰਖਾਂ ਦੀਆਂ ਰਚਨਾਵਾਂ ਤੇ ਕਲਮ ਦੀ ਸ਼ਾਨ ਬਣੀ । ਪੰਜਾਬੀ ਭਾਸ਼ਾ ਵਿਚਲੀ ਸਰਲਤਾ ਅਤੇ ਮਿਠਾਸ ਕਰਕੇ ਹੀ ਇਸ ਨੂੰ ਸਭਨਾਂ ਦੇ ਦਿਲਾਂ ‘ਤੇ ਰਾਜ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ । ਮਾਖਿਓਂ ਮਿੱਠੀ ਬੋਲੀ ਪੰਜਾਬੀ ‘ਤੇ ਹਰ ਪੰਜਾਬੀ ਨੂੰ ਮਾਣ ਹੈ।
ਸਾਨੂੰ ਆਪਣੀ ਪਿਆਰੀ ਮਾਤ – ਭਾਸ਼ਾ ਪੰਜਾਬੀ ਬੋਲਣ , ਪੜ੍ਹਨ , ਲਿਖਣ ਪ੍ਰਤੀ ਘੇਸਲ ਨਹੀਂ ਵੱਟਣੀ ਚਾਹੀਦੀ ; ਕਿਉਂਕਿ ਪੰਜਾਬੀ ਭਾਸ਼ਾ ਵਿੱਚ ਪਿਆਰ ਹੈ , ਸ਼ਾਂਤੀ ਹੈ , ਸਕੂਨ ਹੈ , ਮਿਠਾਸ ਹੈ , ਆਪਣਾਪਣ ਹੈ , ਰਵਾਨੀ ਹੈ , ਲੈਅ ਹੈ , ਜਿੰਦਾਦਿੱਲੀ ਹੈ , ਵਿਰਾਸਤੀ ਖੁਸ਼ਬੂ ਹੈ , ਸਾਡੀਆਂ ਭਾਵਨਾਵਾਂ ਹਨ, ਸਾਂਝੀਵਾਲਤਾ ਹੈ , ਇੱਕ ਉਮੰਗ ਤੇ ਤਰੰਗ ਹੈ , ਇੱਕ ਅਹਿਸਾਸ ਹੈ , ਇੱਕ ਜੋਸ਼ ਹੈ।

WRITTEN BY