Skip to content
Independent perspectives. Global stories.
BREAKING

ਰਾਖਵੇਂ ਕਰਨ ਦੇ ਚੱਕਰਵਿਊ ‘ਚ ਫਸਿਆ ਦਲਿਤ ਸਮਾਜ!

Share this story

ਆਰਥਿਕ ਮੰਦੀ ਨੂੰ ਦਰ ਕਿਨਾਰ ਕਰਕੇ ਭਾਜਪਾ ਸਰਕਰ ਸਮਾਜਿਕ ਵੰਡੀਆਂ ਦੇ ਸਹਾਰੇ ਸਤਾ ਵਿਚ ਬਣੇ ਰਹਿਣ ਲਈ ਯਤਨਸ਼ੀਲ ਹੈ।ਨੋਟ ਬੰਦੀ ਅਤੇ ਜੀ ਐਸ ਟੀ ਦੇ ਮਾਮਲਿਆਂ ਵਿਚ ਅਸਫਲ ਹੋਣ ਤੋਂ ਬਾਅਦ ਆਪਣੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਸਰਕਾਰ ਆਪਣੇ ਭੱਥੇ ਵਿਚੋਂ ਨਵੇਂ ਤੋਂ ਨਵੇਂ ਤੀਰ ਕੱਢ ਰਹੀ ਹੈ। ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਕਨੂੰਨ, ਇੱਕ ਦੇਸ਼ ਇੱਕ ਬੋਲੀ ਵਰਗੇ ਨਾਅਰਿਆਂ ਤੋਂ ਬਾਅਦ ਵੱਡੀ ਗੱਲ ਨਹੀਂ ਕਿ ਉਹ ਇੱਕ ਦੇਸ਼ ਇੱਕ ਪਾਰਟੀ ਦਾ ਨਾਅਰਾ ਬੁਲੰਦ ਕਰਨ ਵੱਲ ਤੁਰ ਪਵੇ। ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਚੋਂ ਅਜੇ ਸਰਕਰ ਨੇ ਪੂਣੀ ਵੀ ਨਹੀਂ ਕੱਤੀ। ਸਰਕਾਰ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਹਲਕੇ ਪੱਧਰ ਦੀ ਸਿਆਸਤ ਕਰਨ ਦੇ ਰੌਅ ਵਿਚ ਹੈ । ਇਸ ਸਮੇਂ ਦਲਿਤਾਂ ਦੇ ਸਿਰ ਤੇ ਰਾਖਵਾਂਕਰਨ ਖਤਮ ਕੀਤੇ ਜਾਣ ਦੀ ਤਲਵਾਰ ਲਟਕ ਰਹੀ ਹੈ। ਧਾਰਾ 370 ਅਤੇ ਤੀਨ ਤਲਾਕ ਤੋਂ ਬਾਅਦ ਭਾਜਪਾ ਸਰਕਰ ਜੋ ਅਗਲਾ ਕਦਮ ਉਠਾਏਗੀ ਉਹ ਉਸ ਦੇ ਹਿੰਦੂਤੱਤਵੀ ਏਜੰਡੇ ਦਾ ਅਹਿਮ ਹਿੱਸਾ ਹੋਵੇਗਾ। ਰਾਜਸੀ ਮਾਹਿਰਾਂ ਦੀ ਰਾਏ ਹੈ ਕਿ ਪਹਿਲਾਂ ਸਰਕਾਰ ਰਾਖਵਾਂ ਕਰਨ ਖਤਮ ਕਰੇਗੀ ਅਤੇ ਉਸ ਤੋਂ ਫੌਰੀ ਬਾਅਦ ਰਾਮ ਮੰਦਰ ਦਾ ਮੁੱਦਾ ਉਛਾਲੇਗੀ ਤਾਂ ਕਿ ਸੰਭਾਵਿਤ ਦਲਿਤ ਵਿਦਰੋਹ ਅਤੇ ਹਿੰਸਾ ਨੂੰ ਮੰਦਰ ਦੇ ਰਾਮ ਰੌਲੇ ਨਾਲ ਠੰਢਾ ਕੀਤਾ ਜਾ ਸਕੇ। ਸੁਪਰੀਮ ਕੋਰਟ ਵਿਚ ਵੀ ਮੰਦਰ ਕੇਸ ਨਾਲ ਸਬੰਧਿਤ ਗਤੀ ਵਿਧੀਆਂ ਤੇਜ ਹੋ ਗਈਆਂ ਹਨ।ਪਿਛਲੇ ਦਿਨੀਂ ਆਰ ਐਸ ਐਸ ਸੁਪਰੀਮੋ ਮੋਹਨ ਭਾਗਵਤ ਨੇ ਆਪਣੇ ਮਨਸੂਬੇ ਇਹ ਕਹਿ ਕੇ ਜਾਹਰ ਕਰ ਦਿੱਤੇ ਹਨ ਕਿ ਰਾਖਵਾਂਕਰਨ ਵਿਰੋਧੀ ਅਤੇ ਸਮਰਥਕ ਧਿਰਾਂ ਨੂੰ ਸੁਖਾਵੇਂ ਮਹੌਲ ਵਿਚ ਬੈਠ ਕੇ ਇਸ ਮਸਲੇ ਤੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ।ਇਹ ਬਿਆਨ ਭਾਜਪਾ ਦੀ ਸੋਚੀ ਸਮਝੀ ਚਾਲ ਦਾ ਹਿੱਸਾ ਹੈ। ਸਪਸ਼ਟ ਹੈ ਕਿ ਇਸ ਚਰਚਾ ਨੁਮਾ ਬਹਿਸ ਨਾਲ ਪੂਰੇ ਦੇਸ਼ ਅੰਦਰ ਵਵਾਲ ਮਚੇਗਾ। ਸੰਘ ਪਰਿਵਾਰ ਇਹੀ ਚਾਹੁੰਦਾ ਹੈ। ਸੋਸ਼ਿਲ ਮੀਡੀਆ ਉੱਤੇ ਇਹ ਮਾਮਲਾ ਲਗਾਤਾਰ ਤੂਲ ਫੜ ਰਿਹਾ ਹੈ, ਜਿਸ ਵਿਚ ਰਾਖਵਾਂਕਰਨ ਵਿਰੋਧੀਆਂ ਦਾ ਹੱਥ ਉੱਤੇ ਦਿਖਾਈ ਦੇ ਰਿਹਾ ਹੈ ਜਿਸ ਦੇ ਕਈ ਕਾਰਨ ਹਨ। ਸੰਨ 2014 ਦੀਆਂ ਲੋਕ ਸਭਾਈ ਚੋਣਾਂ ਦੌਰਾਨ ਪਹਿਲੀ ਵਾਰ ਦਲਿਤ ਵੱਡੀ ਪੱਧਰ ਤੇ ਭਾਜਪਾ ਦੀ ਤਰਫ ਝੁਕੇ ਸਨ।ਇਸ ਦੀ ਬੜੀ ਵਜ੍ਹਾ ਬਤੌਰ ਪ੍ਰਧਾਨ ਮੰਤਰੀ ਉਮੀਦਵਾਰ ਪੇਸ਼ ਕੀਤੇ ਗਏ ਨਰਿੰਦਰ ਮੋਦੀ ਦਾ ਉਸ ਤੇਲੀ ਸਾਹੂ ਜਾਤ ਨਾਲ ਸਬੰਧਿਤ ਹੋਣਾ ਸੀ ਜਿਸ ਦੀ ਗਿਣਤੀ ਅਜ ਵੀ ਹੇਠਲੇ ਦਲਿਤਾਂ ਵਿਚ ਕੀਤੀ ਜਾਂਦੀ ਹੈ। ਦਲਿਤਾਂ ਦੇ ਨਰਿੰਦਰ ਮੋਦੀ ਦੇ ਪੱਖ ਵਿਚ ਭੁਗਤਣ ਦਾ ਵੱਡਾ ਕਾਰਨ ਇਹ ਸੀ ਕਿ ਦਲਿਤ ਜਗਤ ਨੂੰ ਮੋਦੀ ਵਿਚੋਂ ਆਪਣੀ ਪਛਾਣ ਨਜ਼ਰ ਆਉਣ ਲੱਗ ਪਈ ਸੀ। ਉਸ ਸਮੇ ਲੋਕਾਂ ,ਖ਼ਾਸ ਕਰ ਕੇ ਦਲਿਤਾਂ ਨੂੰ ਲੱਗਾ ਕਿ ਭਾਜਪਾ ਕੇਵਲ ਸਵਰਨਾਂ ਦੀ ਹੀ ਨਹੀਂ ਬਲਕਿ ਉਹਨਾਂ ਦੀ ਪਾਰਟੀ ਵੀ ਹੈ ਜਿਸ ਨੇ ਪੀ ਐਮ ਉਮੀਦਵਾਰ ਲਈ ਇੱਕ ਦਲਿਤ ਚਿਹਰਾ ਪੇਸ਼ ਕੀਤਾ ਹੈ। ਉਸ ਤੋਂ ਬਾਅਦ ਵੀ ਭਾਜਪਾ ਨੇ ਦਲਿਤ ਪ੍ਰੇਮ ਵਾਲਾ ਵਿਖਾਵਾ ਜਾਰੀ ਰੱਖਿਆ ਅਤੇ ਤਰ੍ਹਾਂ ਤਰ੍ਹਾਂ ਦੇ ਡਰਾਮੇ ਕੀਤੇ ਜਿਹਨਾਂ ਵਿਚ ਭਾਜਪਾ ਦੇ ਵੱਡੇ ਨੇਤਾਵਾਂ ਵਲੋਂ ਦਲਿਤਾਂ ਦੇ ਘਰ ਜਾ ਕੇ ਉਹਨਾਂ ਨਾਲ ਭੋਜਨ ਖਾਣਾ,ਦਲਿਤ ਸੰਤਾਂ ਨਾਲ ਕੁੰਭ ਇਸ਼ਨਾਨ ਕਰਨਾ ਅਤੇ ਨਰਿੰਦਰ ਮੋਦੀ ਵਲੋਂ ਖੁਦ ਦਲਿਤਾਂ ਅਤੇ ਗਰੀਬ ਲੋਕਾਂ ਦੇ ਪੈਰ ਸਾਫ ਕਰਨੇ ਸ਼ਾਮਲ ਹਨ। ਇਹਨਾਂ ਵਿਖਾਵਿਆਂ ਦਾ ਅਸਰ ਹੋਇਆ ਤੇ ਦਲਿਤ ਵੋਟ ਭਾਜਪਾ ਨੂੰ ਪਏ। 2019 ਦੀਆਂ ਚੋਣਾਂ ਵਿਚ ਰਾਖਵਾਂ ਕਰਨ ਮੁੱਦਾ ਬਣ ਸਕਦਾ ਸੀ ਪਰ ਪੁਲਵਾਮਾ ਅਤੇ ਬਾਲਾਕੋਟ ਏਅਰ ਸਟਰਾਈਕ ਦੀ ਹਨੇਰੀ ਉਸ ਨੂੰ ਉਡਾ ਕੇ ਲੈ ਗਈ।ਰਾਸ਼ਟਰਵਾਦ ਦੇ ਨਾਮ ਤੇ ਲੋਕਾਂ ਨੇ ਇੱਕ ਵਾਰ ਫੇਰ ਨਰਿੰਦਰ ਮੋਦੀ ਨੂੰ ਚੁਣ ਲਿਆ। ਜਦੋਂ ਤੋਂ ਮੋਹਨ ਭਾਗਵਤ ਦਾ ਉਪਰੋਕਤ ਬਿਆਨ ਆਇਆ ਹੈ ,ਦਲਿਤ ਸਮਾਜ ਬੇਚੈਨ ਹੈ ਕਿਓਂ ਕਿ ਹੁਣ ਰਾਜਨੀਤੀ ਵਿਚ ਉਸ ਦਾ ਕੋਈ ਮਾਈ ਬਾਪ ਨਹੀਂ ਹੈ। ਬਸਪਾ ਸੁਪਰੀਮੋ ਮਾਇਆਵਤੀ ਭਾਜਪਾ ਦੀ ਹਾਂ ਵਿਚ ਹਾਂ ਮਿਲਾ ਰਹੀ ਹੈ।ਭਾਜਪਾ ਤਕਨੀਕੀ ਤੌਰ ਤੇ ਦਲਿਤਾਂ ਨੂੰ ਦੋ ਫਾੜ ਕਰ ਚੁੱਕੀ ਹੈ। ਦਲਿਤ ਸਮਾਜ ਇਸ ਸਮੇਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ।ਕਈ ਨਾਮੀ ਗਰਾਮੀ ਦਲਿਤ ਨੇਤਾ ਭਾਜਪਾ ਦੇ ਖੇਮੇ ਵਿਚ ਜਾ ਚੁੱਕੇ ਹਨ।ਹਾਲ ਹੀ ਵਿਚ ਰਾਜਿਸਥਾਨ ਦੇ 6 ਬਸਪਾ ਵਿਧਾਇਕਾਂ ਨੇ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਹੈ। ਮਾਇਆਵਤੀ ਹਤਾਸ਼ਾ ਦੇ ਆਲਮ ਵਿੱਚ ਹੈ।ਜਿਹਨਾਂ ਬਸਪਾ ਆਗੂਆਂ ਨੇ ਭਾਜਪਾ ਦੇ ਸਾਜਿਸ਼ੀ ਜਾਲ ਵਿਚ ਫਸਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੂੰ ਭਾਜਪਾ ਨੇ ਮੱਖਣ ਚੋਂ ਵਾਲ ਵਾਂਗ ਬਾਹਰ ਕੱਢ ਦਿੱਤਾ।ਇਹਨਾਂ ਦਲਿਤ ਨੇਤਾਵਾਂ ਵਿਚ ਸਵਿਤਰੀ ਫੂਲੇ ਤੇ ਉਦਿਤ ਰਾਜ ਵਰਗੇ ਨੇਤਾ ਸ਼ਾਮਿਲ ਹਨ।ਦੂਜੇ ਪਾਸੇ ਕਾਂਗਰਸੀ ਖੇਮੇ ਨੂੰ ਸਮਝ ਆ ਰਹੀ ਹੈ ਕਿ ਉਸ ਦੇ ਪੈਰਾਂ ਥੱਲਿਉਂ ਜਮੀਨ ਖਿਸਕਣ ਦੀ ਵਜਾਹ ਪ੍ਰੰਪਰਾਗਤ ਵੋਟ ਬੈਂਕ ਦਾ ਉਸ ਤੋਂ ਦੂਰ ਚਲੇ ਜਾਣਾ ਹੈ।ਇਸ ਵੋਟ ਬੈਂਕ ਵਿਚ ਮੁਸਲਮਾਨਾਂ ਨਾਲੋਂ ਦਲਿਤਾਂ ਦਾ ਮਹੱਤਵ ਵੱਧ ਹੈ। ਇਸ ਭੁੱਲ ਨੂੰ ਸੁਧਾਰਨ ਲਈ ਅਤੇ ਫਿਰ ਤੋਂ ਦਲਿਤਾਂ ਨੂੰ ਆਪਣੇ ਪਾਲੇ ਵਿਚ ਸ਼ਾਮਲ ਕਰਨ ਵਾਸਤੇ ਕਾਂਗਰਸ ਸਵੈ ਅਭਿਮਾਨ ਤੋਂ ਸੰਵਿਧਾਨ ਨਾਮ ਹੇਠ ਦੇਸ਼ ਵਿਆਪੀ ਯਾਤਰਾ ਨਿਕਾਲਣ ਜਾ ਰਹੀ ਹੈ। ਇਸ ਯਾਤਰਾ ਨੂੰ ਦਲਿਤ ਨੇਤਾਵਾਂ ਨਾਲ ਬੈਠਕ ਕਰਨ ਤੋਂ ਬਾਅਦ ਕਾਂਗਰਸ ਪੜ੍ਹਨ ਸੋਨੀਆ ਗਾਂਧੀ ਨੇ ਬਕਾਇਦਾ ਹਰੀ ਝੰਡੀ ਦੇ ਦਿੱਤੀ ਹੈ।ਇਸ ਯਾਤਰਾ ਦਾ ਫੋਕਸ ਹਾਲ ਦੀ ਘੜੀ ਹਰਿਆਣਾ,ਮਹਾਂਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾਈ ਚੋਣਾਂ ਹਨ। ਕਾਂਗਰਸ ਦੇ ਅਨੁਸੂਚਿਤ ਸੈੱਲ ਦੇ ਮੁਖੀ ਨਿਤਿਨ ਰਾਊਤ ਅਨੁਸਾਰ ਇਸ ਯਾਤਰਾ ਦੇ ਤਹਿਤ ਹਰ ਇੱਕ ਵਿਧਾਨ ਸਭਾ ਵਿਚ ਇੱਕ ਕੋਆਰਡੀਨੇਟਰ ਨਿਯੁਕਤ ਕੀਤਾ ਜਾਵੇਗਾ ਜੋ ਆਪਣੀ ਵਿਧਾਨ ਸਭਾ ਵਿਚ ਇਸ ਯਾਤਰਾ ਦਾ ਪ੍ਰਬੰਧ ਕਰੇਗਾ। ਕਾਂਗਰਸ ਦੀ ਪ੍ਰੇਸ਼ਾਨੀ ਇਹ ਹੈ ਕਿ ਉਸ ਕੋਲ ਜਮੀਨ ਨਾਲ ਜੁੜੇ ਦਲਿਤ ਨੇਤਾਵਾਂ ਦੀ ਕਮੀ ਹੈ। ਉਹ ਇਸ ਯਾਤਰਾ ਦੌਰਾਨ ਬਹੁਤ ਸੰਭਲ ਕੇ ਚੱਲੇਗੀ। ਉਹ ਖੁੱਲੇਆਮ ਰਾਖਵੇਂਕਰਨ ਦਾ ਸਮਰਥਨ ਕਰਨ ਦੇ ਮਾਮਲੇ ਨੂੰ ਲੈ ਕੇ ਦੁਚਿਤੀ ਵਿਚ ਹੈ । ਉਜ਼ ਨੂੰ ਖਦਸ਼ਾ ਹੈ ਕਿ ਅਜਿਹਾ ਕਰਨ ਨਾਲ ਕਿਤੇ ਰਾਖਵਾਂਕਰਨ ਵਿਰੋਧੀ ਲੋਕ ਕਾਂਗਰਸ ਨਾਲ ਨਰਾਜ ਨਾ ਹੋ ਜਾਣ।ਮੋਹਣ ਭਾਗਵਤ ਸਮੇਤ ਨਿਤਿਨ ਗਡਕਰੀ ਅਤੇ ਸੀ ਪੀ ਠਾਕੁਰ ਵਰਗੇ ਕਈ ਭਾਜਪਾ ਨੇਤਾ ਜਾਤੀਗਤ ਰਾਖਵਾਂਕਰਨ ਖਤਮ ਕਰਨ ਦੀ ਗੱਲ ਕਹਿ ਚੁੱਕੇ ਹਨ।ਜੇ ਕਰ ਕਾਂਗਰਸ ਇਸ ਨੂੰ ਚੁਣਾਵੀ ਮੁੱਦਾ ਨਾ ਬਣਾਉਣ ਦੀ ਗਲਤੀ ਕਰੇਗੀ ਤਾਂ ਇਸ ਯਾਤਰਾ ਦਾ ਕਾਂਗਰਸ ਨੂੰ ਕੋਈ ਲਾਭ ਨਹੀਂ ਮਿਲੇਗਾ। ਭਾਜਪਾ ਨੇ ਦਲਿਤਾਂ ਨੂੰ ਧਰਮ ਕਰਮ ਦੇ ਨਾਮ ਤੇ ਇੱਕ ਐਸੇ ਚੱਕਰਵਿਊ ਵਿਚ ਫਸਾ ਲਿਆ ਹੈ ਜਿਸ ਵਿਚੋਂ ਨਿਕਲਣ ਲਈ ਉਹ ਛਟ ਪਟਾ ਰਹੇ ਹਨ। ਉਧਰ ਸੋਸ਼ਿਲ ਮੀਡੀਆ ਦੇ ਜ਼ਰੀਏ ਭਾਜਪਾ ਖੇਮਾ ਲਗਾਤਾਰ ਕਹਿ ਰਿਹਾ ਹੈ ਕਿ ਛੂਤਛਾਤ ਅਤੇ ਦਲਿਤ ਭੇਦਭਾਵ ਦੇ ਮਾਮਲੇ ਹੁਣ ਨਾ ਮਾਤਰ ਹੀ ਹੁੰਦੇ ਹਨ। ਫਸਾਦ ਅਤੇ ਵੈਰ ਵਿਰੋਧ ਦੀ ਅਸਲ ਜੜ੍ਹ ਤਾਂ ਰਾਖਵਾਂ ਕਰਨ ਹੈ ਜਿਸ ਦੇ ਚਲਦੇ ਦਲਿਤ ਨੌ ਜਵਾਨਾਂ ਨੂੰ ਆਪਣੀ ਯੋਗਤਾ ਦਿਖਾਉਣ ਦੇ ਮੌਕੇ ਨਹੀਂ ਮਿਲਦੇ। ਭਾਜਪਾ ਤਾਂ ਚਾਹੁੰਦੀ ਹੈ ਕਿ ਦਲਿਤ ਨੌ ਜਵਾਨ ਆਪਣੀ ਯੋਗਤਾ ਦੇ ਸਹਾਰੇ ਅੱਗੇ ਆ ਕੇ ਹਿੰਦੂਤਵ ਦੀ ਮੁੱਖ ਧਾਰਾ ਨਾਲ ਜੁੜਨ।ਬਹੁਤ ਸਾਰੇ ਸਾਧਨ ਸੰਪਨ ਦਲਿਤ ਨੌ ਜਵਾਨ ਭਾਜਪਾ ਦੇ ਟੇਟੇ ਚੜ੍ਹੇ ਹੋਏ ਹਨ ।ਉਹਨਾਂ ਨੂੰ ਆਪਣੇ ਹੀ ਸਮਾਜ ਦੀ ਬਦਹਾਲੀ ਅਤੇ ਅਸਲੀਅਤ ਦਾ ਨਹੀਂ ਪਤਾ।ਦਲਿਤ ਇਤਿਹਾਸ ਤੋਂ ਕੋਰੇ ਇਹਨਾਂ ਮੁੱਠੀ ਭਰ ਸ਼ਹਿਰੀ ਨੌ ਜਵਾਨਾਂ ਨੂੰ ਲਗਦਾ ਹੈ ਕਿ ਸਾਰੇ ਦਲਿਤ ਉਹਨਾਂ ਵਰਗੇ ਹੀ ਹਨ।ਇਸ ਲਈ ਉਹ ਰਾਖਵੇਂਕਰਨ ਨੂੰ ਵਿਸਾਖੀ ਸਮਝ ਕੇ ਸੁੱਟਣ ਦਾ ਹੋਕਾ ਦਿੰਦੇ ਹਨ।ਅਸਲ ਵਿਚ ਇਹ ਲੋਕ ਹੀ ਦਲਿਤਾਂ ਵਿਚ ਭਾਜਪਾ ਦੀ ਤਾਕਤ ਬਣੇ ਹੋਏ ਹਨ।
ਧਿਆਨ ਨਾਲ ਦੇਖੀਏ ਤਾਂ ਪਤਾ ਲਗਦਾ ਹੈ ਕਿ ਭਾਜਪਾ ਦਲਿਤਾਂ ਨੂੰ ਬਹਿਲਾ ਫੁਸਲਾ ਕੇ ਰਾਖਵਾਂਕਰਨ ਛੱਡਣ ਲਈ ਰਾਜ਼ੀ ਕਰਨ ਦੇ ਯਤਨ ਵੀ ਕਰ ਰਹੀ ਹੈ ਤੇ ਧੌਂਸ ਵੀ ਦੇ ਰਹੀ ਹੈ ਜਿਸ ਤਰਾਂ 370 ਅਤੇ ਤੀਨ ਤਲਾਕ ਦੇ ਮੁੱਦੇ ਤੇ ਮੁਸਲਮਾਨਾਂ ਨੂੰ ਦਿੱਤੀ ਗਈ ਸੀ। ਮੁਸਲਮਾਨਾਂ ਨੂੰ ਹੁਣ ਤੱਕ ਕਿਹਾ ਜਾ ਰਿਹਾ ਹੈ ਕਿ ਇਹ ਕੋਈ ਬਦਲਾ ਜਾ ਜਿਆਦਤੀ ਨਹੀਂ, ਇਹ ਤਾਂ ਤੁਹਾਡੇ ਭਲੇ ਦੀ ਗੱਲ ਹੈ,ਜੇਕਰ ਸਿਧੀ ਤਰ੍ਹਾਂ ਨਹੀਂ ਮੰਨੋਗੇ ਤਾਂ ਹੋਰ ਤਰੀਕੇ ਬਹੁਤ ਹਨ।ਭਲਾਈ ਇਸ ਵਿਚ ਹੀ ਹੈ ਕਿ ਸਹਿਮਤ ਹੋ ਜਾਓ। ਇਸ ਹਾਲਤ ਵਿਚ ਜੇਕਰ ਕਾਂਗਰਸ ਦੀ ਯਾਤਰਾ ਰਾਖਵੇਂਕਰਨ ਦੇ ਮੁੱਦੇ ਤੋਂ ਲਾਂਭੇ ਰਹਿੰਦੀ ਹੈ ਤਾਂ ਆਪਣਾ ਟੀਚਾ ਹਾਸਲ ਨਹੀਂ ਕਰ ਸਕੇਗੀ ।ਭਾਜਪਾ ਦੇ ਸਾਜਿਸ਼ੀ ਦਲਿਤ ਪ੍ਰੇਮ ਦਾ ਪਰਦਾ ਫਾਸ਼ ਕਰ ਕੇ ਹੀ ਉਹ ਦਲਿਤਾਂ ਦੇ ਮਨਾਂ ਵਿਚ ਆਪਣੀ ਥਾਂ ਬਣਾ ਸਕੇਗੀ।

WRITTEN BY