ਬਟਾਲਾ ਵਿੱਚ ਵਾਪਰੇ ਵੱਡੇ ਹਾਦਸੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਸੰਘਣੀ ਵੱਸੋਂ ਵਾਲੇ ਖੇਤਰਾਂ ’ਚ ਚੱਲ ਰਹੇ ਗੈਰ ਕਾਨੂੰਨੀ ਪਟਾਕਾ ਕਾਰਖਾਨਿਆਂ ਖਿਲਾਫ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਵੱਲੋਂ ਇਸ ਸਬੰਧੀ ਮੁਖ ਸਕੱਤਰ ਅਤੇ ਪੰਜਾਬ ਪੁਲਿਸ ਦੇ ਮੁਖੀ ਨੂੰ ਫੌਰੀ ਤੌਰ ’ਤੇ ਕਦਮ ਚੁੱਕਣ ਲਈ ਆਖਿਆ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ। ਬਾਰੂਦ ਦੀ ਵਰਤੋਂ ਕਰਨ ਵਾਲੇ ਕਾਰਖਾਨੇ ਮਨੁੱਖੀ ਵੱਸੋਂ ਲਈ ਬਹੁਤ ਘਾਤਕ ਹਨ ਬਟਾਲਾ ਦੇ ਹਾਦਸੇ ਤੋਂ ਸਰਕਾਰ ਨੂੰ ਸਬਕ ਸਿੱਖਣਾ ਚਾਹੀਦਾ ਹੈ। ਪਟਾਕਾ ਕਾਰਖਾਨਿਆਂ ਵਿੱਚ ਬਾਰੂਦ ਨੂੰ ਰੱਖਣ ਲਈ ਬਕਾਇਦਾ ਲਾਇਸੰਸ ਜਾਰੀ ਕੀਤੇ ਜਾਂਦੇ ਹਨ। ਆਮ ਤੌਰ ’ਤੇ ਕਾਰਖਾਨੇਦਾਰ ਮਿਕਦਾਰ ਤੋਂ ਜ਼ਿਆਦਾ ਬਾਰੂਦ ਕਾਰਖਾਨਿਆਂ ਵਿੱਚ ਜਮ੍ਹਾਂ ਕਰ ਲੈਂਦੇ ਹਨ। ਭ੍ਰਿਸ਼ਟਾਚਾਰ ਦੇ ਚਲਦਿਆਂ ਸਰਕਾਰੀ ਅਧਿਕਾਰੀ ਅਜਿਹੇ ਕਾਰਖਾਨਿਆਂ ਦਾ ਰਿਕਾਰਡ ਚੈੱਕ ਨਹÄ ਕਰਦੇ ਅਤੇ ਨਾ ਹੀ ਨਿਗਰਾਨੀ ਰੱਖੀ ਜਾਂਦੀ ਹੈ। ਬਟਾਲਾ ਵਿੱਚ ਇਸ ਕਰਕੇ ਹੀ ਵੱਡੇ ਜਾਨੀ ਅਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਜੇਕਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਇਸ ਕਾਰਖਾਨੇ ਅੰਦਰ ਚੱਲ ਰਹੀਆਂ ਸਰਗਰਮੀਆਂ ’ਤੇ ਨਿਗਰਾਨੀ ਰੱਖੀ ਜਾਂਦੀ ਤਦ ਸ਼ਾਇਦ ਜਾਨਲੇਵਾ ਹਾਦਸਾ ਨਾ ਵਾਪਰਦਾ। ਇਹ ਚੰਗੀ ਗੱਲ ਹੈ ਕਿ ਸਰਕਾਰ ਵੱਲੋਂ ਹੁਣ ਇਸ ਸਬੰਧੀ ਸਖਤੀ ਵਰਤੀ ਜਾ ਰਹੀ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਜਿਹੇ ਕਾਰਖਾਨੇ ਚੱਲ ਰਹੇ ਹਨ। ਦੀਵਾਲੀ ਅਤੇ ਦੁਸਹਿਰਾ ਨੇੜੇ ਹੋਣ ਕਾਰਨ ਇਨ੍ਹਾਂ ਕਾਰਖਾਨਿਆਂ ਵਿੱਚ ਜ਼ੋਰ-ਸ਼ੋਰ ਨਾਲ ਕੰਮ ਹੋ ਰਿਹਾ ਹੈ ਅਤੇ ਭਾਰੀ ਮਾਤਰਾ ਵਿੱਚ ਬਾਰੂਦੀ ਸਮੱਗਰੀ ਦੀ ਵਰਤੋਂ ਹੋ ਰਹੀ ਹੈ। ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਕੋਈ ਵੀ ਗੈਰ ਕਾਨੂੰਨੀ ਪਟਾਕਾ ਕਾਰਖਾਨਾ ਨਾ ਚੱਲੇ। ਸਾਰੇ ਮਾਣਤਾ ਪ੍ਰਾਪਤ ਕਾਰਖਾਨਿਆਂ ਵੱਲੋਂ ਜਮ੍ਹਾਂ ਕੀਤੇ ਗਏ ਬਾਰੂਦ ਬਾਰੇ ਹਰ ਰੋਜ਼ ਰਿਪੋਰਟ ਤਿਆਰ ਹੋਣੀ ਚਾਹੀਦੀ ਹੈ। ਅਜਿਹੇ ਵਿਸਫੋਟਕ ਸਮੱਗਰੀ ਵਾਲੇ ਕਾਰਖਾਨਿਆਂ ਦੀ ਸਮੇਂ-ਸਮੇਂ ਚੈਕਿੰਗ ਅਤੇ ਨਿਗਰਾਨੀ ਲਈ ਇਕ ਪ੍ਰਭਾਵੀ ਪ੍ਰਣਾਲੀ ਬਣਾਈ ਜਾਵੇ। ਇਨ੍ਹਾਂ ਸਾਰੇ ਕਾਰਖਾਨਿਆਂ ਵਿੱਚ ਮਨੁੱਖੀ ਸੁਰੱਖਿਆ ਦੇ ਪੱਖ ਤੋਂ ਸਾਰੇ ਕਦਮ ਚੁੱਕੇ ਜਾਣ। ਹਰ ਅਜਿਹੇ ਕਾਰਖਾਨੇ ਵਿੱਚ ਅੱਗ ਬੁਝਾਉਣ ਦੇ ਯੋਗ ਪ੍ਰਬੰਧ ਹੋਣੇ ਚਾਹੀਦੇ ਹਨ। ਇਹ ਵੀ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਇਸ ਸਬੰਧੀ ਅਧਿਕਾਰੀਆਂ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਖਿਲਾਫ ਕਾਰਵਾਈ ਕਰੇ। ਬਟਾਲਾ ਹਾਦਸੇ ਦੇ ਦੋਸ਼ੀ ਅਧਿਕਾਰੀਆਂ ਨੂੰ ਕਿਸੇ ਵੀ ਰੂਪ ਵਿੱਚ ਬਖਸ਼ਿਆ ਨਹÄ ਜਾਣਾ ਚਾਹੀਦਾ।
– ਬਲਜੀਤ ਸਿੰਘ ਬਰਾੜ