ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਮਨੁੱਖੀ ਸੁਭਾਅ ਚੰਗਿਆਈਆਂ ਤੇ ਬੁਰਾਈਆਂ ਭਾਵ ਗੁਣਾਂ ਅਤੇ ਔਗੁਣਾਂ ਦਾ ਸੁਮੇਲ ਹੈ। ਗੁਣੀ ਵਿਅਕਤੀ ਵਿੱਚ ਵੀ ਕੋਈ ਨਾ ਕੋਈ ਔਗੁਣ ਹੁੰਦਾ ਹੈ। ਇਸੇ ਤਰ੍ਹਾਂ ਔਗੁਣਾਂ ਨਾਲ ਭਰੇ ਕਿਸੇ ਵਿਅਕਤੀ ਵਿੱਚ ਕੋਈ ਨਾ ਕੋਈ ਚੰਗਾ ਗੁਣ ਜਰੂਰ ਹੋਵੇਗਾ। ਮਨੁੱਖੀ ਸੁਭਾਅ ਵਿਚਲੇ ਗੁਣ-ਦੋਸ਼ ਉਸਦੇ ਪਰਿਵਾਰਕ ਪਿਛੋਕੜ, ਵਿੱਦਿਆ, ਆਲੇ-ਦੁਆਲੇ ਦਾ ਵਾਤਾਵਰਣ, ਪਰਿਵਾਰਕ ਮਾਹੌਲ, ਚੰਗੀ-ਮਾੜੀ ਸੰਗਤ ਆਦਿ ਦੀ ਦੇਣ ਹੁੰਦੇ ਹਨ। ਨਿੰਦਿਆ ਕਰਨਾ ਮਨੁੱਖੀ ਸੁਭਾਅ ਦਾ ਬਹੁਤ ਵੱਡਾ ਔਗੁਣ ਹੈ। ਜਿਸਨੂੰ ਅਸੀਂ ਆਮ ਭਾਸ਼ਾ ਵਿੱਚ ਚੁਗਲੀ ਕਰਨਾ ਆਖ ਦਿੰਦੇ ਹਾਂ। ‘ਚੁਗਲ’ ਫਾਰਸੀ ਦਾ ਸ਼ਬਦ ਹੈ, ਜਿਸਦੇ ਅਰਥ ਹਨ- ਪਿੱਠ ਪਿੱਛੇ ਬੁਰਾਈ ਕਰਨ ਵਾਲਾ। ਚੁਗਲੀ ਦੇ ਅਰਥ ਹਨ- ਗੈਰ ਹਾਜ਼ਰੀ ਵਿੱਚ ਕੀਤੀ ਨਿੰਦਾ। ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਆਖਦੇ ਹਨ ਜਿਵੇਂ ਚੂਹਾ ਕੱਪੜੇ ਦੇ ਥਾਨ ਕੁਤਰ ਦਿੰਦਾ ਹੈ ਤੇ ਸੱਪ ਦੇ ਕੱਟਣ ਨਾਲ ਸਰੀਰ ਦੇ ਰੋਮ-ਰੋਮ ਵਿੱਚ ਜ਼ਹਿਰ ਫੈਲ ਜਾਂਦਾ ਹੈ, ਉਵੇਂ ਹੀ ਚੁਗਲ ਇੱਧਰ ਦੀ ਉੱਧਰ ਅਤੇ ਉੱਧਰ ਦੀ ਇੱਧਰ ਚੁਗਲੀ ਕਰਕੇ ਕੰਨਾਂ ਵਿੱਚ ਜ਼ਹਿਰ ਘੋਲ ਦਿੰਦਾ ਹੈ ਅਤੇ ਦੂਜਿਆਂ ਦਾ ਕੰਮ ਵਿਗਾੜ ਦਿੰਦਾ ਹੈ।
ਗੁਰਬਾਣੀ ਵਿੱਚ ਵੀ ਨਿੰਦਕ ਨੂੰ ਬੁਰਾ ਆਖਿਆ ਗਿਆ ਹੈ। ਗੁਰੂ ਸਾਹਿਬ ਫਰਮਾਉਂਦੇ ਹਨ: ”ਅਸੰਖ ਨਿੰਦਕੁ ਸਿਰਿ ਕਰਹਿ ਭਾਰੁ£ ਨਾਨਕ ਨੀਚ ਕਹੈ ਵੀਚਾਰ£” ਅਰਥਾਤ ਨਿੰਦਕ ਆਪਣੇ ਸਿਰ ਨਿੰਦਿਆ ਦਾ ਭਾਰ ਚੁੱਕੀ ਫਿਰਦਾ ਰਹਿੰਦਾ ਹੈ।ਨਿੰਦਕ ਦਾ ਨਾ ਚੁਗਲ ਪੈ ਜਾਂਦਾ ਹੈ ਅਤੇ ਉਸਦੀਆਂ ਆਪਣੀਆਂ ਸਾਰੀਆਂ ਚੰਗਿਆਈਆਂ ਨਿੰਦਿਆ ਦੇ ਕੱਜਣ ਥੱਲੇ ਢੱਕੀਆਂ ਜਾਂਦੀਆਂ ਹਨ।
ਆਮ ਲੋਕਾਂ ਦੀ ਧਾਰਨਾ ਹੈ ਕਿ ਔਰਤਾਂ ਜਿਆਦਾ ਚੁਗਲੀ ਕਰਦੀਆਂ ਹਨ ਪਰ ਅਜਿਹਾ ਨਹੀਂ ਹੈ। ਇਸ ਮਾਮਲੇ ਵਿੱਚ ਕਈ ਪੁਰਸ਼ ਔਰਤਾਂ ਤੋਂ ਵੀ ਅੱਗੇ ਹੁੰਦੇ ਹਨ। ਕਿਸੇ ਦੀ ਆਖੀ ਹੋਈ ਗੱਲ ਨੂੰ ਵਧਾ-ਚੜ੍ਹਾ ਕੇ ਅਤੇ ਮਿਰਚ-ਮਸਾਲਾ ਲਾ ਕੇ ਦੂਜਿਆਂ ਅੱਗੇ ਪੇਸ਼ ਕਰਨਾ ਨਿੰਦਕ ਕੀ ਫਿਤਰਤ ਹੁੰਦੀ ਹੈ। ਸਾਨੂੰ ਇਸ ਬੁਰਾਈ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਕਿਉ ਕਿ ਨਿੰਦਿਆ ਜਾਂ ਚੁਗਲੀ ਹਸਦੇ-ਵਸਦੇ ਘਰ ਉਜਾੜ ਕੇ ਰੱਖ ਦਿੰਦੀ ਹੈ। ਸਾਲਾਂ ਦੀਆਂ ਬਣੀਆਂ ਦੋਸਤੀਆਂ ਵਿੱਚ ਦਰਾੜ ਪਵਾ ਦਿੰਦੀ ਹੈ। ਸਿਆਣੇ ਆਖ ਗਏ ਹਨ: ਚੁਗਲਖੋਰ ਨਾ ਚੁਗਲੀਓਂ ਬਾਜ਼ ਆਉਂਦੇ, ਗੱਲ ਕਹਿੰਦਿਆਂ-ਕਹਿੰਦਿਆਂ ਕਹਿ ਜਾਂਦੇ। ਹਰਕੇ ਮਹਿਕਮੇ ਵਿੱਚ ਇਸ ਪ੍ਰਕਾਰ ਦੇ ਵਿਅਕਤੀ ਜ਼ਰੂਰ ਹੁੰਦੇ ਹਨ।ਜਿੰਨੀ ਦੇਰ ਅਜਿਹੇ ਵਿਅਕਤੀ ਇੱਧਰ ਦੀ ਗੱਲ ਉੱਧਰ ਨਾ ਕਰਨ, ਇਹਨਾਂ ਨੂੰ ਰੋਟੀ ਹਜ਼ਮ ਨਹੀਂ ਹੁੰਦੀ। ਸਾਨੂੰ ਅਜਿਹੇ ਲੋਕਾਂ ਤੋਂ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ। ਇਹਨਾਂ ਲੋਕਾਂ ਦੀ ਪਹਿਚਾਣ ਇਹ ਹੁੰਦੀ ਹੈ ਕਿ ਇਹ ਬੋਲਦੇ ਵੱਧ ਹਨ ਤੇ ਅਮਲ ਘੱਟ ਕਰਦੇ ਹਨ। ਇਹ ਤੁਹਾਡੀਆਂ ਗੱਲਾਂ ਬੜੇ ਮਿੱਠੇ ਪਿਆਰੇ ਹੋ ਕੇ ਸੁਣਦੇ ਹਨ ਤੇ ਤੁਹਾਡੇ ਨਾਲ ਝੂਠੀ ਹਮਦਰਦੀ ਜਤਾਉਣ ਦਾ ਨਾਟਕ ਕਰਦੇ ਹਨ।ਪ੍ਰੰਤੂ ਬਾਅਦ ਵਿੱਚ ਤੁਹਾਡੀਆਂ ਹੀ ਗੱਲਾਂ ਨੂੰ ਵਧਾ-ਚੜ੍ਹਾ ਕੇ ਦੂਜਿਆਂ ਨੂੰ ਦੱਸਦੇ ਤੇ ਭੜਕਾਉ ਹਨ। ਸਾਨੂੰ ਕਦੇ ਵੀ ਅਜਿਹੇ ਵਿਅਕਤੀਆਂ ਦਾ ਸੰਗ ਨਹੀਂ ਕਰਨਾ ਚਾਹੀਦਾ, ਅਤੇ ਨਾ ਹੀ ਆਪਣੀ ਕੋਈ ਸਮੱਸਿਆ ਇਹਨਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ। ਕਿਉਂ ਕਿ ਇਹ ਕਿਸੇ ਦੇ ਸਕੇ ਨਹੀਂ ਹੁੰਦੇ। ਅਜਿਹੇ ਵਿਅਕਤੀ ਦੋਗਲੇ ਇਖਲਾਕ ਦੇ ਮਾਲਕ ਹੁੰਦੇ ਹਨ। ”ਮੈਂ ਸਿਰਫ ਤੇਰੇ ਕੋਲ ਹੀ ਗੱਲ ਕਰ ਰਿਹਾਂ। ਅੱਗੇ ਨਾ ਕਰੀਂ।” ਇਹਨਾਂ ਦਾ ਤਕੀਆ ਕਲਾਮ ਹੁੰਦਾ ਹੈ।
ਅਜਿਹੇ ਵਿਅਕਤੀਆਂ ਦਾ ਸਮਾਜ ਵਿੱਚ ਕੋਈ ਕੱਦ-ਬੁੱਤ ਨਹੀਂ ਹੁੰਦਾ। ਸਾਨੂੰ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਕੋਈ ਕਦਮ ਚੁੱਕਣ ਤੋਂ ਪਹਿਲਾਂ ਸੌ ਵਾਰ ਸੋਚ ਲੈਣਾ ਚਾਹੀਦਾ ਹੈ। ਕੰਨਾਂ ਦੇ ਕੱਚੇ ਬਣ ਕੇ ਅਜਿਹੇ ਵਿਅਕਤੀ ਤੇ ਯਕੀਨ ਨਾ ਕਰੋ। ਸਾਨੂੰ ਕਿਸੇ ਵੀ ਗੱਲ ਦਾ ਦੇਖੇ-ਪਰਖੇ ਬਿਨਾਂ ਸੱਚ ਨਹੀਂ ਮੰਨ ਲੈਣਾ ਚਾਹੀਦਾ।
ਪਰਿਵਾਰ ਵਿੱਚ ਵੀ ਜੇਕਰ ਸੱਸ ਆਪਣੀ ਨੂੰਹ ਦੀ ਨਿੰਦਿਆ ਦੂਜੇ ਲੋਕਾਂ ਕੋਲ ਕਰੇਗੀ ਤਾਂ ਪਰਿਵਾਰਕ ਮਾਹੌਲ ਤਣਾਅਪੂਰਨ ਰਹੇਗਾ। ਜਿਸ ਪਰਿਵਾਰ ਵਿੱਚ ਨਿੰਦਿਆ-ਚੁਲਗੀ ਚਲਦੀ ਹੋਵੇ, ਉਹ ਪਰਿਵਾਰ ਕਦੇ ਵੀ ਤਰੱਕੀ ਨਹੀਂ ਕਰਦਾ, ਸਗੋਂ ਢਹਿੰਦੀਆਂ ਕਲਾਂ ਵੱਲ ਜਾਂਦਾ ਹੈ।
ਸੋ ਸਾਨੂੰ ਕਿਸੇ ਦੀ ਗੈਰ-ਜ਼ਰੂਰੀ ਬੁਰਾਈ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਸੇ ਵਿਅਕਤੀ ਵਿੱਚ ਬੁਰਾਈਆਂ ਲੱਭਣ ਦੀ ਬਜਾਇ ਉਸ ਦੀਆਂ ਚੰਗਿਆਈਆਂ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰੋ। ਪਿੱਠ ਪਿੱਛੇ ਬੁਰਾਈ ਕਰਨ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਕਿਉਂ ਕਿ ਕਿਸੇ ਦੀ ਬੁਰਾਈ ਨੂੰ ਸੁਣ ਕੇ ਸਾਡੇ ਅੰਦਰ ਨਕਾਰਤਮਕ ਊਰਜ਼ਾ ਪ੍ਰਵੇਸ਼ ਕਰ ਜਾਂਦੀ ਹੈ, ਜੋ ਸਾਡੇ ਵਿਕਾਸ ਦੀ ਦੁਸ਼ਮਣ ਹੁੰਦੀ ਹੈ। ਇਸ ਲਈ ਆਉ ਜਿੰਦਗੀ ਦਾ ਸਕਾਰਾਤਮਕ ਪੱਖ ਚੁਣੀਏ ਅਤੇ ਬੇਲੋੜੀ ਨਿੰਦਾ ਤੇ ਨਿੰਦਕਾਂ ਤੋਂ ਦੂਰ ਰਹਿ ਕੇ ਖੁਸ਼ਗਵਾਰ ਜ਼ਿੰਦਗੀ ਦਾ ਆਨੰਦ ਲਈਏ।