ਭਾਰਤ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਬਹੁਤ ਹੀ ਅਹਿਮ ਨੀਤੀਗਤ ਮਾਮਲਿਆਂ ਉੱਪਰ ਬੇਲੋੜੀ ਬਿਆਨਬਾਜ਼ੀ ਕਰਕੇ ਖੁਦ ਦੀ ਸਿਆਸੀ ਕੀਮਤ ਅਤੇ ਅਹਿਮੀਅਤ ਵਧਾਉਣ ਵਿੱਚ ਲੱਗੇ ਹੋਏ ਹਨ। ਮੌਜੂਦਾ ਕੇਂਦਰ ਸਰਕਾਰ ਵਿੱਚ ਬੇਸ਼ਕ ਉਨ੍ਹਾਂ ਪਾਸ ਇਕ ਅਹਿਮ ਕੇਂਦਰੀ ਮੰਤਰਾਲਾ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਸਿਆਸੀ ਅਹਿਮੀਅਤ ਪਹਿਲਾਂ ਦੇ ਮੁਕਾਬਲੇ ਘਟੀ ਹੋਈ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਹਿਯੋਗੀ ਨਾਲ ਰੱਖਿਆ ਮੰਤਰੀ ਦੇ ਸਬੰਧ ਗੂੜ੍ਹੇ ਅਤੇ ਅਤਿ ਦੋਸਤਾਨਾ ਨਹੀਂ ਰਹੇ। ਭਾਜਪਾ ਸਰਕਾਰ ਦੇ ਇਸ ਦੂਸਰੇ ਕਾਰਜਕਾਲ ਵਿੱਚ ਪ੍ਰਧਾਨ ਮੰਤਰੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਹਿਮੀਅਤ ਜ਼ਿਆਦਾ ਹੈ ਅਤੇ ਉਹ ਵਧੇਰੇ ਸ਼ਕਤੀਸ਼ਾਲੀ ਕੇਂਦਰੀ ਮੰਤਰੀ ਹਨ। ਕੇਂਦਰ ਸਰਕਾਰ ਵੱਲੋਂ ਬਣਾਈਆਂ ਗਈਆਂ ਕੁਝ ਅਤਿ ਮਹੱਤਵਪੂਰਨ ਕਮੇਟੀਆਂ ਵਿੱਚ ਪਹਿਲਾਂ ਸ਼੍ਰੀ ਰਾਜਨਾਥ ਸਿੰਘ ਦਾ ਨਾਮ ਸ਼ਾਮਿਲ ਨਹੀਂ ਕੀਤਾ ਗਿਆ ਸੀ। ਬਾਅਦ ਵਿੱਚ ਆਰ.ਐਸ.ਐਸ. ਦੇ ਦਖਲ ਨਾਲ ਰੱਖਿਆ ਮੰਤਰੀ ਨੂੰ ਮੁੜ ਇਨ੍ਹਾਂ ਕਮੇਟੀਆਂ ਵਿੱਚ ਸ਼ਾਮਿਲ ਕੀਤਾ ਗਿਆ। ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਰੱਖਿਆ ਮੰਤਰੀ ਅੰਦਰ ਨਿਰਾਸ਼ਾ ਦਾ ਭਾਵ ਆਉਣਾ ਸੁਭਾਵਿਕ ਹੈ। ਇਸ ਕਾਰਨ ਹੀ ਹੁਣ ਉਹ ਖੁਦ ਨੂੰ ਵਧੇਰੇ ਸ਼ਕਤੀਸ਼ਾਲੀ ਸਿੱਧ ਕਰਨ ਵਿੱਚ ਲੱਗੇ ਹੋਏ ਹਨ। ਇਸ ਦਿਸ਼ਾ ਵਿੱਚ ਹੀ ਉਨ੍ਹਾਂ ਵੱਲੋਂ ਪਹਿਲਾਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਭਾਰਤੀ ਨੀਤੀ ਵਿੱਚ ਤਬਦੀਲੀ ਸਬੰਧੀ ਬਿਆਨ ਦਿੱਤਾ ਗਿਆ। ਹਾਲਾਂ ਕਿ ਇਹ ਮਸਲਾ ਕੇਂਦਰੀ ਕੈਬਨਿਟ ਵਿੱਚ ਕਿਧਰੇ ਵੀ ਵਿਚਾਰਿਆ ਨਹੀਂ ਗਿਆ। ਸਿਰਫ ਰੱਖਿਆ ਮੰਤਰੀ ਦੇ ਬਿਆਨ ਨਾਲ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਨੀਤੀ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਸਬੰਧੀ ਨੀਤੀਗਤ ਫੈਸਲਾ ਕਈ ਪੱਧਰਾਂ ‘ਤੇ ਵਿਚਾਰ ਤੋਂ ਬਾਅਦ ਹੀ ਲਿਆ ਜਾ ਸਕਦਾ ਹੈ। ਰੱਖਿਆ ਮੰਤਰੀ ਇਸ ਤਰ੍ਹਾਂ ਦਾ ਬਿਆਨ ਦੇ ਕੇ ਖੁਦ ਨੂੰ ਅਹਿਮ ਆਗੂ ਸਾਬਿਤ ਕਰਨਾ ਚਾਹੁੰਦੇ ਸਨ। ਇਸੇ ਤਰ੍ਹਾਂ ਉਨ੍ਹਾਂ ਵੱਲੋਂ ਹੁਣ ਇਹ ਬਿਆਨ ਦਿੱਤਾ ਗਿਆ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਹੁਣ ਸਿਰਫ਼ ਮਕਬੂਜਾ ਕਸ਼ਮੀਰ ਬਾਰੇ ਹੀ ਹੋਵੇਗੀ। ਇਸ ਬਿਆਨ ਦਾ ਵੀ ਕੋਈ ਆਧਾਰ ਨਹੀਂ ਹੈ। ਦਵੱਲੀ ਗੱਲਬਾਤ ਦਾ ਫੈਸਲਾ ਇਕ ਮੰਤਰੀ ਨੇ ਨਹੀਂ ਕਰਨਾ। ਦਵੱਲੀ ਗੱਲਬਾਤ ਦਾ ਏਜੰਡਾ ਦੋਵੇਂ ਦੇਸ਼ਾਂ ਦਰਮਿਆਨ ਉੱਚ ਪੱਧਰੀ ਵਿਚਾਰ-ਚਰਚਾ ਤੋਂ ਬਾਅਦ ਹੀ ਤਹਿ ਕੀਤਾ ਜਾ ਸਕਦਾ ਹੈ। ਭਾਰਤ ਦੀ ਤਰਫੋਂ ਇਹ ਫੈਸਲਾ ਕੇਂਦਰੀ ਕੈਬਨਿਟ ਵੱਲੋਂ ਲਿਆ ਜਾਣਾ ਹੈ। ਰੱਖਿਆ ਮੰਤਰੀ ਨੂੰ ਇਸ ਤਰ੍ਹਾਂ ਦੇ ਅਹਿਮ ਅਤੇ ਨੀਤੀਗਤ ਮੁੱਦਿਆਂ ‘ਤੇ ਬੇਲੋੜੀ ਬਿਆਨਬਾਜ਼ੀ ਕਰਕੇ ਹਾਲਾਤ ਨੂੰ ਨਾਜ਼ਕ ਬਣਾਉਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਨੂੰ ਇਸ ਤਰ੍ਹਾਂ ਦੀ ਬੇਲੋੜੀ ਬਿਆਨਬਾਜ਼ੀ ਤੋਂ ਗੁਰੇਜ ਕਰਨਾ ਚਾਹੀਦਾ ਹੈ। ਆਪਣਾ ਸਿਆਸੀ ਮਹੱਤਵ ਬਣਾਉਣ ਲਈ ਹੋਰ ਕਈ ਰਾਹ ਮੌਜੂਦ ਹਨ। ਜੇਕਰ ਰੱਖਿਆ ਮੰਤਰੀ ਨੇ ਖੁਦ ਨੂੰ ਸਿਆਸੀ ਤੌਰ ‘ਤੇ ਪ੍ਰਸੰਗਿਕ ਬਣਾਉਣਾ ਹੈ ਤਾਂ ਉਨ੍ਹਾਂ ਨੂੰ ਸਾਥੀ ਮੰਤਰੀਆਂ ਅਤੇ ਖਾਸ ਕਰਕੇ ਪ੍ਰਧਾਨ ਮੰਤਰੀ ਨਾਲ ਵਧੇਰੇ ਤਾਲਮੇਲ ਬਣਾਉਣਾ ਹੋਵੇਗਾ।
– ਬਲਜੀਤ ਸਿੰਘ ਬਰਾੜ