April 25, 2026 2:39 am

ਮਾਮਲਾ ਵਾਇਰਲ ਵੀਡੀਓ ਦਾ – ਰਾਤ ਸਮੇਂ ਧੂਰੀ – ਸ਼ੇਰਪੁਰ ਰਸਤੇ ‘ਤੇ ਸਫਰ ਕਰਨ ਵਾਲੇ ਰਹਿਣ ਸਾਵਧਾਨ – ਲੁਟੇਰਾ ਗਿਰੋਹ ਸਰਗਰਮ

ਸ਼ੇਰਪੁਰ – ਭਾਵੇਂ ਪੰਜਾਬ ਵਿੱਚ ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਸੁਣਨ ਨੂੰ ਮਿਲਦੀਆਂ ਹਨ , ਪਰ ! ਉੱਥੇ ਦੇਸ਼ ਦੀ ਅਰਥ ਵਿਵਸਥਾ ‘ ਚ ਹਿੱਸਾ ਪਾਉਣ ਵਾਲੇ ਆਪਣੇ ਪਰਿਵਾਰਾਂ ਤੋਂ ਕਈ- ਕਈ ਦਿਨ ਦੂਰ ਰਹਿਣ ਵਾਲੇ ਟਰੱਕ ਡਰਾਈਵਰ ਅਤੇ ਦੁਕਾਨਦਾਰ ਜਦੋਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪੈਣ ਤਾਂ ਉਸ ਸੂਬੇ ਅਤੇ ਦੇਸ਼ ਦਾ ਰੱਬ ਹੀ ਰਾਖਾ ਹੁੰਦਾ।ਇਸ ਸਬੰਧੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ‘ਚ ਕੁਲਦੀਪ ਸਿੰਘ ਵਾਸੀ ਰਾਮਪੁਰ, ਬਠਿੰਡਾ ਅਤੇ ਟਰੱਕ ਅਪਰੇਟਰ ਟਰੱਕ ਯੂਨੀਅਨ ਰਾਮਪੁਰਾ ਫੂਲ ਨੇ ਆਪਣੀ ਹੱਡ ਬੀਤੀ ਬਿਆਨ ਕਰਦਿਆਂ ਜ਼ਿਕਰ ਕੀਤਾ ਹੈ ਕਿ ਉਹ 2 ਅਗਸਤ 2019 ਨੂੰ ਮੰਡੀ ਗੋਬਿੰਦਗੜ੍ਹ ਤੋਂ ਸਰੀਆ ਭਰ ਕੇ ਆਪਣੇ ਟਰੱਕ ਨੰਬਰ ਪੀ ਬੀ 05 ਜੇ 8703 ਰਾਹੀਂ ਧੂਰੀ ਵਾਇਆ ਸ਼ੇਰਪੁਰ ਰਾਹੀਂ ਰਾਮਪੁਰਾ ਫੂਲ ਨੂੰ ਜਾ ਰਿਹਾ ਸੀ ਤਾਂ ਤਕਰੀਬਨ ਰਾਤ ਸਾਢੇ ਗਿਆਰਾਂ ਤੋਂ ਬਾਰਾਂ ਵਜੇ ਦੇ ਦਰਮਿਆਨ ਜਦੋਂ ਉਹ ਪਿੰਡ ਜਹਾਂਗੀਰ ਦੇ ਜਹਾਂਗੀਰ ਨਹਿਰ ਵਾਲੇ ਪੁੱਲ ਤੋਂ ਲੰਘ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਦੋ ਮੋਟਰਸਾਈਕਲ ਸਵਾਰ ਅਤੇ ਇੱਕ ਸਕਾਰਪੀਓ ਗੱਡੀ ਉਸ ਦਾ ਪਿੱਛਾ ਕਰ ਰਹੇ ਹਨ । ਕੁਲਦੀਪ ਸਿੰਘ ਦੇ ਕਹਿਣ ਮੁਤਾਬਕ ਕਿ ਉਸ ਨੇ ਮੋਟਰਸਾਈਕਲ ਸਵਾਰਾਂ ਨੂੰ ਸ਼ੱਕ ਦੇ ਆਧਾਰ ਤੇ ਅੱਗੇ ਲੰਘ ਜਾਣ ਦਾ ਮੌਕਾ ਨਹੀਂ ਦਿੱਤਾ ;ਪਰ ਅੱਗੇ ਲੰਘਣ ਦੀ ਹੋੜ ਵਿੱਚ ਇੱਕ ਮੋਟਰਸਾਈਕਲ ਨੂੰ ਫੇਟ ਵੀ ਲੱਗੀ ਅਤੇ ਉਹ ਡਿੱਗ ਗਿਆ ਜਿਸ ਨੂੰ ਦੂਸਰੇ ਸਾਥੀਆਂ ਨੇ ਚੁੱਕਿਆ । ਕੁਲਦੀਪ ਮੁਤਾਬਿਕ ਕਿ ਉਸ ਦੀ ਗੱਡੀ ਦੇ ਪਿਛਲੇ ਪਾਸੇ ਉਸ ਨੇ ਚਾਰ ਤੋਂ ਪੰਜ ਫਾਇਰ ਕੀਤੇ ਜਾਣ ਦੀ ਆਵਾਜ਼ ਵੀ ਸੁਣੀ ਜਿਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਇਨ੍ਹਾਂ ਲੁਟੇਰਿਆਂ ਕੋਲ ਹਥਿਆਰ ਵੀ ਮੌਜੂਦ ਹਨ ਅਤੇ ਨੰਬਰ ਪਲੇਟਾਂ ਵੀ ਪੂਰੀਆਂ ਨਹੀਂ ਹਨ। ਇਨ੍ਹਾਂ ਦਾ ਗੱਡੀ ਨੰਬਰ ਮੋਗੇ ਦਾ ਲੱਗਦਾ ਹੈ ਪਰ ਰਾਤ ਹੋਣ ਕਾਰਨ ਉਹ ਪੂਰਾ ਪੜ ਨਹੀਂ ਸਕਿਆ।
ਵੀਡੀਓ ਵਿੱਚ ਬੋਲ ਰਹੇ ਕੁਲਦੀਪ ਸਿੰਘ ਨੇ ਕਿਹਾ ਕਿ ਉਸ ਨੇ ਇਸ ਘਟਨਾ ਦੌਰਾਨ ਆਪਣਾ ਸੰਤੁਲਨ ਨਹੀਂ ਖੋਇਆ ਅਤੇ ਨਾ ਹੀ ਉਨ੍ਹਾਂ ਨੂੰ ਅੱਗੇ ਲੰਘਣ ਲਈ ਰਸਤਾ ਦਿੱਤਾ। ਪਿੰਡ ਕਾਤਰੋਂ ਨਜ਼ਦੀਕ ਉਸ ਨੂੰ ਮਾਤਾ ਭਗਤਾਂ ਦੀ ਇੱਕ ਟੋਲੀ ਦਿਖਾਈ ਦਿੱਤੀ ਜਿਨ੍ਹਾਂ ਦੀ ਗਿਣਤੀ 20 ਦੇ ਕਰੀਬ ਹੋਵੇਗੀ ਉਨ੍ਹਾਂ ਕੋਲ ਉਸਨੇ ਆਪਣਾ ਟਰੱਕ ਰੋਕ ਲਿਆ ਅਤੇ ਆਪਣੀ ਪੂਰੀ ਹੱਡਬੀਤੀ ਉਨ੍ਹਾਂ ਮਾਤਾ ਭਗਤਾਂ ਨੂੰ ਸੁਣਾਈ , ਜਿੰਨਾ ਨੂੰ ਵੇਖਦੇ ਹੀ ਲੁਟੇਰਾ ਗਰੋਹ ਦੇ ਮੈਂਬਰ ਪਿੱਛੇ ਮੁੜ ਗਏ । ਹੁਣ ਉਸਨੇ ਵੀਡੀਓ ਰਾਹੀਂ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਸਾਰੇ ਲੋਕਾਂ ਨੂੰ ਧੂਰੀ-ਸ਼ੇਰਪੁਰ ਦੇ ਰਸਤੇ ਜਹਾਂਗੀਰ ਨਹਿਰ ਦੇ ਪੁੱਲ ਨੇੜੇ ਰਾਤ ਸਮੇਂ ਇਕੱਲੀ ਗੱਡੀ ਜਾ ਇਕੱਲੇ ਮੋਟਰ ਸਾਈਕਲ ਰਾਹੀਂ ਸਫ਼ਰ ਕਰਦੇ ਸਮੇਂ ਸੁਚੇਤ ਰਹਿਣ ਲਈ ਕਿਹਾ ਹੈ।
ਇਲਾਕੇ ਦੇ ਉੱਘੇ ਸਮਾਜਸੇਵੀ ਸੁਖਦੇਵ ਸਿੰਘ ਬੜੀ , ਮਾ. ਹਰਬੰਸ ਸਿੰਘ ਸ਼ੇਰਪੁਰ , ਡਾ. ਕੇਸਰ ਸਿੰਘ ਦੀਪ , ਸੂਬੇਦਾਰ ਮੇਜਰ ਹਰਜੀਤ ਸਿੰਘ , ਸੂਬੇਦਾਰ ਜੰਗ ਸਿੰਘ , ਚਮਕੌਰ ਸਿੰਘ ਭੋਲਾ ਟਿੱਬਾ , ਰਕੇਸ਼ ਕੁਮਾਰ ਭੋਲਾ ਬੀ ਕੇ ਓੰ , ਸਤਿੰਦਰ ਪਾਲ ਸੋਨੀ , ਲਾਇਨਜ਼ ਕਲੱਬ ਸ਼ੇਰਪੁਰ ਦੇ ਪ੍ਰਧਾਨ ਦੀਪਕ ਕੁਮਾਰ, ਪੀ.ਆਰ.ਓੰ ਚਮਕੌਰ ਸਿੰਘ ਦੀਦਾਰਗੜ੍ਹ, ਕੁਲਵਿੰਦਰ ਕੁਮਾਰ ਕਾਲਾ ਵਰਮਾ, ਐਡਵੋਕੇਟ ਹਰਪ੍ਰੀਤ ਸਿੰਘ ਖੀਪਲ , ਜਾਗਰ ਸਿੰਘ ਫੌਜੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਅਜਿਹੇ ਰਸਤਿਆਂ ਤੇ ਗਸ਼ਤ ਲਗਾਈ ਜਾਵੇ ਤਾਂ ਕਿ ਅਣਸੁਖਾਵੀਂਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
ਕੀ ਕਹਿੰਦੇ ਨੇ ਐੱਸਐੱਸਪੀ ਸੰਗਰੂਰ – ਜਦੋਂ ਇਹ ਵਾਇਰਲ ਵੀਡੀਓ ਐੱਸ ਐੱਸ ਪੀ ਸੰਗਰੂਰ ਡਾ. ਸੰਦੀਪ ਗਰਗ ਜੀ ਨੂੰ ਵਹਟਸ ਐਪ ਤੇ ਭੇਜ ਕੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਮੈਂ ਇਸ ਨੂੰ ਵੇਖਦਾ ਹਾਂ ਅਤੇ ਤੁਰੰਤ ਸਬੰਧਤ ਪੁਲਿਸ ਅਧਿਕਾਰੀ ਦੀ ਡਿਊਟੀ ਲਗਾਉਂਦਾ ਹਾਂ।
ਕੀ ਕਿਹਾ ਡੀਐੱਸਪੀ ਧੂਰੀ ਨੇ – ਜਦੋਂ ਇਸ ਵਾਇਰਲ ਵੀਡੀਓ ਸਬੰਧੀ ਸਬ ਡਵੀਜ਼ਨ ਧੂਰੀ ਦੇ ਡੀਐਸਪੀ ਰਸ਼ਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਮੀਡੀਆ ਵੱਲੋਂ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਇਹ ਮਾਮਲਾ ਭਾਵੇਂ ਲਿਖਤੀ ਰੂਪ ਵਿੱਚ ਹਾਲੇ ਸਾਡੇ ਧਿਆਨ ਵਿੱਚ ਨਹੀਂ ਆਇਆ ਸੀ, ਪਰ ਹੁਣ ਇਸ ਵੀਡੀਓ ਦੇ ਅਧਾਰ ਤੇ ਇਸ ਤੇ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਇਸ ਏਰੀਆ ਨਾਲ ਸਬੰਧਤ ਥਾਣਾ ਮੁਖੀ ਸ਼ੇਰਪੁਰ, ਥਾਣਾ ਮੁਖੀ ਧੂਰੀ ਸ਼ਹਿਰ ਅਤੇ ਸਦਰ ਨੂੰ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ । ਉਨ੍ਹਾਂ ਕਿਹਾ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਪੁਲਿਸ ਦਾ ਧਰਮ ਹੈ , ਇਸ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਹੈਲਪ ਨੰਬਰ 112 ਦਾ ਇਸਤੇਮਾਲ ਕਰਨ ਦੀ ਵੀ ਅਪੀਲ ਕੀਤੀ।
– ਹਰਜੀਤ ਸਿੰਘ ਕਾਤਿਲ
ਪੱਤਰਕਾਰ ‘ਪੰਜਾਬ ਟਾਇਮਜ਼’

Send this to a friend