April 23, 2026 11:02 am

ਨਸ਼ਿਆਂ ਤੋਂ ਬਾਅਦ ਹੁਣ ਏਡਜ਼ ਦਾ ਕਹਿਰ

ਪੰਜਾਬ ਵਿੱਚ ਨਸ਼ਿਆਂ ਦੀ ਬੁਰਾਈ ਨੂੰ ਹਾਲੇ ਤੱਕ ਠੱਲ੍ਹ ਨਹੀਂ ਪਾਈ ਜਾ ਸਕੀ। ਹੁਣ ਨਸ਼ਿਆਂ ਦੀ ਇਹ ਲਾਹਣਤ ਏਡਜ਼ ਅਤੇ ਹੋਰ ਮਾਰੂ ਬਿਮਾਰੀਆਂ ਨੂੰ ਲੈ ਆਈ ਹੈ। ਨਸ਼ੇ ਕਰ ਰਹੇ ਨਸ਼ੇੜੀਆਂ ਨੂੰ ਐਚ.ਆਈ.ਵੀ. ਅਤੇ ਹੋਰ ਮਾਰੂ ਬਿਮਾਰੀਆਂ ਨੇ ਘੇਰ ਲਿਆ ਹੈ। ਵੱਡੀ ਗਿਣਤੀ ਵਿੱਚ ਐਚ.ਆਈ.ਵੀ. ਮਰੀਜ਼ ਸਾਹਮਣੇ ਆ ਰਹੇ ਹਨ। ਰਸਾਇਣਕ ਨਸ਼ਿਆਂ ਦੇ ਟੀਕੇ ਲਾਉਣ ਵਾਲੇ ਨਸ਼ੇੜੀ ਖ਼ਾਸ ਤੌਰ ‘ਤੇ ਇਸ ਮਾਰੂ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਹਾਲੇ ਤੱਕ ਇਸ ਬਿਮਾਰੀ ਦੇ ਮਰੀਜ਼ਾਂ ਦਾ ਸਹੀ ਅੰਕੜਾ ਸਾਹਮਣੇ ਆਉਣਾ ਬਾਕੀ ਹੈ। ਉਂਝ ਇਹ ਸਮਝਿਆ ਜਾ ਰਿਹਾ ਹੈ ਕਿ ਅਜਿਹੇ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਸਕਦੀ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਸਾਲ 2013-14 ‘ਚ 4537 ਕੇਸਾਂ ਦੇ ਮੁਕਾਬਲੇ ਸਾਲ 2018-19 ‘ਚ 8133 ਏਡਜ਼/ਐਚ.ਆਈ.ਵੀ. ਕੇਸ ਸਾਹਮਣੇ ਆਏ ਸਨ। ਇਹ ਅੰਕੜਾ ਹੁਣ ਇੱਕਦਮ ਵੱਧ ਗਿਆ ਹੈ। ਪਿਛਲੇ ਦੋ-ਤਿੰਨ ਮਹੀਨਿਆਂ ਦੌਰਾਨ ਬਡਰੁੱਖਾ (ਸੰਗਰੂਰ) ‘ਚ ਦਰਜਨ, ਬਰਨਾਲਾ ‘ਚ 40 ਤੇ ਫ਼ਾਜ਼ਿਲਕਾ ਕਰੀਬ 60 ਨਵੇਂ ਕੇਸਾਂ ਦਾ ਸਾਹਮਣੇ ਆਉਣਾ ਹੋਰ ਵੀ ਘਾਤਕ ਹੈ, ਕਿਉਂਕਿ ਇਨ੍ਹਾਂ ‘ਚ ਬਹੁਤੇ ਪੀੜਤ 12-14 ਸਾਲਾਂ ਦੇ ਕਿਸ਼ੋਰ ਤੇ ਉਹ ਨੌਜਵਾਨ ਸ਼ਾਮਿਲ ਹਨ, ਜਿੰਨਾ ਨੂੰ ਨਸ਼ੇ ਦੀ ਲਤ ਲੱਗੀ ਹੋਈ ਹੈ। ਨਸ਼ੇੜੀ ਇੱਕ ਹੀ ਸਰਿੰਜ ਨੂੰ ਵਾਰ-ਵਾਰ ਵਰਤੋਂ ਵਿੱਚ ਲਿਆ ਰਹੇ ਹਨ। ਕਈ ਵਾਰ ਅਜਿਹੀਆਂ ਸਰਿੰਜਾਂ ਹਸਪਤਾਲਾਂ ਦੇ ਕੁੜੇ-ਕਰਕਟ ਵਿੱਚੋਂ ਚੁੱਕੀਆਂ ਜਾਂਦੀਆਂ ਹਨ। ਇਸ ਕਾਰਨ ਹੀ ਮਰੀਜ਼ਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋ ਗਿਆ ਹੈ। ਐਚ.ਆਈ.ਵੀ. ਅਤੇ ਏਡਜ਼ ਵਰਗੀਆਂ ਮਾਰੂ ਬਿਮਾਰੀਆਂ ਦੇ ਮਰੀਜ਼ਾਂ ਵਿੱਚ ਇੱਕਦਮ ਵਾਧੇ ਨਾਲ ਪੰਜਾਬ ਵਿੱਚ ਚਿੰਤਾ ਹੋਰ ਵੀ ਵਧੀ ਹੈ। ਲਾਗ ਦੀ ਬਿਮਾਰੀ ਹੋਣ ਕਾਰਨ ਦੂਸਰੇ ਲੋਕਾਂ ਨੂੰ ਵੀ ਇਹ ਬਿਮਾਰੀ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਹਾਲੇ ਤੱਕ ਸਰਕਾਰ ਇਸ ਸਬੰਧੀ ਫ਼ਿਕਰਮੰਦ ਨਹੀਂ ਹੋਈ, ਨਾ ਹੀ ਇਸ ਸਬੰਧ ਵਿੱਚ ਕੋਈ ਤੁਰੰਤ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੰਜਾਬ ਸਰਕਾਰ ਇੱਕ ਪਾਸੇ ਕਾਂਗਰਸ ਅਤੇ ਨਰੋਆ ਪੰਜਾਬ ਦੇ ਨਾਅਰੇ ਲਗਾ ਰਹੀ ਹੈ, ਦੂਸਰੇ ਪਾਸੇ ਪੰਜਾਬੀਆਂ ਦੀ ਸਿਹਤ ਅਤੇ ਜ਼ਿੰਦਗੀ ਲਈ ਪੈਦਾ ਹੋਏ ਵੱਡੇ ਖਤਰਿਆਂ ਨਾਲ ਸਿਝਣ ਲਈ ਕੋਈ ਪੁਖਤਾ ਕਾਰਵਾਈ ਨਹੀਂ ਕਰ ਰਹੀ। ਨਸ਼ਿਆਂ ਦੀ ਲਾਹਣਤ ਅਤੇ ਐਚ.ਆਈ.ਵੀ. ਵਰਗੀਆਂ ਬਿਮਾਰੀਆਂ ਨੇ ਛੋਟੀ ਉਮਰ ਦੇ ਨੌਜਵਾਨਾਂ ਨੂੰ ਵੀ ਘੇਰ ਰੱਖਿਆ ਹੈ। ਪੀੜਤਾਂ ਦੀ ਵੱਡੀ ਗਿਣਤੀ ਤੱਕ ਹਾਲੇ ਸਰਕਾਰ ਪਹੁੰਚ ਨਹੀਂ ਕਰ ਸਕੀ। ਸਮਾਜਿਕ ਜਥੇਬੰਦੀਆਂ ਵੀ ਇਸ ਮੁੱਦੇ ‘ਤੇ ਵੱਡੀ ਸਰਗਰਮੀ ਨਹੀਂ ਵਿੱਢ ਸਕੀਆਂ। ਪੰਜਾਬ ਇੱਕ ਤਰ੍ਹਾਂ ਨਾਲ ਵਿਨਾਸ਼ ਦੇ ਰਾਹ ਉੱਪਰ ਤੁਰ ਰਿਹਾ ਹੈ। ਇਸ ਨੂੰ ਰੋਕਣ ਲਈ ਵਿਆਪਕ ਪੈਮਾਨੇ ‘ਤੇ ਵੱਡੀ ਕਾਰਵਾਈ ਦੀ ਜ਼ਰੂਰਤ ਹੈ।
– ਬਲਜੀਤ ਸਿੰਘ ਬਰਾੜ

Send this to a friend