April 22, 2026 9:54 am

ਪ੍ਰਿੰਯਕਾ ਗਾਂਧੀ ਦੀ ਸਿਆਸੀ ਮੁਹਿੰਮ

ਗਾਂਧੀ ਪਰਿਵਾਰ ਦੀ ਸਿਆਸੀ ਵਿਰਾਸਤ ਨੂੰ ਸੰਭਾਲ ਰਹੀ ਕਾਂਗਰਸ ਦੀ ਜਨਰਲ ਸਕੱਤਰ ਸ਼੍ਰੀਮਤੀ ਪ੍ਰਿੰਯਕਾ ਗਾਂਧੀ ਵਾਡਰਾ ਬਿਲਕੁੱਲ ਸਹੀ ਦਿਸ਼ਾ ਵੱਲ ਵੱਧ ਰਹੀ ਪ੍ਰਤੀਤ ਹੋ ਰਹੀ ਹੈ। ਉਨ੍ਹਾਂ ਵੱਲੋਂ ਸੋਨਭੱਦਰ ਵਿਖੇ ਜ਼ਮੀਨੀ ਝਗੜੇ ਕਾਰਨ ਹੋਏ ਹੱਤਿਆ ਕਾਂਡ ਦੇ ਪੀੜਤਾਂ ਨੂੰ ਮਿਲਣ ਜਾਣਾ ਇਕ ਵੱਡੀ ਸਿਆਸੀ ਕਾਰਵਾਈ ਆਖਿਆ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਵਿੱਚ ਛੇਤੀ ਹੀ ਚੋਣਾਂ ਹੋਣ ਵਾਲੀਆਂ ਹਨ। ਸੋਨਭੱਦਰ ਦੀ ਘਟਨਾ ਨੇ ਦੇਸ਼ ਭਰ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਆਦਿ ਵਾਸੀਆਂ ਨਾਲ ਹੋਈ ਜ਼ਮੀਨ ਦੇ ਕਬਜ਼ੇ ਲਈ ਹੋਈ ਇਹ ਜ਼ਿਆਦਤੀ ਉੱਤਰ ਪ੍ਰਦੇਸ਼ ‘ਚ ਇਕ ਵੱਡਾ ਮੁੱਦਾ ਬਣ ਗਈ ਹੈ। ਸ਼੍ਰੀਮਤੀ ਪ੍ਰਿੰਯਕਾ ਗਾਂਧੀ ਵੱਲੋਂ ਮੌਕੇ ‘ਤੇ ਜਾ ਕੇ ਪੀੜਤਾਂ ਦੇ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਕਰਨਾ ਸਿਆਸੀ ਅਤੇ ਸਮਾਜ ਪੱਖ ਤੋਂ ਕਾਫੀ ਅਹਿਮ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਸੂਬਾ ਸਰਕਾਰ ਨੂੰ ਪਤਾ ਹੈ ਕਿ ਅਜਿਹਾ ਕਰਨ ਨਾਲ ਕਾਂਗਰਸ ਨੂੰ ਇਸ ਦਾ ਸਿਆਸੀ ਲਾਭ ਮਿਲੇਗਾ। ਇਸ ਕਾਰਨ ਹੀ ਮਿਰਜ਼ਾਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਘੰਟੇ ਸ਼੍ਰੀਮਤੀ ਪ੍ਰਿੰਯਕਾ ਗਾਂਧੀ ਵਾਡਰਾ ਨੂੰ ਹਿਰਾਸਤ ਵਿੱਚ ਰੱਖਿਆ ਗਿਆ। ਉਨ੍ਹਾਂ ਨੂੰ ਚੁਨਾਰ ਗੈਸਟ ਹਾਊਸ ਵਿੱਚ ਲਿਜਾਇਆ ਗਿਆ। ਵਾਰਾਨਸੀ ‘ਚ ਬਨਾਰਸ ਹਿੰਦੂ ਯੂਨੀਵਰਸਿਟੀ ਕੰਪਲੈਕਸ ‘ਚ ਸਥਿਤ ਟਰੋਮਾ ਸੈਂਟਰ ਤੋਂ ਪਿੰ੍ਰਯਕਾ ਦਾ ਕਾਫ਼ਲਾ ਜਿਵੇਂ ਹੀ ਮਿਰਜ਼ਾਪੁਰ ਦੇ ਰਸਤੇ ਸੋਨਭੱਦਰ ਲਈ ਰਵਾਨਾ ਹੋਇਆ ਤਾਂ ਉਨ੍ਹਾਂ ਨੂੰ ਰਸਤੇ ‘ਚ ਨਰਾਇਣਪੁਰ ਲਾਗੇ ਰੋਕ ਲਿਆ ਗਿਆ। ਰੋਕਣ ਦੇ ਵਿਰੋਧ ‘ਚ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਮੌਕੇ ‘ਤੇ ਹੀ ਧਰਨੇ ‘ਤੇ ਬੈਠ ਗਏ। ਬਾਅਦ ਵਿੱਚ ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਝੁਕਣਾ ਪਿਆ ਅਤੇ ਪੀੜਤ ਪਰਿਵਾਰਾਂ ਦੇ ਕੁਝ ਚੋਣਵੇਂ ਮੈਂਬਰਾਂ ਨੂੰ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਨਾਲ ਚੁਨਾਰ ਗੈਸਟ ਹਾਊਸ ਵਿਖੇ ਮੁਲਾਕਾਤ ਕਰਵਾਈ ਗਈ। ਇਸ ਮੌਕੇ ‘ਤੇ ਬਹੁਤ ਭਾਵੁਕ ਮਾਹੌਲ ਸੀ। ਪੀੜ੍ਹਤ ਪਰਿਵਾਰਾਂ ਨੂੰ ਮਿਲਕੇ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਕੀਤਾ ਗਿਆ। ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਕਾਂਗਰਸ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਕੇਗੀ। ਇਸ ਕਾਰਵਾਈ ਨਾਲ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਨੇ ਲੋਕਾਂ ਦੇ ਦਿੱਲ ਜਿੱਤ ਲਏ ਹਨ। ਉਹ ਕਾਂਗਰਸ ਦੇ ਇਕ ਮਜ਼ਬੂਤ ਆਗੂ ਵਜੋਂ ਉਭਰਦੇ ਨਜ਼ਰ ਆ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀ ਸਿਆਸੀ ਭੂਮਿਕਾ ਨੂੰ ਹੋਰ ਦਿਲਚਸਪੀ ਨਾਲ ਦੇਖਿਆ ਜਾਵੇਗਾ। ਉਮੀਦ ਹੈ ਕਿ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਦੀ ਇਹ ਸਿਆਸੀ ਸਰਗਰਮੀ ਕਾਂਗਰਸ ਦੀ ਸਿਆਸੀ ਜ਼ਮੀਨ ਨੂੰ ਬਹਾਲ ਕਰਨ ਵਿੱਚ ਵੱਡੀ ਮੱਦਦ ਕਰੇਗੀ।
– ਬਲਜੀਤ ਸਿੰਘ ਬਰਾੜ

Send this to a friend