April 22, 2026 4:44 am

ਠੇਕੇਦਾਰ ਦੀ ਵੱਡੀ ਲਾਪਰਵਾਹੀ-ਕਿਸੇ ਦਿਨ ਵਾਪਰ ਸਕਦੈ ਵੱਡਾ ਹਾਦਸਾ

ਰੋਪੜ, 19 ਜੁਲਾਈ (ਅਸ਼ੋਕ ਪਾਲ ਸਿੰਘ, ਬੇਲਾ)- ਸਥਾਨਕ ਜਿਲੇ ਦੇ ਕਸਬਾ ਬੇਲਾ ਵਿਖੇ ਐਸਕੇਪ ਡਰੇਨ ‘ਤੇ 350 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਪੁਲ੍ਹੀ ਕਾਰਨ ਪਾਣੀ ਨਾਲ ਭਰੇ ਆਰਜੀ ਰਸਤੇ ਚ ਡੂੰਘੇ ਖੱਡੇ ਪੈ ਜਾਣ ਕਾਰਨ ਇੱਕ ਸਵਾਰੀਆਂ
ਨਾਲ ਭਰੀ ਬੱਸ ਪਲਟਣ ਤੋਂ ਮਸਾਂ ਬਚੀ। ਦੱਸਣਾ ਬਣਦਾ ਹੈ ਕਿ ਉਕਤ ਪੁਲ੍ਹੀ ਨੂੰ ਬਣਾਉਣ ਵਾਲੇ ਠੇਕੇਦਾਰ ਵੱਲੋਂ ਪੁਲ੍ਹੀ ਬਣਾਉਣ ਤੋਂ ਪਹਿਲਾਂ ਵਿਭਾਗ ਵੱਲੋਂ 40ਲੱਖ ਰੁਪਏ ਖਰਚ ਕਰਕੇ ਬਣਾਇਆ ਆਰਜੀ ਪ੍ਰੰਤੂ ਪੱਕਾ ਰਸਤਾ ਢਾਹ ਦਿੱਤਾ ਗਿਆ ਸੀ ਤੇ ਉਸ ਥਾਂ ਤੋਂ ਮਹਿਜ਼ 50 ਫੁੱਟ ਦੀ ਦੂਰੀ ‘ਤੇ ਇੱਕ ਕੱਚਾ ਤੇ ਹਾਦਸਿਆਂ ਨੂੰ ਸੱਦਾ ਦਿੰਦਾ ਆਰਜੀ ਰਸਤਾ ਤਿਆਰ ਕਰਵਾਇਆ ਸੀ। ਹੁਣ ਉਕਤ ਡਰੇਨ ਚ ਬਾਰਿਸ਼ ਨਾਲ ਪਾਣੀ ਭਰਨ ਕਰਕੇ ਲੋਕਾਂ ਜਾਂ ਵਹੀਕਲਾਂ ਨੂੰ ਜਾਣ ਆਉਣ ਦਾ ਹੋਰ ਕੋਈ ਰਸਤਾ ਨਹੀਂ ਸੀ ਰਿਹਾ ਜਿਸ ਕਰਕੇ ਮਜਬੂਰੀ ਵੱਸ ਬੱਸਾਂ ਤੇ ਕਾਰਾਂ ਨੂੰ ਇਸ ਪਾਣੀ ਵਾਲੇ ਰਸਤੇ ਚੋਂ ਹੀ ਲੰਘਣਾ ਪੈਂਦਾ ਹੈ। ਇਸੇ ਕਰਕੇ ਸਵਾਰੀਆਂ ਨਾਲ ਭਰੀ ਬੱਸ ਦਾ ਅੱਜ ਅਗਲਾ ਟਾਇਰ ਪਾਣੀ ਚ ਛੁਪੇ ਡੂੰਘੇ ਖੱਡੇ ਚ ਪੈਣ ਕਰਕੇ ਬੱਸ ਪਲਟਦੇ ਪਲਟਦੇ ਮਸਾਂ ਬਚੀ ਤੇ ਸਵਾਰੀਆਂ ਨੂੰ ਬਹੁਤ ਮੁਸ਼ਕਿਲ ਨਾਲ ਡੂੰਘੇ ਪਾਣੀ ਤੋਂ ਬਾਹਰ ਕੱਢਿਆ ਗਿਆ ਤੇ ਸਵਾਰੀਆਂ ਦਾ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਉਕਤ ਪੁਲੀ ਨੂੰ ਤਿਆਰ ਕਰਨ ਦੀ ਮਿਆਦ ਛੇ ਮਹੀਨੇ ਰੱਖੀ ਗਈ ਸੀ ਪ੍ਰੰਤੂ ਠੇਕੇਦਾਰ ਦੇ ਢਿੱਲੜਪੁਣੇ ਤੇ ਘੋਰ ਲਾਪ੍ਰਵਾਹੀ ਕਾਰਨ 7-8ਮਹੀਨਿਆਂ ਦੇ ਲੰਬੇ ਸਮੇਂ ਚ ਹਾਲੇ ਤੱਕ ਇੱਕ ਹਿੱਸਾ ਕੰਮ ਵੀ ਪੂਰਾ ਨਹੀਂ ਹੋਇਆ। ਇਸ ਮੌਕੇ ਰਾਜਿੰਦਰ ਸਿੰਘ, ਹਰਪਰੀਤ ਸਿੰਘ, ਇਕਬਾਲ ਸਿੰਘ ਤੇ ਰਾਜਕੁਮਾਰ ਆਦਿ ਦਰਜਨਾਂ ਵਿਅਕਤੀਆਂ ਨੇ ਜਿਲੇ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਵਾਹਨਾਂ ਦੇ ਲੰਘਣ ਲਈ ਬਿਨਾਂ ਖਤਰੇ ਵਾਲਾ ਠੇਕੇਦਾਰ ਕੋਲੋਂ ਆਰਜੀ ਰਸਤਾ ਬਣਵਾਇਆ ਜਾਵੇ ਤਾਂ ਕਿ ਲੋਕਾਂ ਨੂੰ ਆਉਣ ਜਾਣਾ ਸੌਖਾ ਰਹੇ ਤੇ ਇਸ ਆਰਜੀ ਰਸਤੇ ਕਾਰਨ ਜੇਕਰ ਕਿਸੇ ਵੀ ਸਮੇਂ ਕੋਈ ਵੀ ਵੱਡਾ ਹਾਦਸਾ ਵਾਪਰਦਾ ਹੈ, ਤਾਂ ਉਸ ਦੀ ਪੂਰੀ ਜਿੰਮੇਵਾਰੀ ਇਸ ਠੇਕੇਦਾਰ ਸਿਰ ਹੋਵੇਗੀ।

Send this to a friend