ਕੁਰਾਲੀ, 19 ਜੁਲਾਈ (ਰਣਜੋਧ ਸਿੰਘ)- ਭਾਵੇਂ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵੱਡੀਆਂ ਵੱਡੀਆਂ ਵਿਉਂਤਬੰਦੀਆਂ ਬਣਾਈਆਂ ਜਾਂਦੀਆਂ ਹਨ ਪਰ ਜਮੀਨੀ ਪੱਧਰ ਤੇ ਇਹ ਬਿਲਕੁਲ ਹੀ ਜ਼ੀਰੋ ਸਾਬਤ ਹੁੰਦੀਆਂ ਦਿਖਾਈ ਦਿੰਦੀਆਂ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਨੇੜਲੇ ਪਿੰਡ ਖਿਜ਼ਰਾਬਾਦ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਛੋਟੇ ਛੋਟੇ ਬੱਚਿਆਂ ਨੂੰ ਆਉਣ ਲਈ ਇੱਕੋ ਇੱਕ ਸੜਕ ਹੈ ਜਿਸ ਦੀ ਹਾਲਤ ਪੂਰੀ ਤਰ੍ਹਾਂ ਖਸਤਾ ਹੈ ਜਿਸ ਤੇ ਸਾਫ ਮੌਸਮ ਵਿੱਚ ਧੂੜ ਮਿੱਟੀ ਉੱਡਦੀ ਰਹਿੰਦੀ ਹੈ। ਪਰ ਇਨ੍ਹਾਂ ਬਰਸਾਤ ਦੇ ਦਿਨਾਂ ਵਿਚ ਇਸ ਦੀ ਹਾਲਤ ਹੋਰ ਵੀ ਜ਼ਿਆਦਾ ਤਰਸਯੋਗ ਹੋ ਜਾਂਦੀ ਹੈ ਕਿਉਂਕਿ ਬਰਸਾਤ ਦੇ ਕਾਰਨ ਇਹ ਸੜਕ ਚਿੱਕੜ ਦੇ ਨਾਲ ਭਰ ਜਾਂਦੀ ਹੈ ਜਿਸ ਨਾਲ ਸਕੂਲ ਆਉਣ ਤੇ ਜਾਣ ਵਾਲੇ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਇਸ ਚਿੱਕੜ ਨਾਲ ਭਰੀ ਸੜਕ ਵਿੱਚ ਬੱਚੇ ਸਲਿੱਪ ਕਰ ਕੇ ਡਿੱਗ ਜਾਂਦੇ ਹਨ ਜਾਂ ਆਉਂਦੇ ਜਾਂਦੇ ਵਾਹਨ
ਉਨ੍ਹਾਂ ਉੱਤੇ ਗੰਦਾ ਪਾਣੀ ਪਾ ਕੇ ਚਲੇ ਜਾਂਦੇ ਹਨ ਦੂਜਾ ਇਹ ਸਕੂਲ ਸੜਕ ਨਾਲੋਂ ਕੁਝ ਨੀਵਾਂ ਹੋਣ ਕਾਰਨ ਇੱਥੇ ਬਰਸਾਤ ਦੇ ਦਿਨਾਂ ਵਿੱਚ ਆਮ ਹੀ ਪਾਣੀ ਭਰ ਜਾਂਦਾ ਹੈ ਜਿਸ ਨਾਲ ਇਸ ਨੂੰ ਦੇਖਣ ਤੇ ਇਹ ਸਕੂਲ ਨਹੀਂ ਇੱਕ ਛੱਪੜ ਦੀ ਤਰ੍ਹਾਂ ਪ੍ਰਤੀਤ ਹੁੰਦਾ ਹੈ। ਇਨ੍ਹਾਂ ਮੁਸ਼ਕਲਾਂ ਤੋਂ ਬਾਅਦ ਵੀ ਨੰਨ੍ਹੇ ਮੁੰਨੇ ਬੱਚੇ ਇਸ ਵਿੱਚੋਂ ਭਰੇ ਪਾਣੀ ਵਿੱਚੋਂ ਨਿਕਲ ਕੇ ਆਪਣੇ ਸਕੂਲ ਵਿੱਚ ਪਹੁੰਚਦੇ ਹਨ। ਇਸ ਮੌਕੇ ਪਿੰਡ ਵਾਸੀਆਂ ਸਮਾਜ ਸੇਵੀ ਲਖਵੀਰ ਸਿੰਘ ਬੱਬੂ,ਓਮ ਪਾਲ ਰਾਣਾ ਅਤੇ ਜਸਪਾਲ ਸਿੰਘ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਸਭ ਤੋਂ ਪਹਿਲਾਂ ਇਸ ਵੱਲ ਵਿਸ਼ੇਸ਼ ਧਿਆਨ ਦੇ ਕੇ ਸਕੂਲ ਦੀ ਹਾਲਤ ਨੂੰ ਸੁਧਾਰਿਆ ਜਾਵੇ ਤਾਂ ਜੋ ਇੱਥੇ ਪੜ੍ਹਨ ਵਾਲੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।
ਕੀ ਕਹਿਣਾ ਹੈ ਡੀ ਈ ਓ ਦਾ- ਇਸ ਸਮੱਸਿਆ ਸਬੰਧੀ ਜਦੋਂ ਡੀ ਈ ਓ ਗੁਰਪ੍ਰੀਤ ਕੌਰ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਜਾਣੂ ਹਨ। ਉਹ ਬਰਸਾਤ ਤੋਂ ਕੁਝ ਦਿਨ ਪਹਿਲਾਂ ਇਸ ਸਕੂਲ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਪਹਿਲਾਂ ਹੀ ਲਿਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਰਸਾਤ ਤੋਂ ਬਾਅਦ ਪਹਿਲ ਦੇ ਆਧਾਰ ਤੇ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।