ਚੀਮਾਂ ਮੰਡੀ, 17 ਜੁਲਾਈ (ਰੋਹਿਤ ਗਰਗ, ਸੁਖਦੇਵ ਸਿੰਘ ਦੇਬੀ)- ਭਾਵੇਂ ਕਿ ਸਮੇਂ-ਸਮੇਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਰਹੀਆਂ, ਨਗਰ ਪੰਚਾਇਤ ਚੀਮਾਂ ਦੇ ਪ੍ਰਬੰਧਕ ਬਦਲਦੇ ਰਹੇ, ਪਰੰਤੂ ਕਸਬਾ ਨਿਵਾਸੀਆਂ ਦੀਆਂ ਮੁਸੀਬਤਾਂ ਕਿਸੇ ਨੇ ਵੀ ਖਤਮ ਕਰਨ ਦੀ ਨਾ ਸੋਚੀ। ਚੋਣਾਂ ਭਾਵੇਂ ਨਗਰ ਪੰਚਾਇਤ ਦੀਆਂ ਹੋਣ ਜਾਂ ਵਿਧਾਨ ਸਭਾ, ਲੋਕ ਸਭਾ ਅਤੇ ਕੋਈ ਹੋਰ, ਹਰ ਵਾਰ ਚੀਮਾਂ ਵਾਸੀਆਂ ਨੂੰ ਫੋਕੇ ਲਾਰਿਆਂ ਤੋਂ ਇਲਾਵਾ ਕਾਗਜੀ ਵਿਕਾਸ ਹੀ ਮਿਲਿਆ ਹੈ। ਹਕੀਕੀ ਤੌਰ ‘ਤੇ ਅੱਜ ਵੀ ਇੱਥੋਂ ਦੇ ਲੋਕ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੋਏ ਪਏ ਹਨ। ਜਿੱਥੇ ਕਸਬੇ ਦੇ ਵਾਸੀ ਬਹੁ ਗਿਣਤੀ ਵਿਚ ਕਿਸਾਨੀ ਨਾਲ ਸਬੰਧਤ ਹਨ, ਉਥੇ ਹੀ ਹੱਦੋਂ ਵੱਧ ਗਰਮੀ ਵਿਚ ਹਰ ਇਕ ਇਨਸਾਨ ਮੀਂਹ ਨੂੰ ਲੋਚਦਾ ਹੈ, ਪਰ ਇੱਥੋਂ ਦੇ ਲੋਕ ਭਾਵੇਂ ਮੀਂਹ ਤੋਂ ਬਿਨਾਂ ਗਰਮੀ ਨਾਲ ਕਿੰਨੇ ਵੀ ਤੰਗ ਹੋ ਜਾਣ, ਪਰ ਮੀਂਹ ਨਾ ਪੈਣ ਦੀਆਂ ਅਰਦਾਸਾਂ ਕਰਦੇ ਹਨ, ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਸਾਡੇ ਵੱਲੋਂ ਚੁਣੇ ਨੁਮਾਂਇੰਦਿਆਂ ਨੇ ਸਾਡੇ ਲਈ ਕਿੰਨੇ ਕੁ ਕੰਮ ਕੀਤੇ ਹਨ, ਜਿਨ੍ਹਾਂ ਨੂੰ ਸ਼ਾਇਦ (ਸਥਾਨਕ ਨਿਵਾਸੀਆਂ ਅਨੁਸਾਰ) ਵਿਕਾਸ ਕਿਹਾ ਜਾਂਦਾ ਹੈ, ਕਿਉਂਕਿ ਪਿਛਲੀ ਨਗਰ ਪੰਚਾਇਤ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ਼ ਪਾਇਆ ਗਿਆ ਸੀ, ਜਿਸ ਤੋਂ ਬਾਅਦ ਇਕ ਵਾਰ ਤਾਂ ਇਨ੍ਹਾਂ ਨੂੰ ਜਾਪਿਆ ਸੀ ਕਿ ਸ਼ਾਇਦ ਹੁਣ ਸਾਨੂੰ ਡੁੱਬਣ ਵਾਲੀ ਸਥਿਤੀ ਤੋਂ ਨਿਜਾਤ ਮਿਲ ਜਾਵੇਗੀ, ਪਰ ਇਹ ਸਿਰਫ ਸੁਪਨੇ ਹੀ ਨਿਕਲੇ ਅਤੇ ਕਰੋੜਾਂ ਰੁਪਏ ਧਰਤੀ ਹੇਠ ਦਫਨ ਕਰ ਦਿੱਤੇ। ਸੀਵਰੇਜ਼ ਪੈਣ ਤੋਂ ਬਾਅਦ ਬਰਸਾਤਾਂ ਦੇ ਪਾਣੀ ਨਾਲ ਇਹ ਕਸਬਾ ਹੋਰ ਵੀ ਵੱਡਾ ਨਰਕ ਬਣ ਗਿਆ, ਜੋ ਕਿ ਸਮਾਂ ਦਰ ਸਮਾਂ ਹਰੇਕ ਬਰਸਾਤਾਂ ਦੇ ਸੀਜਨ ਦੌਰਾਨ ਵੱਧਦਾ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਜਦੋਂ ਮੁੜ ਨਗਰ ਪੰਚਾਇਤ ਦੀਆਂ ਚੋਣਾਂ ਹੋਈਆਂ ਤਾਂ ਮੌਜੂਦਾ ਸੱਤਾ ਧਿਰ ਨੇ ਇਨ੍ਹਾਂ ਲੋਕਾਂ ਨਾਲ ਪਾਣੀ ਦੇ ਨਿਕਾਸ ਅਤੇ ਹੋਰ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ, ਪਰ ਕੀਤਾ ਕੁਝ ਵੀ ਨਹੀਂ। ਇਸ ਵਰ੍ਹੇ ਫਿਰ ਮਾਨਸੂਨ ਦੀ ਪਹਿਲੀ ਬਰਸਾਤ ਤੋਂ ਬਾਅਦ ਪੂਰਾ ਕਸਬਾ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਕਿਸੇ ਝੀਲ ਦਾ ਭੁਲੇਖਾ ਪਾਉਂਦਾ ਹੈ, ਜਿਸ ਨਾਲ ਜਿੱਥੇ ਆਮ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ, ਉਥੇ ਹੀ ਇਕੱਠੇ ਹੋਏ ਪਾਣੀ ਨਾਲ ਬਹੁਤ ਸਾਰੀਆਂ ਭਿਆਨਕ ਬੀਮਾਰੀਆਂ ਦੇ ਫੈਲਣ ਦਾ ਡਰ ਵੀ ਇਨ੍ਹਾਂ ਲੋਕਾਂ ਨੂੰ ਵੱਢ-ਵੱਢ ਖਾ ਰਿਹਾ ਹੈ। ਇਸ ਸਬੰਧੀ ਜਦੋਂ ‘ਪੰਜਾਬ ਟਾਇਮਜ਼’ ਵੱਲੋਂ ਨਗਰ ਪੰਚਾਇਤ ਚੀਮਾਂ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਪੈੜੂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਸੀਵਰੇਜ਼ ਵਿਭਾਗ ਜਿੱਥੇ ਸੀਵਰੇਜ਼ ਪਾਉਣ ਵੇਲੇ ਆਪਣੀ ਜਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਾ ਸਮਝ ਕੇ ਸਿਰਫ ਖਾਨਾਪੂਰਤੀ ਕਰਦਿਆਂ ਸੀਵਰੇਜ਼ ਪਾਇਆ ਗਿਆ ਹੈ, ਉਥੇ ਹੀ ਹੁਣ ਫਿਰ ਕੋਈ ਅਧਿਕਾਰੀ ਜਾਂ ਮੁਲਾਜਮ ਇਹ ਕੋਸ਼ਿਸ਼ ਨਹੀਂ ਕਰ ਰਿਹਾ ਕਿ ਕਸਬੇ ਦੇ ਪਾਣੀ ਦੀ ਨਿਕਾਸੀ ਦਾ ਕੋਈ ਠੋਸ ਪ੍ਰਬੰਧ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮੈਂ ਖੁਦ ਇਸ ਸੀਵਰੇਜ਼ ਨੂੰ ਚਾਲੂ ਕਰਨ ਲਈ ਆਪਣੀ ਜੇਬ ਵਿਚੋਂ ਲੱਖਾਂ ਰੁਪਏ ਲਗਾ ਚੁੱਕਾ ਹਾਂ, ਪਰੰਤੂ ਸਹੀ ਤਰੀਕੇ ਨਾਲ ਸੀਵਰੇਜ਼ ਪਾਇਆ ਨਾ ਹੋਣ ਕਾਰਨ ਹਰ ਇਕ ਯਤਨ ਅਸਫਲ ਹੋਇਆ ਹੈ।