ਬਲਾਚੌਰ, 17 ਜੁਲਾਈ (ਸਤਨਾਮ ਚਾਹਲ)- ਖੇਡ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅਤੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਾਲ 2019-20 ਦੇ ਸੈਸ਼ਨ ਦੇ ਬਲਾਚੌਰ ਵਿਖੇ ਕਲ੍ਹ ਤੋਂ ਕਰਵਾਏ ਜਾ ਰਹੇ ਸਬ ਡਵੀਜ਼ਨ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਦੇ ਅੱਜ ਫ਼ਾਈਨਲ ਮੈਚ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਅਨੁਸਾਰ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੇ ਅੰਡਰ -14, 18 ਅਤੇ 25 ਸਾਲ ਵਰਗ ਦੇ ਇਨ੍ਹਾਂ ਮੁਕਾਬਲਿਆਂ ‘ਚ ਅੰਡਰ -14 ਲੜਕੇ ‘ਚ ਪਿੰਡ ਸਿੰਬਲ ਮਜਾਰਾ ਨੇ ਬੇਲਾ ਤਾਜੋਵਾਲ ਨੂੰ 28-12 ਦੇ ਅੰਤਰ ਨਾਲ ਹਰਾਇਆ। ਅੰਡਰ-18 ਲੜਕੇ ‘ਚ ਐਮ ਬੀ ਜੀ ਪਬਲਿਕ ਸਕੂਲ ਪੋਜੇਵਾਲ ਨੇ ਪਿੰਡ ਪੋਜੇਵਾਲ ਦੀ ਟੀਮ ਨੂੰ 30-26 ਦੇ ਅੰਤਰ ਨਾਲ ਹਰਾਇਆ। ਅੰਡਰ-25 ਪੁਰਸ਼ ਵਰਗ ‘ਚ ਪਿੰਡ ਕਟਵਾਰਾ ਨੇ ਐਮ ਬੀ ਜੀ ਪਬਲਿਕ ਸਕੂਲ ਪੋਜੇਵਾਲ ਨੂੰ 35-29 ਦੇ ਅੰਤਰ ਨਾਲ ਹਰਾਇਆ। ਲੜਕੀਆਂ ਦੇ ਅੰਡਰ-14 ਮੁਕਾਬਲੇ ‘ਚ ਸਜਾਵਲਪੁਰ ਦੀ ਟੀਮ ਨੇ ਐਮ ਐਲ ਬੀ ਜੀ ਟੱਪਰੀਆਂ ਖੁਰਦ ਨੂੰ 35-28 ਦੇ ਅੰਤਰ ਨਾਲ ਹਰਾਇਆ। ਇਸ ਟੂਰਨਾਮੈਂਟ ਦੇ ਜੇਤੂਆਂ ਨੂੰ ਇਨਾਮ ਵੰਡਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਐਸ ਡੀ ਐਮ ਬਲਾਚੌਰ ਜਸਬੀਰ ਸਿੰਘ ਨੇ ਜਿੱਥੇ ਜੇਤੂਆਂ ਨੂੰ ਵਧਾਈ ਦਿੱਤੀ ਦਿੱਤੀ ਉੱਥੇ ਕੋਈ ਸਥਾਨ ਨਾ ਲੈ ਸਕਣ ਵਾਲੀਆਂ ਟੀਮਾਂ ਨੂੰ ਅੱਗੇ ਲਈ ਹੋਰ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਅਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਖੇਡਾਂ ਵਿਚ ਭਾਗ ਲੈਣ ਲਈ ਵੀ ਆਖਿਆ। ਇਸ ਸਮਾਰੋਹ ਵਿਚ ਪ੍ਰਿੰਸੀਪਲ ਬੀ ਏ ਵੀ ਸੀਨੀਅਰ ਸੈਕੰਡਰੀ ਸਕੂਲ, ਕੁਲਵਿੰਦਰ ਸਿੰਘ ਜ਼ਿਲਾ ਖੇਡ ਅਫ਼ਸਰ, ਮਲਕੀਤ ਸਿੰਘ ਐਥਲੈਟਿਕਸ ਕੋਚ, ਗੁਰਜੀਤ ਕੌਰ ਕਬੱਡੀ ਕੋਚ, ਜਸਕਰਨ ਕੌਰ ਕਬੱਡੀ ਕੋਚ ਵੀ ਮੌਜੂਦ ਸਨ।