April 22, 2026 4:03 pm

ਪਾਵਰਕੌਮ ਦੀ ਬਿਜਲੀ ਚੋਰੀ ਵਿਰੁੱਧ ਮੁਹਿੰਮ ਸ਼ਲਾਘਾਯੋਗ

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕੌਮ) ਵੱਲੋਂ ਪੰਜਾਬ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਪਾਵਰਕੌਮ ਨੂੰ ਛਾਪੇਮਾਰੀਆਂ ਦੌਰਾਨ ਭਾਰੀ ਸਫਲਤਾ ਮਿਲੀ ਹੈ। ਪਾਵਰਕੌਮ ਵੱਲੋਂ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਲੱਖਾਂ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਬਿਜਲੀ ਚੋਰੀ ਕਾਰਨ ਪਾਵਰਕੌਮ ਨੂੰ ਭਾਰੀ ਨੁਕਸਾਨ ਸਹਿਣਾ ਪੈਂਦਾ ਹੈ। ਇਸ ਨੁਕਸਾਨ ਦੀ ਭਰਪਾਈ ਆਮ ਬਿਜਲੀ ਖਪਤਕਾਰਾਂ ਨੂੰ ਕਰਨੀ ਪੈਂਦੀ ਹੈ। ਆਮ ਤੌਰ ‘ਤੇ ਸਿਆਸੀ ਅਤੇ ਕੁਝ ਦੂਸਰੇ ਕਾਰਨਾਂ ਕਾਰਨ ਬਿਜਲੀ ਚੋਰਾਂ ਖਿਲਾਫ ਕਰੜੀ ਕਾਰਵਾਈ ਨਹੀਂ ਹੁੰਦੀ। ਪਾਵਰਕੌਮ ਦੀ ਬਿਜਲੀ ਚੋਰਾਂ ਖਿਲਾਫ਼ ਤਾਜ਼ਾ ਮੁਹਿੰਮ ਪ੍ਰਿੰਸੀਪਲ ਸਕੱਤਰ (ਪਾਵਰ) ਸ਼੍ਰੀ ਏ. ਵੇਨੂੰ ਪ੍ਰਸ਼ਾਦ (ਆਈਐਸ) ਅਤੇ ਪਾਵਰਕੌਮ ਦੇ ਸੀ.ਐਮ.ਡੀ. ਇੰਜ ਬਲਦੇਵ ਸਿੰਘ ਸਰਾਂ ਦੀ ਯੋਗ ਅਗਵਾਈ, ਇਮਾਨਦਾਰੀ ਅਤੇ ਦਲੇਰੀ ਕਾਰਨ ਹੀ ਸੰਭਵ ਹੋ ਸਕੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਪਾਵਰਕੌਮ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਬਿਜਲੀ ਚੋਰੀ ਵਿਰੁੱਧ ਸਖਤੀ ਨਾਲ ਨਿਪਟਣ ਦੇ ਆਦੇਸ਼ ਦਿੱਤੇ ਗਏ ਸਨ। ਪਾਵਰਕੌਮ ਵੱਲੋਂ ਇਨ੍ਹਾਂ ਆਦੇਸ਼ਾਂ ਦੇ ਆਧਾਰ ਉੱਪਰ ਹੀ ਵੱਖ-ਵੱਖ ਟੀਮਾਂ ਬਣਾ ਕੇ ਬਿਜਲੀ ਚੋਰੀ ਖਿਲਾਫ਼ ਬਹੁਤ ਹੀ ਪ੍ਰਭਾਵਸ਼ਾਲੀ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਦੀ ਨਿਗਰਾਨੀ ਪਾਵਰਕੌਮ ਦੇ ਵੱਡੇ ਅਧਿਕਾਰੀ ਖੁਦ ਕਰ ਰਹੇ ਹਨ। ਇਹ ਪਹਿਲਾ ਮੌਕਾ ਹੈ ਕਿ ਜਦੋਂ ਬਿਜਲੀ ਚੋਰੀ ਖਿਲਾਫ਼ ਸੂਬਾ ਵਿਆਪੀ ਵੱਡੀ ਮੁਹਿੰਮ ਚਲਾਈ ਗਈ ਹੈ। ਅੰਕੜਿਆਂ ਮੁਤਾਬਿਕ ਇਸ ਸਾਲ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਤੱਕ ਪਾਵਰਕੌਮ ਵੱਲੋਂ ਕੁਲ 1,66,896 ਕੁਨੈਕਸ਼ਨ ਦੀ ਜਾਂਚ ਕੀਤੀ ਗਈ। ਇਨ੍ਹਾਂ ਵੱਚੋਂ 8487 ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆਏ। ਵਿਭਾਗ ਵੱਲੋਂ ਇਨ੍ਹਾਂ ਵਿਰੱਧ 1457.94 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸਰਹੱਦੀ ਜ਼ੋਨ ‘ਚ 55181 ਕੁਨੈਕਸਨਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 1821 ਚੋਰੀ ਦੇ ਮਾਮਲੇ ਸਾਹਮਣੇ ਆਏ ਹਨ। ਵਿਭਾਗ ਵੱਲੋਂ ਇਨ੍ਹਾਂ ਬਿਜਲੀ ਚੋਰਾਂ ਨੂੰ 217.88 ਲੱਖ ਰੁਪਏ ਦੇ ਜੁਰਮਾਨੇ ਲਗਾਏ ਗਏ ਹਨ। ਉੱਤਰੀ ਜ਼ੋਨ ‘ਚੋਂ 35784 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ‘ਚੋਂ 1109 ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆਏ। ਵਿਭਾਗ ਵੱਲੋਂ ਇਨ੍ਹਾਂ ਵਿਰੁੱਧ 116.49 ਲੱਖ ਰੁਪਏ ਦੇ ਜੁਰਮਾਨੇ ਲਗਾਏ ਗਏ ਹਨ। ਇਸੇ ਤਰ੍ਹਾਂ ਕੇਂਦਰੀ ਜਜ਼ਨ ‘ਚ 24732 ਕੁਨੈਕਸ਼ਨਾਂ ਦੀ ਜਾਂਚ ਦੌਰਾਨ ਬਿਜਲੀ ਚੋਰੀ ਦੇ 2293 ਮਾਮਲੇ ਸਾਹਮਣੇ ਆਏ। ਵਿਭਾਗ ਵੱਲੋਂ ਇਨ੍ਹਾਂ ਵਿਰੁੱਧ 394.82 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਦੱਖਣੀ ਜ਼ੋਨ ‘ਚ 35911 ਕੁਨੈਕਸ਼ਨਾਂ ਦੀ ਜਾਂਚ ਸਮੇਂ ਬਿਜਲੀ ਚੋਰੀ ਦੇ 1687 ਮਾਮਲੇ ਫੜੇ ਗਏ। ਵਿਭਾਗ ਵੱਲੋਂ ਇਨ੍ਹਾਂ ਵਿਰੁੱਧ 454.03 ਲੱਖ ਰੁਪਏ ਦਾ ਜੁਰਨਾਮਾ ਲਗਾਇਆ ਗਿਆ ਹੈ। ਪੱਛਮੀ ਜ਼ੋਨ ‘ਚ 15324 ਕੁਨੈਕਸ਼ਨਾਂ ਦੀ ਜਾਂਚ ਸਮੇਂ 1577 ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆਏ। ਵਿਭਾਗ ਵੱਲੋਂ ਇਨ੍ਹਾਂ ਵਿਰੁੱਧ 274.72 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸਾਲ 2018-19 ‘ਚ ਪਾਵਰਕੌਮ ਵੱਲੋਂ ਕੁਲ 10,69,686 ਕੁਨੈਕਸ਼ਨਾਂ ਦੀ ਜਾਂਚ ਦੌਰਾਨ 64664 ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿਰੁੱਧ 8549.13 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਇਹ ਅੰਕੜੇ ਕਾਫੀ ਵੱਡੇ ਹਨ। ਪ੍ਰਿੰਸੀਪਲ ਸਕੱਤਰ ਪਾਵਰ, ਪਾਵਰਕੌਮ ਦੇ ਸੀ.ਐਮ.ਡੀ. ਅਤੇ ਦੂਸਰੇ ਸਾਰੇ ਅਧਿਕਾਰੀ ਇਸ ਲਈ ਸ਼ਲਾਘਾ ਦੇ ਪਾਤਰ ਹਨ। ਚੰਗਾ ਹੋਵੇਗਾ ਜੇਕਰ ਵੱਡੇ ਬਿਜਲੀ ਚੋਰਾਂ ਦੀ ਸ਼ਨਾਖਤ ਨੂੰ ਜਨਤਕ ਕੀਤਾ ਜਾਵੇ । ਇਸ ਨਾਲ ਬਿਜਲੀ ਚੋਰੀ ਰੋਕਣ ਵਿੱਚ ਭਾਰੀ ਮੱਦਦ ਮਿਲੇਗੀ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਪਾਵਰਕੌਮ ਆਉਣ ਵਾਲੇ ਸਮੇਂ ਵਿੱਚ ਬਿਜਲੀ ਚੋਰੀ ਨੂੰ ਪੂਰੀ ਤਰ੍ਹਾਂ ਰੋਕਣ ਵਿੱਚ ਸਫਲ ਹੋਵੇਗੀ।
– ਬਲਜੀਤ ਸਿੰਘ ਬਰਾੜ

Send this to a friend