ਫ਼ੱਕਰ ਰੂਹ ਦਾ ਮਾਲਕ ਅਤੇ ਗੀਤਾਂ ਦਾ ਵਣਜਾਰਾ ਸੀ ਲੱਖੀ ਵਣਜਾਰਾ

ਯਾਰਾਂ ਦਾ ਯਾਰ ਅਤੇ ਇੱਕ ਫ਼ੱਕਰ ਰੂਹ ਦਾ ਮਾਲਕ ਸੀ ਲੱਖੀ ਵਣਜਾਰਾ, ਜਿਸ ਦੇ ਗੀਤਾਂ ਨੂੰ ਪੰਜਾਬੀਆਂ ਨੇ ਮਣਾਂ-ਮੂਹੀ ਪਿਆਰ ਬਖ਼ਸਿਆ।ਉਸਦੇ ਦੁਨੀਆਂ ਤੋਂ ਰੁਖ਼ਸਤ ਹੋਣ ਨਾਲ਼ ਪੰਜਾਬੀ ਲੋਕ ਗਾਇਕੀ ਨੂੰ ਪਿਆ ਘਾਟਾ ਕਦੇ ਪੂਰਿਆ ਨਹੀਂ ਜਾ ਸਕਦਾ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੱਖੀ ਵਣਜਾਰਾ ਦੇ ਸਮਕਾਲੀ ਗਾਇਕ ਅਤੇ ਉਨ੍ਹਾਂ ਦੇ ਪੁਰਾਣੇ ਬੇਲੀ ਪਰਮਜੀਤ ਸਿੰਘ ਸਲਾਰੀਆ ਨੇ ਇੱਕ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਲੱਖੀ ਵਣਜਾਰਾ ਨਾਲ਼ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਬੜਾ ਦਿਲਦਾਰ ‘ਤੇ ਮਿਲਣਸਾਰ ਸੀ ਲੱਖੀ ਵਣਜਾਰਾ ! ਉਨ੍ਹਾਂ ਕਰੀਬ 4 ਕੁ ਮਹੀਨੇ ਪਹਿਲਾਂ ਉਸਦੇ ਪਿੰਡ ਲੱਖਾ ਸਿੰਘ ਵਾਲ਼ਾ ਵਿਖੇ ਮੋਟਰ ‘ਤੇ ਹੋਈ ਉਸ ਨਾਲ਼ ਆਖ਼ਰੀ ਮੁਲਾਕਾਤ ਦਾ ਨਮ ਅੱਖਾਂ ਨਾਲ਼ ਜ਼ਿਕਰ ਕਰਦਿਆਂ ਕਿਹਾ ਕਿ ਉਸ ਦਿਨ ਅਸੀਂ ਆਪਣੇ ਇੱਕ ਮਿੱਤਰ ਬਲਜਿੰਦਰ ਪਨਾਗ ਦੇ ਬੇਟੇ ਦੇ ਵਿਆਹ ਤੋਂ ਅਮਲੋਹ ਵਿੱਚੋਂ ਦੀ ਵਾਪਿਸ ਪਰਤ ਰਹੇ ਸਾਂ ਤਾਂ ਅਸੀਂ ਰਾਹ ਵਿੱਚ ਪੈਂਦੇ ਲੱਖੀ ਦੇ ਪਿੰਡ ਉਸ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਲਿਆ।ਜਦੋਂ ਘਰ ਪਹੁੰਚ ਉਸਦੇ ਮੁੰਡੇ ਤੋਂ ਉਸ ਦਾ ਫ਼ੋਨ ਨੰਬਰ ਲੈ ਕੇ ਗੱਲ ਕੀਤੀ ਤਾਂ ਉਹ ਪਿੰਡ ਦੇ ਕੋਲ਼ ਹੀ ਆਪਣੇ ਮਿੱਤਰਾਂ ‘ਤੇ ਚਾਹੁੰਣ ਵਾਲ਼ਿਆਂ ਨਾਲ਼ ਮਹਿਫ਼ਿਲ ਲਗਾਈ ਮੋਟਰ ‘ਤੇ ਬੈਠਾ ਸੀ।ਮੁੱਦਤਾਂ ਬਾਅਦ ਮੇਰੀ ਫ਼ੋਨ ‘ਤੇ ਅਵਾਜ਼ ਸੁਣਕੇ ਉਸਦੀ ਖ਼ੁਸ਼ੀ ਦਾ ਕੋਈ ਟਿਕਾਣਾਂ ਨਾਂ ਰਿਹਾ ਅਤੇ ਆਪਣੇ ਬੇਟੇ ਨੂੰ ਕਹਿਣ ਲੱਗਾ ਕਿ ਤੇਰੇ ਚਾਚੇ ਹੁਰਾਂ ਨੂੰ ਫਲਾਣੇ ਦੀ ਮੋਟਰ ‘ਤੇ ਲੈ ਕੇ ਆ ਪੂਰੇ ਸਤਿਕਾਰ ਨਾਲ਼ ! ਜਦੋਂ ਅਸੀਂ ਗੱਡੀ ਵਿੱਚ ਉਸਦੇ ਬੇਟੇ ਨੂੰ ਬਿਠਾ ਮੋਟਰ ‘ਤੇ ਪਹੁੰਚੇ ਤਾਂ ਉਹ ਦੋਵੇਂ ਬਾਹਾਂ ਖੋਲੀ ਜੱਫ਼ੀ ਪਾਉਣ ਲਈ ਮੂਹਰੇ ਉਤਾਵਲਾ ਹੋਇਆ ਖੜ੍ਹਾ ਸੀ।ਘੁੱਟਕੇ ਜੱਫ਼ੀ ਪਾਉਣ ਉਪਰੰਤ ਉਸਨੇ ਲੰਘੇ ਹੁਸ਼ੀਨ ਵੇਲ਼ਿਆਂ ਦੀਆਂ ਬੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।ਪੂਰੇ ਡੇਢ ਘੰਟੇ ਦੀ ਮੁਲਾਕਾਤ ਇੰਝ ਲੱਗਿਆ ਜਿਵੇਂ ਡੇਢ ਮਿੰਟ ‘ਚ ਲੰਘ ਗਈ ਹੋਵੇ।ਉਹ ਦਿਲੋਂ ਬਾਰ-ਬਾਰ ਆਖ ਰਿਹਾ ਸੀ ਕਿ ਇੱਕ ਦਿਨ ਗਰੀਬ ਦੀ ਕੁੱਲ੍ਹੀ ਵਿੱਚ ਵੀ ਸਰ੍ਹੋਂ ਦੇ ਸਾਗ ਨਾਲ਼ ਮੱਕੀ ਦੀਆਂ ਦੋ ਰੋਟੀਆਂ ਖਾ ਕੇ ਲੰਗਰ ਸੰਪੂਰਨ ਕਰ ਜਾਇਓ।ਅਸੀਂ ਜ਼ਲਦੀ ਮਿਲਣ ਦਾ ਵਾਅਦਾ ਕਰਕੇ ਸੂਰਜ ਦੇ ਛੁਪਾਓ ਨਾਲ਼ ਉਸ ਤੋਂ ਅਜਿਹੀ ਇਜ਼ਾਜ਼ਤ ਲਈ ਕਿ ਹੁਣ ਤੱਕ ਅਗਲੀ ਮੁਲਾਕਾਤ ਦਾ ਸਬੱਬ ਨਹੀਂ ਬਣਿਆ ‘ਤੇ ਉਹ ਪੰਚਭੂਤਕ ਸਰੀਰ ਦਾ ਤਿਆਗ ਕਰ ਇਸ ਰੰਗਲੀ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਉੱਥੇ ਚਲਾ ਗਿਆ, ਜਿੱਥੋਂ ਕਦੇ ਕੋਈ ਵਾਪਿਸ ਨਹੀਂ ਮੁੜਿਆ।ਉਨ੍ਹਾਂ ਕਿਹਾ ਕਿ ਲੱਖੀ ਵਣਜਾਰਾ ਉਨਾਂ ਕਲਾਕਾਰਾਂ ‘ਚੋਂ ਸੀ ਜਿੰਨ੍ਹਾਂ ਦੀ ਅਵਾਜ਼ ਹਮੇਸ਼ਾਂ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲ਼ੇ ਸਰੋਤਿਆਂ ਦੇ ਦਿਲਾਂ ਵਿੱਚ ਧੜਕਦੀ ਰਹੇਗੀ।ਇੱਥੇ ਜ਼ਿਕਰਯੋਗ ਹੈ ਕਿ ਜਦੋਂ ਸ਼ੋਸ਼ਲ ਮੀਡੀਆ ‘ਤੇ ਪੰਜਾਬੀ ਲੋਕ ਗਾਇਕ ਲੱਖੀ ਵਣਜਾਰਾ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਦੀ ਖ਼ਬਰ ਆਈ ਤਾਂ ਪੁਰਾਣੇ ਗੀਤਾਂ ਨੂੰ ਮੁਹੱਬਤ ਕਰਨ ਵਾਲ਼ੇ ਸੰਗੀਤ ਪ੍ਰੇਮੀਆਂ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ।ਲੱਖੀ ਵਣਜਾਰਾ ਦੇ ਗੀਤਾਂ ਬਾਰੇ ਗੱਲਬਾਤ ਕਰਦਿਆਂ ਪ੍ਰਸਿੱਧ ਲੇਖਕ ਹਰਦਿਆਲ ਥੂਹੀ ਜੀ ਨੇ ਦੱਸਿਆ ਕਿ ਅੱਸੀ ਦੇ ਦਹਾਕੇ ਵਿੱਚ ਜਦੋਂ ਵਿਆਹਾਂ ਮੌਕੇ ਕੋਠੇ ‘ਤੇ ਦੋ ਮੰਜ਼ੀਆਂ ਨੂੰ ਜੋੜਕੇ ਸਪੀਕਰ ਲੱਗਦੇ ਸਨ ਅਤੇ ਤਵਿਆਂ ਦਾ ਦੌਰ ਸੀ ਤਾਂ ਲੱਖੀ ਵਣਜਾਰਾ ਦੇ ਗੀਤਾਂ ਦੀ ਤੂਤੀ ਬੋਲਦੀ ਹੁੰਦੀ ਸੀ।ਭਾਂਵੇ ਕਿ ਉਸ ਉੱਪਰ ਕੁੱਝ ਤੱਤੇ ਗੀਤ ਗਾਉਣ ਦਾ ਠੱਪਾ ਵੀ ਲੱਗਿਆ, ਪਰ ਉਸ ਸਮੇਂ ਖੇਤੀ ਕਰਨ ਲਈ ਜ਼ਿਮੀਂਦਾਰਾਂ ਨੂੰ ਆ ਰਹੀ ਡੀਜ਼ਲ ਤੇਲ ਦੀ ਕਿੱਲਤ ਨੂੰ ਬਿਆਨਦਾ ਉਸਦਾ ਗੀਤ ‘ਖੜ੍ਹਾ ਲਾਇਨ ਵਿੱਚ ਲਾਇਆ ਨੀ, ਤੇਰਾ ਢੋਲਾ ਜੀਤੋ’ ਬੜਾ ਮਕਬੂਲ ਹੋਇਆ ਅਤੇ ਲੋਕ ਮਨਾਂ ਵਿੱਚ ਅੱਜ ਵੀ ਜਿਉਂਦਾ ਹੈ।ਜਥੇ. ਪਰਗਟ ਸਿੰਘ ਯਾਦਗਾਰੀ ਪੰਜਾਬੀ ਸੰਗੀਤਕ ਲਾਇਬ੍ਰੇਰੀ ਦੇ ਸੰਚਾਲਕ ਅਤੇ ਸੰਗੀਤ ਪ੍ਰੇਮੀ ਗੁਰਮੁੱਖ ਸਿੰਘ ਲਾਲੀ ਜੀ ਨੇ ਦੱਸਿਆ ਕਿ ਲੱਖੀ ਵਣਜਾਰਾ ਦੇ ਗਾਏ ਚਾਰ ਅਜਿਹੇ ਖ਼ੂਬਸੂਰਤ ‘ਤੇ ਮਿਆਰੀ ਗੀਤਾਂ ਦੀ ਰਿਕਾਡਿੰਗ ਅਕਾਸ਼ਬਾਣੀ ਪਟਿਆਲ਼ਾ ਕੋਲ਼ ਮੌਜੂਦ ਹੈ, ਜਿਸ ਨੂੰ ਕਦੇ-ਕਦੇ ਐੱਫਐੱਮ ਚੈਨਲ ਤੋਂ ਰਿਲੇਅ ਕੀਤਾ ਜਾਂਦਾ ਹੈ।ਸ਼ੋਸ਼ਲ ਮੀਡੀਆ ‘ਤੇ ਲੱਖੀ ਵਣਜਾਰਾ ਦੇ ਤੁਰ ਜਾਣ ਦੀ ਖ਼ਬਰ ਨਾਲ਼ ਪੰਜਾਬੀ ਸੰਗੀਤ ਜਗਤ ਨਾਲ਼ ਜੁੜੇ ਅਨੇਕਾਂ ਸਰੋਤਿਆਂ ਦੇ ਮਨਾਂ ਨੂੰ ਭਾਰੀ ਦੁੱਖ ਪਹੁੰਚਿਆ ਹੈ।ਇਸ ਸਮੇਂ ਲੱਖੀ ਵਣਜਾਰਾ ਦੇ ਪਰਿਵਾਰ ਨਾਲ਼ ਡੂੰਘੇ ਦੁੱਖ ਦਾ ਇਜ਼ਹਾਰ ਕਰਨ ਵਾਲ਼ਿਆਂ ਵਿੱਚ ਗਾਇਕ ਨਜ਼ੀਰ ਮੁਹੰਮਦ, ਸੁੱਖ ਚਮਕੀਲਾ, ਜਸਵੀਰ ਜੱਸ, ਗੀਤਕਾਰ ਭੰਗੂ ਫੁਲੇੜੇ ਵਾਲ਼ਾ, ਅਕਬਰ ਆਲਮ, ਜੱਸੀ ਸੋਹੀਆਂ ਵਾਲ਼ਾ, ਤਾਰੀ ਸਲਾਰੀਆ, ਸੰਗੀਤ ਪ੍ਰੇਮੀ ਦਿਲਬਾਗ ਹੁੰਦਲ, ਗੀਤਕਾਰ ਮੂਲਚੰਦ ਰੰਚਣਾਂ ਆਦਿ ਦੇ ਨਾਮ ਜ਼ਿਕਰਯੋਗ ਹਨ।
ਪੇਸ਼ਕਸ਼ – ਸੁਖਵਿੰਦਰ ਸਿੰਘ ਅਟਵਾਲ
ਪੱਤਰਕਾਰ ‘ਪੰਜਾਬ ਟਾਇਮਜ਼’ ਅਮਰਗੜ੍ਹ
ਸੰਪਰਕ : 99156-29076

Send this to a friend