ਸਵਰਨ ਸਿੰਘ ਵਿਰਕ ਨੂੰ ਮਿਲਿਆ ਮਹਾਰਾਜਾ ਰਣਜੀਤ ਸਿੰਘ ਅਵਾਰਡ ਅਤੇ ਖਿਡਾਰੀ ਬਲਪ੍ਰੀਤ ਦੀ ਅਮੇਰਿਕਨ ਫੁਟਬਾਲ ਟੀਮ ਦੀ ਝੋਲੀ ਪਿਆ ਸਿਲਵਰ ਮੈਡਲ
ਮਾਨਸਾ, 9 ਜੁਲਾਈ (ਜਗਦੀਸ਼ ਬਾਂਸਲ)- ਭਾਰਤੀ ਅਮੇਰਿਕਨ ਫੁਟਬਾਲ ਟੀਮ ਦੁਆਰਾ ਸਪੇਨ ਵਿਚ ਹੋਈ ਵਿਸ਼ਵ ਫੁਟਬਾਲ ਚੈਂਪੀਨਸ਼ਿਪ ਵਿਚ ਸਿਲਵਰ ਮੈਡਲ ਹਾਸਲ ਕੀਤਾ ਗਿਆ ਹੈ। ਮਾਨਸਾ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਦੇ ਪਿੰਡ ਦਾਤੇਵਾਸ ਦਾ ਖਿਡਾਰੀ ਬਲਪ੍ਰੀਤ ਸਿੰਘ ਇਸ ਟੀਮ ਦਾ ਹਿੱਸਾ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਲਈ ਇਹ ਇਕ ਮਹੱਤਵਪੂਰਣ ਅਤੇ ਮਾਣ ਮਹਿਸੂਸ ਕਰਨ ਵਾਲ ਗੱਲ ਹੈ ਕਿ ਜਿੱਥੇ ਇੱਥੋਂ ਦੇ ਖਿਡਾਰੀ ਸਵਰਨ ਸਿੰਘ ਵਿਰਕ ਨੂੰ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਨਿਵਾਜਿਆ ਜਾ ਰਿਹਾ ਹੈ ਉੱਥੇ ਹੀ ਇਸ ਜ਼ਿਲ੍ਹੇ ਦੇ ਹੋਰ ਖਿਡਾਰੀ ਵੀ ਵੱਖ-ਵੱਖ ਖੇਡਾਂ ਵਿਚ ਮੱਲਾਂ ਮਾਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੋਰਨਾਂ ਨੌਜਵਾਨਾਂ ਨੂੰ ਵੀ ਇਨ੍ਹਾਂ ਖਿਡਾਰੀਆਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਤਾਂ ਜੋ ਉਹ ਵੀ ਆਪਣੇ ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਚਮਕਾਉਣ ਵਿਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਇਸ ਵਿਸ਼ੇਸ਼ ਪ੍ਰਾਪਤੀ ਤੇ ਖਿਡਾਰੀ ਬਲਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।