ਕਰਤਾਰਪੁਰ ਲਾਂਘਾ ਸਮੇਂ ਸਿਰ ਤਿਆਰ ਹੋਵੇ

ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਉੱਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਕੌਮਾਂਤਰੀ ਸਰਹੱਦ ਉੱਪਰ ਦੋਵਾਂ ਦੇਸ਼ਾਂ ਵੱਲੋਂ ਮਿਲ ਕੇ ਬਣਾਇਆ ਜਾ ਰਿਹਾ ਲਾਂਘਾ ਪ੍ਰੋਜੈਕਟ ਕਾਫੀ ਮਹੱਤਵਪੂਰਨ ਹੈ। ਇਸ ਸਾਲ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਸੰਸਾਰ ਭਰ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਲਾਂਘੇ ਦਾ ਪ੍ਰੋਜੈਕਟ ਇਨ੍ਹਾਂ ਸਮਾਗਮਾਂ ਤੋਂ ਪਹਿਲਾਂ ਮੁਕੰਮਲ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰ ਸਕਣ। ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ 80 ਫੀਸਦੀ ਕਾਰਜ ਮੁਕੰਮਲ ਕਰ ਲਿਆ ਹੈ।ਭਾਰਤ ਵਾਲੇ ਪਾਸੇ ਹਾਲੇ ਉਸਾਰੀ ਦਾ ਕੰਮ ਮੱਠੀ ਰਫਤਾਰ ਚੱਲ ਰਿਹਾ ਹੈ। ਦੋਵੇਂ ਦੇਸ਼ਾਂ ਦੇ ਅਧਿਕਾਰੀ ਲਾਂਘੇ ਦੀ ਉਸਾਰੀ ਸਬੰਧੀ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕਰਨ ਲਈ 14 ਜੁਲਾਈ ਨੂੰ ਇਕ ਸਾਂਝੀ ਮੀਟਿੰਗ ਕਰ ਰਹੇ ਹਨ। ਇਹ ਮੀਟਿੰਗ ਬਾਘਾ ਸਰਹੱਦ ਉੱਪਰ ਹੋਵੇਗੀ। ਭਾਰਤ ਵਿੱਚ ਲਾਂਘਾ ਪ੍ਰੋਜੈਕਟ ਦੇ ਇੰਜੀਨੀਅਰ ਇਹ ਉਮੀਦ ਪ੍ਰਗਟ ਕਰ ਰਹੇ ਹਨ ਕਿ ਲਾਂਘੇ ਦੀ ਉਸਾਰੀ ਦਾ ਕਾਰਜ ਤਹਿ ਸੀਮਾਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਹਾਲੇ ਵੀ ਲਾਂਘੇ ਦੀ ਉਸਾਰੀ ਸਬੰਧੀ ਕੁਝ ਮੁੱਦਿਆਂ ‘ਤੇ ਦੋਵਾਂ ਦੇਸ਼ਾਂ ਵਿੱਚ ਸਹਿਮਤੀ ਨਹੀਂ ਬਣੀ। ਉਮੀਦ ਕਰਨੀ ਚਾਹੀਦੀ ਹੈ ਕਿ ਦਵੱਲੀ ਮੀਟਿੰਗ ਦਾ ਗੱਲਬਾਤ ਰਾਹੀਂ ਸਾਰੇ ਮਸਲਿਆਂ ਦਾ ਹੱਲ ਕੱਢ ਲਿਆ ਜਾਵੇਗਾ। ਪਾਕਿਸਤਾਨ ਵੱਲੋਂ ਲਾਂਘੇ ਦੇ ਮੁਕੰਮਲ ਹੋਣ ਤੋਂ ਬਾਅਦ ਉਦਘਾਟਨ ਦੀ ਤਰੀਕ ਵੀ ਐਲਾਨ ਦਿੱਤੀ ਗਈ ਹੈ। ਭਾਰਤ ਸਰਕਾਰ ਵੱਲੋਂ ਇਸ ਸਬੰਧੀ ਕਾਰਜ ਦੇਰੀ ਨਾਲ ਸ਼ੁਰੂ ਕੀਤੇ ਗਏ ਸਨ। ਪ੍ਰੋਜੈਕਟ ਕਾਫੀ ਵੱਡਾ ਹੋਣ ਕਾਰਨ ਹਾਲੇ ਭਾਰਤ ਵਾਲੇ ਪਾਸੇ ਕਾਫੀ ਕੰਮ ਬਾਕੀ ਪਿਆ ਹੈ। ਭਾਰਤ ਅਤੇ ਪੰਜਾਬ ਸਰਕਾਰ ਨੂੰ ਮਿਲ ਕੇ ਇਸ ਕਾਰਜ ਦੀ ਉਸਾਰੀ ਵਿੱਚ ਤੇਜੀ ਲਿਆਉਣੀ ਚਾਹੀਦੀ ਹੈ ਤਾਂ ਜੋ ਸਮੁੱਚਾ ਪ੍ਰੋਜੈਕਟ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ। ਪੰਜਾਬ ਸਰਕਾਰ ਨੂੰ ਲਾਂਘੇ ਵੱਲ ਜਾਂਦੀਆਂ ਸਾਰੀਆਂ ਸੜਕਾਂ ਦੀ ਮੁੜ ਉਸਾਰੀ ਕਰਨੀ ਚਾਹੀਦੀ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਸੰਗਤਾਂ ਦੀ ਸਹੂਲਤ ਲਈ ਪ੍ਰਸ਼ਾਸਨਿਕ ਬਲਾਕ ਅਤੇ ਹੋਰ ਇਮਾਰਤਾਂ ਤੇਜੀ ਨਾਲ ਉਸਾਰੀਆਂ ਜਾਣ। ਬਿਜਲੀ-ਪਾਣੀ ਦੀ ਸਹੂਲਤ ਦੇਣ ਲਈ ਵੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਇਸ ਮਾਮਲੇ ਵੱਲ ਤੁਰੰਤ ਧਿਆਨ ਦੇਣਗੀਆਂ ਅਤੇ ਕੰਮ ਵਿੱਚ ਤੇਜੀ ਲਿਆਉਣ ਲਈ ਹਦਾਇਤਾਂ ਜਾਰੀ ਕਰਨਗੀਆਂ।
– ਬਲਜੀਤ ਸਿੰਘ ਬਰਾੜ

Send this to a friend