ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਰੱਬੀ ਬਖਸ਼ਿਸ਼ਾਂ ਤੋਂ ਰੂਬਰੂ ਕਰਾਉਂਦੀ ਵਡਮੁੱਲੀ ਕਿਤਾਬ

ਪੰਜਾਬੀ ਤੇ ਹਿੰਦੀ ਦੁਹਾਂ ਭਾਸ਼ਾਵਾਂ |’ਚ ਲੇਖਨ ਦੇ ਧਨੀ, ਸਿੱਖ ਧਰਮ ਦੇ ਪ੍ਰਸਿੱਧ ਵਿਦਵਾਨ ਡਾ. ਸਤਿੰਦਰ ਪਾਲ ਸਿੰਘ ਦੀ ਨਵੀਂ ਹਿੰਦੀ ਕਿਤਾਬ ਸਚ ਕੇ ਸੂਰਯ ਗੁਰੂ ਨਾਨਕ “ ਦੇਸ਼ ਦੇ ਨਾਮਵਰ ਹਿੰਦੀ ਪ੍ਰਕਾਸ਼ਕ ਕਿਤਾਬਘਰ ਪ੍ਰਕਾਸ਼ਨ, ਨਵੀਂ ਦਿੱਲੀ ਨੇ ਹਾਲ ‘ਚ ਹੀ ਪ੍ਰਕਾਸ਼ਤ ਕੀਤੀ ਹੈ। ਇਹ ਕਿਤਾਬ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪਾਠਕਾਂ ਨੂੰ ਵਡਮੁੱਲੀ ਸੁਗਾਤ ਹੈ। ਸਿੱਖ ਧਰਮ ਬਾਰੇ ਦੂਜੀਆਂ ਭਾਸ਼ਾਵਾਂ ‘ਚ ਸਾਹਿਤ ਦੀ ਥੁੜ ਸਦਾ ਹੀ ਗੁਰੂ ਸਾਹਿਬਾਨ ਦੇ ਧਾਰਮਕ ਤੇ ਅਧਿਆਤਮਕ ਫਲਸਫੇ ਦੇ ਪ੍ਰਚਾਰ ਪ੍ਰਸਾਰ ‘ਚ ਰੋੜੇ ਵਜੋਂ ਮਹਿਸੂਸ ਕੀਤੀ ਜਾਂਦੀ ਹੈ। ਪੰਜਾਬੀ ਦੇ ਨਾਲ ਹੀ ਹਿੰਦੀ ਵਿੱਚ ਵੀ ਸਿੱਖ ਧਰਮ ਤੇ ਲਗਾਤਾਰ ਲਿਖ ਰਹੇ ਡਾ. ਸਤਿੰਦਰ ਪਾਲ ਸਿੰਘ ਇਹ ਘਾਟ ਕਾਫੀ ਹੱਦ ਤੱਕ ਪੂਰੀ ਕਰਨ ਦਾ ਜਤਨ ਕਰ ਰਹੇ ਹਨ। ਆਪ ਦੀਆਂ ਹਿੰਦੀ ਵਿੱਚ ਪ੍ਰਕਾਸ਼ਤ ਦੋ ਕਿਤਾਬਾਂ ਸਿੱਖ ਆਚਾਰਸ਼ਾਸਤਰ “ ਤੇ “ ਮਹਾਨ ਗੁਰੂ ਗੋਬਿੰਦ ਸਿੰਘ “ ਨੂੰ ਉੱਤਰ ਪ੍ਰਦੇਸ਼ ਸਰਕਾਰ ਦੇ ਹਿੰਦੀ ਸੰਸਥਾਨ ਦਾ ਸੰਨ 2015, ਤੇ ਸੰਨ 2018 ਦਾ ਅਵਾਰਡ ਵੀ ਮਿਲ ਚੁੱਕਿਆ ਹੈ।
ਡਾ. ਸਤਿੰਦਰ ਪਾਲ ਸਿੰਘ ਦੀ ਨਵੀਂ ਕਿਤਾਬ “ ਸਚ ਕੇ ਸੂਰਯ ਗੁਰੂ ਨਾਨਕ “ ਗੁਰੂ ਸਾਹਿਬ ਦੇ ਜੀਵਨ ਤੇ ਬਾਣੀ ਦੇ ਰੂਹਾਨੀ ਪੱਖ ਨੂੰ ਉਭਾਰਨ ‘ਚ ਪੂਰਨ ਤੌਰ ਤੇ ਕਾਮਿਆਬ ਰਹੀ ਹੈ। ਗੁਰੂ ਨਾਨਕ ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਦੇ ਅਧਿਆਤਮਕ ਮੂਲ ਨੂੰ ਪਛਾਣ ਕੇ ਸ਼ਬਦਾਂ ਰਾਹੀਂ ਪਾਠਕਾਂ ਤੱਕ ਪੁਜਾਉਣ ਦਾ ਕਮਾਲ ਕਾਬਿਲੇ ਤਾਰੀਫ਼ ਹੀ ਨਹੀਂ ਲਿਖਾਰੀ ਮਨ ਦੀ ਅਤੁਲ ਸ਼ਰਧਾ ਦਾ ਨਿਮਾਣਾ ਪ੍ਰਗਟਾਵਾ ਵੀ ਹੈ। ਇਸ ਕਿਤਾਬ ਨੇ ਸਿੱਧ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਬਾਰੇ ਲਿਖਣ ਲਈ ਕਲਮ ਦੀ ਤਾਕਤ ਨਾਲੋਂ ਵਧੇਰੇ ਲੋੜ ਅੰਤਰ ਦੀ ਭਾਵਨਾ ਦੀ ਹੁੰਦੀ ਹੈ। ਪੂਰੀ ਕਿਤਾਬ ਅੰਦਰ ਸ਼ਬਦਾਂ ਦੀ ਸਟੀਕ ਚੋਣ ਤੇ ਲੇਖਣੀ ਦਾ ਚੱਲਦਾ ਪ੍ਰਵਾਹ ਗੁਰੂ ਸਾਹਿਬ ਦੇ ਨੇੜੇ ਲਿਜਾਉਣ ਵਾਲਾ ਹੈ ਤੇ ਸਹਿਜ ਆਨੰਦ ਨਾਲ ਭਰਪੂਰ ਕਰ ਦੇਣ ਵਾਲਾ ਹੈ। ਲੇਖਕ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਗਿਆਨ ਦੇ ਅਖੰਡ ਪ੍ਰਕਾਸ਼ ਦੇ ਰੂਪ ‘ਚ ਕਰਾਏ ਹਨ ਜੋ ਸਾਰੇ ਭਰਮਾਂ ਦਾ ਖਾਤਮਾਂ ਕਰ ਪਰਮਾਤਮਾ ਨਾਲ ਮੇਲ ਦੀ ਸੁਖਦਾਈ ਅਵਸਥਾ ਸਿਰਜਣ ਵਾਲਾ ਹੈ। ਗੁਰੂ ਨਾਨਕ ਸਾਹਿਬ ਗਿਆਨ ਦਾਤਾ ਹੀ ਨਹੀ ਤਾਰਣਹਾਰ ਵੀ ਹਨ। ਗੁਰੂ ਸਾਹਿਬ ਦੇ ਉਪਦੇਸ਼ ਰਾਹ ਵਿਖਾਉਣ ਵਾਲੇ ਹਨ ਤੇ ਨਾਲ ਚੱਲਦੀਆਂ ਜੀਵਨ ਮੁਕਤੀ ਦੀ ਮੰਜਿਲ ਤੱਕ ਪੁਜਾਉਣ ਵਾਲੇ ਵੀ ਹਨ। ਲੇਖਕ ਨੇ ਇਕ ਨਿਵੇਕਲਾ ਢੰਗ ਵਰਤਦਿਆਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੀਆਂ ਚੋਣਵੀਆਂ ਤੁਕਾਂ ਇਕ ਵੱਖ ਚੈਪਟਰ ਵਿੱਚ ਇਸ ਲਈ ਦਿੱਤੀਆਂ ਹਨ ਕਿ ਇਨ੍ਹਾਂ ਨੂੰ ਕੰਠ ਕੀਤਾ ਜਾ ਸਕੇ। ਲੇਖਕ ਦੀ ਧਾਰਨਾ ਹੈ ਕਿ ਤੁਕਾਂ ਕੰਠ ਕਰਨ ਨਾਲ ਜਿੱਥੇ ਗੁਰੂ ਨਾਨਕ ਸਾਹਿਬ ਦੇ ਜੀਵਨ ਫਲਸਫੇ ਨੂੰ ਸਮਝਣ ‘ਚ ਮਦਦ ਮਿਲੇਗੀ, ਨਿਤ ਆਤਮ ਪ੍ਰੇਰਨਾ ਮਿਲਦੀ ਰਹੇਗੀ, ਹੋਰਨਾਂ ਨੂੰ ਪ੍ਰੇਰਨ ‘ਚ ਵੀ ਮਦਦ ਮਿਲੇਗੀ। ਇਕ – ਦੋ ਪੰਕਤੀਆਂ ਦੀਆਂ ਇਨ੍ਹਾਂ ਤੁਕਾਂ ਨਾਲ ਇਨ੍ਹਾਂ ਦੇ ਸੰਖੇਪ ਅਰਥ ਵੀ ਦਿੱਤੇ ਗਏ ਹਨ। ਤੁਕਾਂ ਅਜਿਹੀਆਂ ਹਨ ਜੋ ਸ਼ਬਦ ਦੇ ਪੂਰੇ ਭਾਵ ਦੀ ਨੁਮਾਇੰਦਗੀ ਕਰਦਿਆਂ ਹਨ।. ਇਹ ਬੜਾ ਹੀ ਔਖਾ ਕੰਮ ਸੀ ਪਰ ਪਾਠਕਾਂ ਲਈ ਖਾਸ ਤੇ ਸਹਿਜ ਬਣ ਗਿਆ ਹੈ।
ਇਹ ਕਿਤਾਬ ਮਾਤਰ ਗੁਰੂ ਨਾਨਕ ਸਾਹਿਬ ਦੇ ਜੀਵਨ ਤੇ ਉਪਦੇਸ਼ਾਂ ਬਾਰੇ ਚਰਚਾ ਨਹੀਂ ਕਰਦੀ ਉਨ੍ਹਾਂ ਨੂੰ ਅੱਜ ਦੇ ਹਾਲਾਤ ਨਾਲ ਵੀ ਜੋੜਨ ਦਾ ਜਤਨ ਕਰਦੀ ਵਿਖਾਈ ਦਿੰਦੀ ਹੈ। ਗੁਰੂ ਨਾਨਕ ਸਾਹਿਬ ਦਾ ਜੀਵਨ ਤੇ ਸਿਖਿਆਵਾਂ ਹਰ ਜੁਗ ਅੰਦਰ ਲੋਕਾਈ ਦੀ ਪ੍ਰੇਰਨਾ ਦਾ ਸ੍ਰੋਤ ਹਨ। ਇਹ ਕਿਤਾਬ ਪੜ੍ਹਦਿਆਂ ਗੁਰੂ ਸਾਹਿਬ ਦਾ ਸਦੀਵੀ ਧਰਮ ਪੁਰਖ ਦਾ ਅਕਸ ਉਭਰ ਕੇ ਸਾਹਮਣੇ ਆਉਂਦਾ ਹੈ ਜੋ ਪੂਰੀ ਮਨੁੱਖਤਾ ਦਾ ਕਲਿਆਨ ਕਰਨ ਵਾਲਾ ਹੈ ਤੇ ਹਰ ਔਂਕੜ ਤੋਂ ਉਬਾਰਨ ਵਾਲਾ ਹੈ। ਗੁਰੂ ਨਾਨਕ ਸਾਹਿਬ ਨੇ ਸਦਾ ਹੀ ਮਨੁੱਖ ਤੇ ਮਨੁੱਖਤਾ ਦੀ ਗੱਲ ਕੀਤੀ। ਉਨ੍ਹਾਂ ਦੀ ਦ੍ਰਿਸ਼ਟੀ ਕਿਸੇ ਖਾਸ ਸਮੇਂ ਜਾਂ ਹਾਲਾਤ ਲਈ ਨਹੀਂ ਸੀ। ਕਿਤਾਬ ਅੰਦਰ ਇਹ ਭਰੋਸਾ ਪਰਗਟ ਹੁੰਦਾ ਹੈ ਕਿ ਕਿਸੇ ਵੀ ਕਾਲ ਦਾ , ਕਿਸੇ ਵੀ ਧਰਮ , ਵਰਣ , ਵਰਗ ਦਾ ਮਨੁੱਖ ਜਦੋਂ ਆਪਨੇ ਆਪ ਨੂੰ ਗੁਰੂ ਸਾਹਿਬ ਨਾਲ ਜੋੜਦਾ ਹੈ ਤਾਂ ਗੁਰੂ ਨਾਨਕ ਸਾਹਿਬ ਉਸ ਨੂੰ ਆਪਣੇ ਰਹਿਬਰ ਨਜਰ ਆਉਣ ਲੱਗ ਪੈਂਦੇ ਹਨ। ਡਾ. ਸਤਿੰਦਰ ਪਾਲ ਸਿੰਘ ਦੀ ਇਸ ਕਿਤਾਬ ਨੇ ਸਭ ਤੋਂ ਵੱਡਾ ਯੋਗਦਾਨ ਗੁਰੂ ਨਾਨਕ ਸਾਹਿਬ ਨੂੰ ਸਾਖੀਆਂ ਦੇ ਦਾਇਰੇ ਤੋਂ ਕੱਢ ਮਨੁੱਖੀ ਸਭਿਅਤਾ ਦੇ ਸ਼ਿਖਰ ਤੇ ਗਿਆਨ ਦੇ ਸੂਰਜ ਵਾਂਗੂੰ ਦਰਸ਼ਨ ਕਰਾਉਣ ਦਾ ਕੀਤਾ ਹੈ ਜਿਸ ਦੀਆਂ ਕਿਰਨਾਂ ਪੂਰੇ ਸੰਸਾਰ , ਪੂਰੀ ਲੋਕਾਈ ਨੂੰ ਰੋਸ਼ਨ ਕਰ ਰਹੀਆਂ ਹਨ। ਗੁਰੂ ਨਾਨਕ ਸਾਹਿਬ ਦਾ ੫੫੦ ਸਾਲਾ ਪ੍ਰਕਾਸ਼ ਪੁਰਬ ਯਾਦਗਾਰ ਢੰਗ ਨਾਲ ਮਨਾਉਣਾ ਹੈ ਤਾਂ ਗੁਰੂ ਸਾਹਿਬ ਦੀ ਮਹਿਮਾ ਨੂੰ ਆਪ ਸਮਝਣ ਤੇ ਦੁਨਿਆ ਨੂੰ ਦੱਸਣ ਦੀ ਲੋੜ ਹੈ। ਇਸ ‘ਚ ਹਿੰਦੀ ਕਿਤਾਬ “ ਸਚ ਕੇ ਸੂਰਯ ਗੁਰੂ ਨਾਨਕ “ ਦਾ ਅਹਿਮ ਯੋਗਦਾਨ ਹੋ ਸੱਕਦਾ ਹੈ ਜੇ ਇਹ ਕਿਤਾਬ ਵੱਡੀ ਤਦਾਦ ‘ਚ ਹਿੰਦੀ ਭਾਸ਼ੀ ਲੋਕਾਂ ਤੱਕ ਪੁੱਜੇ। ਪਿਛਲੇ ਕੁਝ ਮਹੀਨਿਆਂ ਤੋਂ ਡਾ. ਸਤਿੰਦਰ ਪਾਲ ਸਿੰਘ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵੱਖ ਵੱਖ ਪੱਖਾਂ ਤੇ ਲੰਬੇ ਲੇਖ ਲਿਖ ਰਹੇ ਹਨ। ਇਹ ਕਿਤਾਬ ਉਨ੍ਹਾਂ ਦੇ ਨਿਜੀ ਤੌਰ ਤੇ ਗੁਰੂ ਨਾਨਕ ਸਾਹਿਬ ਦੀਆਂ ਸਿਖਿਆਵਾਂ ਦੇ ਪ੍ਰਚਾਰ , ਪ੍ਰਸਾਰ ਲਈ ਕੀਤੇ ਜਾ ਰਹੇ ਗੰਭੀਰ ਜਤਨਾਂ ਦੀ ਹੀ ਇਕ ਕੜੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਹਿੰਦੀ ਕਿਤਾਬ ਨੂੰ ਵੱਡੇ ਪੱਧਰ ਤੇ ਵੰਡਣ ਦਾ ਉਪਰਾਲਾ ਕਰਨ ਦੇ ਨਾਲ ਹੀ ਪੰਜਾਬੀ ਵਿੱਚ ਵੀ ਤਰਜੁਮਾ ਕਰ ਕੇ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪੁਜਾਉਣ ਲਈ ਅੱਗੇ ਆਉਣਾ ਚਾਹੀਦੇ।
– ਗਗਨਦੀਪ ਸਿੰਘ ਨੰਦਾ
ਹੈਦਰਾਬਾਦ

Send this to a friend