ਸੜਕ ਹਾਦਸਿਆਂ ਦਾ ਵਧਦਾ ਕਹਿਰ

ਸੜਕ ਹਾਦਸਿਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮੌਤਾਂ ਦੀ ਗਿਣਤੀ ਵੀ ਤੇਜੀ ਨਾਲ ਵੱਧ ਰਹੀ ਹੈ। ਹੁਣ ਪੰਜਾਬ ਦੇ ਨਾਲ ਲੱਗਦੇ ਰਾਜਾਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿੱਚ ਵੀ ਵੱਡੀ ਗਿਣਤੀ ਵਿੱਚ ਹਰ ਰੋਜ਼ ਹਾਦਸੇ ਹੋ ਰਹੇ ਹਨ। ਪਰਿਵਾਰਾਂ ਦੇ ਪਰਿਵਾਰ ਮਾਰੇ ਜਾ ਰਹੇ ਹਨ। ਬਦਕਿਸਮਤੀ ਦੀ ਗੱਲ ਇਹ ਹੈ ਕਿ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਨਾਲ ਕਿਸੇ ਨੂੰ ਕੋਈ ਹਮਦਰਦੀ ਨਹੀਂ ਹੈ। ਸਰਕਾਰ ਲਈ ਇਹ ਮਸਲਾ ਚਿੰਤਾਜਨਕ ਨਹੀਂ ਹੈ। ਹਾਦਸਿਆਂ ਵਿੱਚ ਵੱਡੀਆਂ ਮੌਤਾਂ ਦੇ ਬਾਵਜੂਦ ਸਰਕਾਰ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੀ। ਕੇਂਦਰ ਅਤੇ ਰਾਜ ਸਰਕਾਰਾਂ ਸੁੱਤੀਆਂ ਪਈਆਂ ਹਨ। ਲੋਕ ਸੜਕ ਹਾਦਸਿਆਂ ਵਿੱਚ ਧੜਾਧੜ ਮਰ ਰਹੇ ਹਨ। ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਬੀਤੇ ਦਿਨੀਂ ਇਕ ਬੱਸ ਦੇ ਖੱਡ ਵਿਚ ਡਿੱਗਣ ਨਾਲ 35 ਵਿਅਕਤੀਆਂ ਦੀ ਮੌਤ ਹੋ ਗਈ। ਸਮਰੱਥਾ ਤੋਂ ਵੱਧ ਭਰੀ ਹੋਈ ਬੱਸ ਪਹਾੜੀ ਮਾਰਗ ਤੋਂ ਖ਼ਿਸਕ ਕੇ ਡੂੰਘੀ ਖੱਡ ਵਿਚ ਡਿੱਗ ਗਈ।ਇਹ ਬੱਸ ਕੇਸ਼ਵਾਨ ਤੋਂ ਕਿਸ਼ਤਵਾੜ ਜਾ ਰਹੀ ਸੀ ਤੇ ਕੇਸ਼ਵਾਨ-ਥਕਰਾਈ ਮਾਰਗ ਵਿਚਾਲੇ ਸਵੇਰੇ ਕਰੀਬ 7.30 ਵਜੇ ਬੇਕਾਬੂ ਹੋ ਕੇ ਖੱਡ ਵਿਚ ਜਾ ਡਿਗੀ।ਕਿਸ਼ਤਵਾੜ ਦੇ ਡੀਸੀ ਸ਼੍ਰੀ ਏ.ਐੱਸ. ਰਾਣਾ ਮੁਤਾਬਿਕ 28 ਸੀਟਾਂ ਵਾਲੀ ਬੱਸ ਵਿਚ 52 ਜਣੇ ਸਵਾਰ ਸਨ।ਕਹਿਣ ਦਾ ਭਾਵ ਇਹ ਹੈ ਕਿ ਇਸ ਹਾਦਸੇ ਲਈ ਸਿੱਧੇ ਤੌਰ ‘ਤੇ ਬੱਸ ਮਾਲਕ ਅਤੇ ਸਰਕਾਰ ਜ਼ਿੰਮੇਵਾਰ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਵਿਭਾਗ ਅਜਿਹੀਆਂ ਕੁਤਾਹੀਆਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ। ਸਰਕਾਰੀ ਅਫਸਰ ਟਰਾਂਸਪੋਰਟਾਂ ਤੋਂ ਵਸੂਲੀ ਕਰਕੇ ਹੀ ਉਨ੍ਹਾਂ ਨੂੰ ਮਿਥੀ ਹੱਦ ਤੋਂ ਵੱਧ ਸਵਾਰੀਆਂ ਢੋਹਣ ਦੀ ਇਜਾਜ਼ਤ ਦਿੰਦੇ ਹਨ। ਜੇਕਰ ਸਰਕਾਰੀ ਵਿਭਾਗ ਅਜਿਹੀਆਂ ਕੁਤਾਹੀਆਂ ਵੱਲ ਧਿਆਨ ਦੇਣ ਤਾਂ ਇਸ ਤਰ੍ਹਾਂ ਦੇ ਹਾਦਸੇ ਰੁਕ ਸਕਦੇ ਹਨ। ਇਸੇ ਤਰ੍ਹਾਂ ਸ਼ਿਮਲਾ ਜ਼ਿਲ੍ਹੇ ਦੇ ਝਿਨਝੜੀ ਨੇੜੇ ਖਾਲਿਨੀ ਕੋਲ ਸਵੇਰੇ 7.35 ‘ਤੇ ਅੱਜ ਇਕ ਸਰਕਾਰੀ ਬੱਸ ਡੂੰਘੀ ਖੱਡ ਵਿਚ ਡਿਗ ਗਈ।ਹਾਦਸੇ ‘ਚ ਦੋ ਸਕੂਲੀ ਵਿਦਿਆਰਥਣਾਂ ਸਣੇ ਤਿੰਨ ਦੀ ਮੌਤ ਹੋ ਗਈ। ਤੀਸਰਾ ਮ੍ਰਿਤਕ ਬੱਸ ਦਾ ਡਰਾਈਵਰ ਨਰੇਸ਼ ਠਾਕੁਰ ਸੀ ਜਦਕਿ ਦੋਵੇਂ ਵਿਦਿਆਰਥੀ ਕਾਨਵੈਂਟ ਆਫ਼ ਜੀਸਸ ਐਂਡ ਮੈਰੀ ਸਕੂਲ ਦੇ ਸਨ।ਰੋਡ ਕੰਢੇ ਹਾਦਸਾ ਰੋਕਣ ਲਈ ਕੋਈ ਬੈਰੀਅਰ ਨਹੀਂ ਸੀ।ਡੱਬਵਾਲੀ-ਸਿਰਸਾ ਕੌਮੀ ਸ਼ਾਹ-9 ‘ਤੇ ਪਿੰਡ ਸਾਹੂਵਾਲਾ-ਪੰਨੀਵਾਲਾ ਮੋਟਾ ਨੇੜੇ ਰਾਤ ਨੂੰ ਵਾਪਰੇ ਸੜਕ ਹਾਦਸੇ ‘ਚ ਫੇਰਾ ਪਾ ਕੇ ਪਰਤ ਰਹੇ ਸੱਜ ਵਿਆਹੇ ਜੋੜੇ ਸਮੇਤ ਪੰਜ ਪਰਿਵਾਰਕ ਜੀਅ ਹਲਾਕ ਹੋ ਗਏ।ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਟਰਾਲੇ ਵਿਚ ਜਾ ਵੱਜੀ। ਅਜਿਹੇ ਹਾਦਸੇ ਬਹੁਤ ਹੀ ਦਰਦਨਾਕ ਹਨ। ਇਨ੍ਹਾਂ ਨੂੰ ਰੋਕਣ ਲਈ ਵਿਆਪਕ ਪੈਮਾਨੇ ‘ਤੇ ਕਾਰਵਾਈ ਹੋਣ ਦੀ ਜ਼ਰੂਰਤ ਹੈ। ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕੀ ਪ੍ਰਬੰਧ ਨੂੰ ਦਰੁਸਤ ਕੀਤਾ ਜਾਣਾ ਚਾਹੀਦਾ ਹੈ। ਪੁਲਿਸ ਅਤੇ ਟਰਾਂਸਪੋਰਟ ਵਿਭਾਗ ਵੀ ਕਾਨੂੰਨ ਮੁਤਾਬਿਕ ਕਾਰਵਾਈ ਲਈ ਅੱਗੇ ਆਵੇ ਤਾਂ ਜੋ ਅਜਿਹੇ ਹਾਦਸੇ ਰੋਕੇ ਜਾ ਸਕਣ
– ਬਲਜੀਤ ਸਿੰਘ ਬਰਾੜ

Send this to a friend