ਪਰਵਾਸੀ ਲੇਖਕ ਗੁਰਮੇਲ ਬੀਰੋਕੇ ਦੀ ਕਿਤਾਬ “ਬਾਤਾਂ ਸੜਕ ਦੀਆਂ” ਅੱਜ ਕੱਲ੍ਹ ਸਾਹਿਤਕ ਸਫਾਵਾਂ ਵਿਚ ਪੂਰੀ ਚਰਚਿਤ ਹੈ। ਲੇਖਕ ਬੀਰੋਕੇ ਬੇਸ਼ੱਕ ਲੰਬੇ ਸਮੇਂ ਤੋਂ ਕਨੇਡਾ ਦੀ ਧਰਤੀ ਤੇ ਰਹਿ ਰਿਹਾ ਹੈ। ਪਰ ਉਸ ਦੀ ਇਸ ਵਾਰਤਕ ਕਿਤਾਬ ਵਿਚ ਮਾਲਵਈ ਖਿੱਤਾ ਪੂਰੀ ਤਰ੍ਹਾਂ ਸਮਾਇਆ ਪਿਆ ਹੈ।
ਗੁਰਮੇਲ ਬੀਰੋਕੇ ਆਪਣੀ ਵਾਰਤਕ ਕਿਤਾਬ ਨੂੰ ਪਾਠਕਾਂ ਦੀ ਕਚਹਿਰੀ ਤੋਂ ਲਿਆਉਣ ਤੋਂ ਪਹਿਲਾਂ ਹੀ ਵੱਖ ਵੱਖ ਅਖਬਾਰਾਂ ਅਤੇ ਮੈਗਜ਼ੀਨਾਂ ਦੇ ਕਾਲਮਾਂ ਰਾਹੀਂ ਪਾਠਕਾਂ ਦੇ ਮਨਾਂ ਵਿਚ ਸਥਾਪਿਤ ਲੇਖਕ ਵਜੋਂ ਘਰ ਬਣਾ ਚੁੱਕਾ ਸੀ। ਕਿਤਾਬ “ਬਾਤਾਂ ਸੜਕ ਦੀਆਂ” ਲੇਖਕ ਗੁਰਮੇਲ ਬੀਰੋਕੇ ਨੇ ਕਨੇਡਾ ਦੀ ਧਰਤੀ ਤੇ ਦਿਨ ਰਾਤ ਸੜਕਾਂ ਨਾਲ ਬਾਤਾਂ ਪਾਉਂਦੇ ਟਰੱਕ ਡਰਾਈਵਰਾਂ ਦੀ ਜਿੰਦਗੀ ਤੇ ਝਾਤ ਮਾਰੀ ਹੈ। ਲੇਖਕ ਨੇ ਟਰੱਕ ਡਰਾਈਵਰਾਂ ਨੂੰ ਬੇਗਾਨੇ ਮੁਲਕ ਦੀ ਧਰਤੀ ਆ ਰਹੀਆਂ ਮੁਸ਼ਕਲਾਂ, ਉੱਥੇ ਦੇ ਸੜਕੀ ਨਿਯਮਾਂ, ਨਿੱਜੀ ਜਿੰਦਗੀ ਵਿਚ ਹਰ ਰੋਜ਼ ਵਾਪਰਦੀਆਂ ਘਟਨਾਵਾਂ ਅਤੇ ਟਰੱਕ ਡਰਾਈਵਰਇੰਗ ਦੌਰਾਨ ਸੜਕਾਂ ਤੇ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਔਰਤਾਂ ਦੀ ਸਮੂਲੀਅਤ ਦਾ ਖੂਬ ਵਰਣਨ ਕੀਤਾ ਹੈ। ਉਕਤ ਵਾਰਤਕ ਕਿਤਾਬ ਤੋਂ ਪਹਿਲਾਂ ਵੀ ਲੇਖਕ ਨੇ ਅਖਬਾਰਾਂ ਵਿਚ ਛਪਦੇ ਕਾਲਮ “ਬਰਫੀਲੇ ਡਾਲਰ” ਵਿਚ ਕਨੇਡਾ ਵਿਚ ਪੰਜਾਬੀਆਂ ਦੇ ਕਾਰੋਬਾਰ ਅਤੇ ਨਿੱਜੀ ਜ਼ਿੰਦਗੀਆਂ ਦੀ ਦੁਸ਼ਵਾਰੀਆਂ ਬਾਰੇ ਚਾਨਣਾ ਪਾਇਆ ਹੈ। ਕਨੇਡਾ ਅਮਰੀਕਾ ਦੀ ਪੁਲਿਸ ਕਿਸ ਤਰ੍ਹਾਂ ਘੱਟ ਪੜ੍ਹੇ ਲਿਖੇ ਡਰਾਈਵਰਾਂ ਦੀ ਮਦਦ ਕਰਦੀ ਹੈ, ਇਸ ਪੱਖ ਨੂੰ ਵੀ ਲੇਖਕ ਨੇ ਆਪਣੀ ਵਾਰਤਕ ਕਿਤਾਬ ਵਿਚ ਛੂਹਿਆ ਹੈ।“ਬਾਤਾਂ ਸੜਕ ਦੀਆਂ” ਕਿਤਾਬ ਰੂਪਾਂਤਕ ਅਤੇ ਸਰਲ ਸੈਲੀ ਵਿਚ ਲਿਖੀ ਹੈ। ਜਿਸ ਕਾਰਨ ਇਹ ਕਿਤਾਬ ਨਵੇਂ ਪਾਠਕਾਂ ਲਈ ਰੌਚਿਕਤਾ ਭਰਪੂਰ ਸਿੱਧ ਹੋ ਰਹੀ ਹੈ। ਉਕਤ ਕਿਤਾਬ ਵਿਚ ਉਥੋਂ ਦੇ ਪੁਲਾਂ, ਬਰਫੀਲੀਆਂ ਸੜਕਾਂ, ਟਰੱਕਾਂ ਦੀ ਟੈਕਨਾਲੋਜੀ ਦੇ ਨਾਲ ਨਾਲ ਪੰਜਾਬ ਤੋਂ ਗਏ ਉਨ੍ਹਾਂ ਮਹਾਜਨ ਲੋਕਾਂ ਦੀ ਜਿੰਦਗੀ ਦੇ ਪੱਖ ਵੀ ਹਨ। ਜੋ ਆਪਣਾ ਕਰੋੜਾਂ ਦਾ ਕਾਰੋਬਾਰ ਛੱਡ ਕੇ ਪਰਵਾਸ ਕਰ ਗਏ ਹਨ। ਲੇਖਕ ਗੁਰਮੇਲ ਬੀਰੋਕੇ ਦੀ ਅਜਿਹੀ ਲਿਖਤ ਪੰਜਾਬੀ ਸਾਹਿਤ ਵਿਚ ਸਬੱਬੀ ਹੀ ਜਨਮ ਲੈਂਦੀ ਹੈ।