ਜਿਸ ਅਪਰਾਧ ਨੂੰ ਕਰਨ ਲਈ ਕੰਪਿਊਟਰ/ਇੰਟਰਨੈੱਟ ਦੀ ਵਰਤੋਂ ਕੀਤੀ ਜਾਂਦੀ ਹੈ, ਉਸਨੂੰ ‘ਸਾਈਬਰ-ਅਪਰਾਧ’ ਦਾ ਨਾਂ ਦਿੱਤਾ ਜਾਂਦਾ ਹੈ। ਆੱਨਲਾਈਨ ਠੱਗੀਆਂ ਵੀ ਇਸ ਸ਼੍ਰੇਣੀ ਵਿਚ ਹੀ ਆਉਂਦੀਆਂ ਹਨ। ਆਏ ਦਿਨ ਬੈਂਕ ਖਾਤੇ ਵਿੱਚੋਂ ਪੈਸੇ ਕਢਾ ਲੈਣ,ਏ.ਟੀ.ਐੱਮ ਬਦਲ ਕੇ ਠੱਗੀ ਮਾਰਨ ਅਤੇ ਕਰੈਡਿਟ ਕਾਰਡ ਦੀ ਡਿਟੇਲ ਵਰਤਕੇ ਸ਼ਾੰਿਪੰਗ ਕਰ ਲੈਣ ਵਰਗੀਆਂ ਠੱਗੀਆਂ ਦੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਹਨਾਂ ਠੱਗੀਆਂ ਦੇ ਸ਼ਿਕਾਰ ਹਰ ਵਰਗ ਦੇ ਲੋਕ ਹੋ ਰਹੇ ਹਨ।ਅਸਲ ਵਿੱਚ ਇਹਨਾਂ ਵਧ ਰਹੀਆਂ ਠੱਗੀਆਂ ਦੇ ਵਰਤਾਰੇ ਲਈ ਕਾਫੀ ਹੱਦ ਤੱਕ ਅਸੀਂ ਖੁਦ ਹੀ ਜਿੰਮੇਵਾਰ ਹਾਂ। ਸ਼ਾਤਰ ਠੱਗਾਂ ਵਲੋਂ ਬੈਂਕ/ਬੀਮਾ ਅਧਿਕਾਰੀ ਬਣ ਕੇ ਸਾਡੇ ਖਾਤੇ ਦੀ ਡਿਟੇਲ ਪੁੱਛ ਲਈ ਜਾਂਦੀ ਹੈ।ਅਸੀਂ ਬਿਨਾਂ ਸੋਚੇ ਸਮਝੇ ਸਭ ਕੁਝ ਨੋਟ ਕਰਵਾ ਦਿੰਦੇ ਹਾਂ।ਜਦੋਂ ਕਿ ਬੈਂਕ ਜਾਂ ਬੀਮਾ ਕੰਪਨੀ ਵਾਲੇ ਕਦੀ ਵੀ ਕੋਈ ਅਜਿਹੀ ਸੂਚਨਾ ਕਿਸੇ ਗਾਹਕ ਤੋ ਫੋਨ ਰਾਹੀਂ ਨਹੀਂ ਪੁੱਛਦੈ। ਇਹ ਠੱਗ ਕਿਸੇ ਤਰੀਕੇ ਸਾਡਾ ਖਾਤਾ ਸਾਫ ਕਰ ਦਿੰਦੇ ਹਨ।
ਕਈ ਵਾਰ ਕਿਸੇ ਅਣਜਾਣ/ ਬਜ਼ੁਰਗ ਵਿਆਕਤੀ ਦੀ ਸਹਾਇਤਾ ਕਰਨ ਦਾ ਢੌਂਗ ਕਰਕੇ ਨੌਸਰਬਾਜ਼ ਏ.ਟੀ.ਐੱਮ ਬਦਲ ਲੈਂਦੇ ਹਨ। ਅਜਿਹੀ ਚਲਾਕੀ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਕੋਈ ਸਾਡੇ ਖਾਤੇ ਵਿੱਚੋਂ ਰਕਮ ਕਢਾ ਲੈਂਦਾ ਹੈ।
ਕਈ ਵਾਰੀ ਅਚਾਨਕ ਸਾਡੇ ਫੋਨ ਉੱਪਰ ਵੱਡੀ ਲਾਟਰੀ ਨਿਕਲਣ ਦਾ ਮੈਸੇਜ ਆਉਂਦਾ ਹੈ। ਅਸੀ ਮੁਫਤ ਦੇ ਲਾਲਚ ਵਿਚ ਆ ਕੇ ਦਿੱਤੇ ਨੰਬਰ ਤੇ ਸੰਪਰਕ ਕਰਦੇ ਹਾਂ। ਅੱਗੋਂ ਸਾਡੀ ਲਾਟਰੀ ਨਿਕਲਣ ਦੀ ਪੁਸ਼ਟੀ ਕੀਤੀ ਜਾਂਦੀ ਹੈ। ਨਾਲ ਹੀ ਸਾਨੂੰ ਕੋਈ ਖਾਤਾ ਨੰਬਰ ਦੇ ਕੇ ਉਸ ਵਿੱਚ ਅਡਵਾਂਸ ਟੈਕਸ ਜ਼ਮਾਂ੍ਹ ਕਰਨ ਲਈ ਕਿਹਾ ਜਾਂਦਾ ਹੈ। ਜਦੋਂ ਹੀ ਅਸੀਂ ਅਖੌਤੀ ਟੈਕਸ ਭਰ ਦਿੰਦੇ ਹਾਂ ਤਾਂ ਸਮਝੋ ਅਸੀ ਠੱਗੀ ਦਾ ਸ਼ਿਕਾਰ ਹੋ ਗਏ। ਆੱਨਲਾਈਨ ਸ਼ਾਪਿੰਗ ਕੰਪਨੀਆਂ ਦੇ ਨਾਂ ‘ਤੇ ਵੀ ਠੱਗੀ ਮਾਰ ਲਈ ਜਾਂਦੀ ਹੈ। ਸੋਸ਼ਲ ਸਾਈਟਾਂ ਰਾਹੀਂ ਅਣਜਾਣ ਲੋਕ ਸਾਡੇ ਮਿੱਤਰ ਬਣ ਜਾਂਦੇ ਹਨ। ਥੋੜ੍ਹੇ ਸਮੇਂ ਬਾਅਦ ਇਹੀ ਅਣਜਾਣ ਮਿੱਤਰ ਸਾਡਾ ਵਿਸਵਾਸ਼ ਜਿੱਤਕੇ ਸਾਨੂੰੰ ਆਪਣੀ ਕਿਸੇ ਝੁਠੀ ਮੂਠੀ ਦੁਰਘਟਨਾ ਦਾ ਵਾਸਤਾ ਪਾ ਕੇ ਸਾਡੇ ਕੋਲੋਂ ਚੋਖੀ ਰਕਮ ਬਟੋਰ ਲੈਂਦੇ ਹਨ। ਛੇਤੀ ਹੀ ਇਹ ਅਣਜਾਣ ਮਿੱਤਰ ਸਾਈਟਾਂ ਤੋਂ ਲੋਪ ਹੋ ਜਾਂਦੇ ਹਨ।
ਇਸੇ ਤਰਾਂ ਕਈ ਹੋਰ ਤਰੀਕੇ ਅਪਣਾ ਕੇ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਜੇਕਰ ਥੋੜੀ੍ਹ ਜਿਹੀ ਸਾਵਧਾਨੀ ਵਰਤੀ ਜਾਵੇ। ਅਸੀਂ ਠੱਗੀਆਂ ਤੋਂ ਬਚ ਸਕਦੇ ਹਾਂ। ਸਾਨੂੰ ਕਦੀ ਵੀ ਅਣਜਾਣ ਵਿਆਕਤੀ ਨੂੰ ਆਪਣੇ ਖਾਤੇ ਬਾਰੇ,ਆਪਣੇ ਬਾਰੇ ਜਾਂਏ.ਟੀ.ਐੱਮ ਬਾਰੇ ਜਾਣਕਾਰੀ ਨਹੀਂ ਦੇਣੀ ਚਾਹੀਦੀ।ਸਾਈਟਾਂ ਉੱਪਰ ਬਿਨਾਂ ਕਾਰਨ ਸਾਡੇ ‘ਤੇ ਮਿਹਰਬਾਨ ਅਣਜਾਣ ਦੋਸਤਾਂ ਤੋਂ ਬਚਣਾ ਚਾਹੀਦਾ ਹੈ। ਸ਼ਾੱਪਿੰਗ ਲਈ ਭਰੋਸੇਯੋਗ ਸਾਈਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਪੂਰੀ ਜਾਣਕਾਰੀ ਨਾ ਹੋਵੇ ਤਾਂ ਆੱਨਲਾਈਨ ਪੇਮੈਂਟ ਤੋਂ ਬਚਣਾ ਚਾਹੀਦਾਂ ਹੈ। ਅਜਿਹੀਆ ਸਾਵਧਾਨੀਆਂ ਵਰਤ ਕੇ ਅਸੀਂ ਖੁਦ ਵੀ ਆੱਨਲਾਈਨ ਠੱਗੀਆਂ ਤੋਂ ਬਚ ਸਕਦੇ ਹਾਂ ਅਤੇ ਹੋਰਾਂ ਨੂੰ ਵੀ ਬਚਾ ਸਕਦੇ ਹਾਂ।
ਵੱਧ ਰਹੀਆਂ ਆਨਲਾਈਨ ਠੱਗੀਆਂ ਤੋਂ ਸਾਵਧਾਨੀ ਜ਼ਰੂਰੀ



