ਕੇਂਦਰ ਦੀ ਨਵੀਂ ਵਜ਼ਾਰਤ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਵਿੱਚ ਨਵੀਂ ਵਜ਼ਾਰਤ ਨੇ ਸਹੁੰ ਚੁੱਕ ਲਈ ਹੈ। ਨਵੇਂ ਕੇਂਦਰੀ ਮੰਤਰੀ ਮੰਡਲ ਵਿੱਚ 24 ਕੈਬਨਿਟ, 24 ਰਾਜ ਮੰਤਰੀ ਤੇ 9 ਰਾਜ ਮੰਤਰੀਆਂ ਨੂੰ ਸੁਤੰਤਰ ਚਾਰਜ ਬਣਾਏ ਗਏ ਹਨ। ਪ੍ਰਧਾਨ ਮੰਤਰੀ ਵਜੋਂ ਸ਼੍ਰੀ ਮੋਦੀ ਦੀ ਇਹ ਦੂਸਰੀ ਪਾਰੀ ਹੈ। ਮੰਤਰੀ ਮੰਡਲ ਵਿੱਚ ਕੁਝ ਪੁਰਾਣੇ ਚਿਹਰੇ ਮੁੜ ਸ਼ਾਮਿਲ ਕੀਤੇ ਗਏ ਹਨ ਅਤੇ ਨਵਿਆਂ ਨੂੰ ਵੀ ਨੁਮਾਇੰਦਗੀ ਦਿੱਤੀ ਗਈ ਹੈ। ਸਭ ਤੋਂ ਖੁਬਸੂਰਤ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਵੱਲੋਂ 6 ਮਹਿਲਾ ਆਗੂਆਂ ਨੂੰ ਵੀ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵੀ ਸ਼ਾਮਿਲ ਹਨ। ਮੰਤਰੀ ਮੰਡਲ ਦੇ ਗਠਨ ਸਮੇਂ ਪ੍ਰਧਾਨ ਮੰਤਰੀ ਵੱਲੋਂ ਕਾਫੀ ਸਿਆਣਪ ਅਤੇ ਦੂਰਅੰਦੇਸ਼ੀ ਤੋਂ ਕੰਮ ਲਿਆ ਗਿਆ ਹੈ। ਉਨ੍ਹਾਂ ਨੇ ਜਿਥੇ ਮੰਤਰੀ ਮੰਡਲ ਵਿੱਚ ਪੁਰਾਣੇ ਅਤੇ ਤਜ਼ਰਬੇਕਾਰ ਨੇਤਾਵਾਂ ਨੂੰ ਮੌਕਾ ਦਿੱਤਾ ਹੈ ਉੱਥੇ ਹੀ ਨਵੇਂ ਅਤੇ ਨੌਜਵਾਨ ਚਿਹਰਿਆਂ ਨੂੰ ਵੀ ਬਰਾਬਰ ਨੁਮਾਇੰਦਗੀ ਦਿੱਤੀ ਗਈ ਹੈ। ਮੰਤਰੀ ਮੰਡਲ ਦਾ ਗਠਨ ਸਰਕਾਰ ਦੀ ਪਹਿਲੀ ਵੱਡੀ ਚੁਣੌਤੀ ਸੀ। ਪਾਰਟੀ ਦੇ ਵੱਖ-ਵੱਖ ਧੜਿਆਂ ਅਤੇ ਸਹਿਯੋਗੀ ਸਿਆਸੀ ਧਿਰਾਂ ਨੂੰ ਯੋਗ ਨੁਮਾਇੰਦਗੀ ਦੇਣਾ ਇਕ ਵੱਡੀ ਚੁਣੌਤੀ ਸੀ। ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਦੀ ਚੋਣ ਨਾਲ ਸਾਰੀਆਂ ਧਿਰਾਂ ਨੇ ਸਹਿਮਤੀ ਭਰੀ ਹੈ। ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤੇ ਗਏ ਸੰਸਦ ਮੈਂਬਰਾਂ ਬਾਰੇ ਕਿਸੇ ਤਰ੍ਹਾਂ ਦਾ ਵਿਵਾਦ ਵੀ ਸਾਹਮਣੇ ਨਹੀਂ ਆਇਆ। ਸਹੁੰ ਚੁੱਕ ਸਮਾਗਮ ਮੌਕੇ ਵਿਸ਼ਾਲ ਸਮਰੱਥਾ ਦਾ ਪ੍ਰਗਟਾਵਾ ਵੀ ਨਵੀਂ ਸਰਕਾਰ ਦੀ ਦਿੱਖ ਨੂੰ ਉਭਾਰਨ ਵਿੱਚ ਮੱਦਦ ਕਰੇਗਾ। ਨਵੇਂ ਮੰਤਰੀ ਮੰਡਲ ਤੋਂ ਦੇਸ਼ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ। ਪ੍ਰਧਾਨ ਮੰਤਰੀ ਵੱਲੋਂ ਮੰਤਰੀ ਮੰਡਲ ਦੇ ਹਰ ਮੈਂਬਰ ਨੂੰ ਉਸ ਦੀ ਯੋਗਤਾ ਮੁਤਾਬਿਕ ਹੀ ਮੰਤਰਾਲਿਆਂ ਦੀ ਵੰਡ ਕੀਤੀ ਗਈ ਹੈ। ਕੁਝ ਮੰਤਰੀਆਂ ਨੂੰ ਪਹਿਲਾਂ ਵਾਲੇ ਮੰਤਰਾਲੇ ਹੀ ਦਿੱਤੇ ਗਏ ਹਨ। ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤੇ ਗਏ ਸ਼੍ਰੀ ਜੈਸ਼ੰਕਰ ਦੀ ਚੋਣ ਵੱਡੀ ਅਹਿਮੀਅਤ ਰੱਖਦੀ ਹੈ। ਉਨ੍ਹਾਂ ਦੇ ਵਿਸ਼ਾਲ ਤਜ਼ਰਬੇ ਦਾ ਸਰਕਾਰ ਨੂੰ ਭਾਰੀ ਲਾਭ ਮਿਲੇਗਾ। ਮੰਤਰੀ ਮੰਡਲ ਦੇ ਸਾਰੇ ਮੈਂਬਰ ਸਾਹਿਬਾਨ ਜੇਕਰ ਮਿਲ-ਜੁਲ ਕੇ ਦੇਸ਼ ਦੀ ਤਰੱਕੀ ਲਈ ਕੰਮ ਕਰਦੇ ਹਨ ਤਾਂ ਲਾਜ਼ਮੀ ਤੌਰ ‘ਤੇ ਬਹੁਤ ਬੇਹਤਰ ਨਤੀਜੇ ਸਾਹਮਣੇ ਆ ਸਕਦੇ ਹਨ। ਪ੍ਰਧਾਨ ਮੰਤਰੀ ਵੱਲੋਂ ਇਸ ਮੌਕੇ ‘ਤੇ ਪ੍ਰਗਟ ਕੀਤੇ ਗਏ ਇਹ ਵਿਚਾਰ ਕਾਫੀ ਅਹਿਮੀਅਤ ਰੱਖਦੇ ਹਨ ਕਿ ਨਵੀਂ ਟੀਮ ‘ਚ ਅਜਿਹੇ ਸੰਸਦ ਮੈਂਬਰ ਸ਼ਾਮਲ ਹਨ ਜੋ ਉਭਰ ਕੇ ਸਾਹਮਣੇ ਆਏ ਹਨ ਅਤੇ ਅਜਿਹੇ ਵੀ ਹਨ ਜਿਨ੍ਹਾਂ ਦਾ ਸ਼ਾਨਦਾਰ ਕਰੀਅਰ ਰਿਹਾ ਹੈ। ਇਸ ਤੋਂ ਪ੍ਰਧਾਨ ਮੰਤਰੀ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ ਕਿ ਉਹ ਨਵੀਂ ਸ਼ਕਤੀ ਅਤੇ ਊਰਜਾ ਨਾਲ ਕੰਮ ਕਰਨਗੇ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਨਵੀਂ ਕੇਂਦਰੀ ਵਜ਼ਾਰਤ ਆਉਣ ਵਾਲੇ ਪੰਜ ਸਾਲਾਂ ਵਿੱਚ ਬੇਹਤਰ ਕੰਮ ਕਰਕੇ ਦਿਖਾਵੇਗੀ।
– ਬਲਜੀਤ ਸਿੰਘ ਬਰਾੜ

Send this to a friend