ਪੰਜਾਬ ਪੁਲਿਸ ਦੀ ਕਾਰਗੁਜਾਰੀ ਬਾਰੇ ਇਕ ਵਾਰ ਫਿਰ ਗੰਭੀਰ ਸਵਾਲ ਪੈਦਾ ਹੋ ਰਹੇ ਹਨ। ਪੁਲਿਸ ਦੇ ਕੰਮਕਾਜ ਪ੍ਰਤੀ ਬੇਭਰੋਸਗੀ ਅਤੇ ਗੁੱਸਾ ਵੱਧ ਰਿਹਾ ਹੈ। ਫਰੀਦਕੋਟ ਦੇ ਸੀ.ਆਈ.ਏ. ਸਟਾਫ ਵਿਖੇ ਇਕ ਨੌਜਵਾਨ ਜਸਪਾਲ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਹਿਰਾਸਤੀ ਮੌਤ ਅਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ‘ਚ ਪੁਲਿਸ ਭੂਮਿਕਾ ਬਹੁਤ ਨਿਰਾਸ਼ਾਜਨਕ ਰਹੀ। ਇਹ ਹੈਰਾਨੀ ਦੀ ਗੱਲ ਹੈ ਕਿ ਪੀੜਤ ਧਿਰ ਵੱਲੋਂ ਕਈ ਦਿਨਾਂ ਤੋਂ ਫਰੀਦਕੋਟ ਵਿੱਚ ਧਰਨਾ ਜਾਰੀ ਹੈ ਪ੍ਰੰਤੂ ਪੁਲਿਸ ਬੇਹੱਦ ਢਿੱਲੇ ਤਰੀਕੇ ਨਾਲ ਵਿਚਰਦੀ ਨਜ਼ਰ ਆ ਰਹੀ ਹੈ। ਪੀੜਤ ਪਰਿਵਾਰ ਅਤੇ ਇਨਸਾਫ ਪਸੰਦ ਲੋਕ ਜ਼ਿਲ੍ਹਾ ਪੁਲਿਸ ਮੁਖੀ ਦੇ ਸਾਹਮਣੇ ਧਰਨਾ ਲਾਈ ਬੈਠੇ ਹਨ। ਸ਼ਹਿਰ ਵਿੱਚ ਮੋਮਬੱਤੀ ਮਾਰਚ ਵੀ ਕੱਢਿਆ ਗਿਆ ਹੈ। ਇਸ ਬਹੁਤ ਹੀ ਮੰਦਭਾਗੀ ਘਟਨਾ ਦੇ ਸਬੰਧ ਵਿੱਚ ਹਾਲੇ ਤੱਕ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਆਪਣਾ ਮੂੰਹ ਤੱਕ ਨਹੀਂ ਖੋਲ੍ਹਿਆ। ਪੰਜਾਬ ਸਰਕਾਰ ਨੇ ਵੀ ਪੂਰੇ ਮਾਮਲੇ ‘ਤੇ ਚੁੱਪੀ ਸਾਧ ਰੱਖੀ ਹੈ। ਸਿਆਸੀ ਨੇਤਾਵਾਂ ਦੀ ਭੂਮਿਕਾ ਹੋਰ ਵੀ ਨਿਰਾਸ਼ਾਜਨਕ ਹੈ। ਅਜਿਹਾ ਵਰਤਾਰਾ ਹਰ ਰੋਜ਼ ਸਾਹਮਣੇ ਆ ਰਿਹਾ ਹੈ। ਪੁਲਿਸ ਦੀਆਂ ਜ਼ਿਆਦਤੀਆਂ ਦੇ ਸ਼ਿਕਾਰ ਲੋਕਾਂ ਨੂੰ ਸੜਕਾਂ ‘ਤੇ ਆਉਣਾ ਪੈ ਰਿਹਾ ਹੈ। ਪੁਲਿਸ ਦਾ ਕੰਮ ਲੋਕਾਂ ਨੂੰ ਇਨਸਾਫ ਦੇਣਾ ਅਤੇ ਉਨ੍ਹਾਂ ਦੀ ਸੁਰੱਖਿਆ ਕਰਨਾ ਹੈ। ਪ੍ਰੰਤੂ ਪੁਲਿਸ ਦੋਵੇਂ ਕਾਰਜਾਂ ਵਿੱਚ ਅਸਫਲ ਸਿੱਧ ਹੋ ਰਹੀ ਹੈ। ਸਵਾਲ ਤਾਂ ਇਹ ਹੈ ਕਿ ਪੰਜਾਬ ਦੇ ਖਜ਼ਾਨੇ ‘ਚੋਂ ਮੋਟੀਆਂ ਤਨਖਾਹਾਂ ਅਤੇ ਭੱਤੇ ਲੈਣ ਵਾਲੇ ਪੁਲਿਸ ਅਧਿਕਾਰੀ ਆਖਰ ਕਿਸ ਦੀ ਡਿਊਟੀ ਕਰ ਰਹੇ ਹਨ। ਜੇਕਰ ਉਨ੍ਹਾਂ ਨੇ ਲੋਕਾਂ ਨੂੰ ਇਨਸਾਫ ਨਹੀਂ ਦੇਣਾ ਅਤੇ ਲੋਕਾਂ ਦੀ ਸੁਰੱਖਿਆ ਨਹੀਂ ਕਰਨੀ ਤਦ ਉਨ੍ਹਾਂ ਨੂੰ ਸਰਕਾਰੀ ਖਜ਼ਾਨੇ ‘ਚੋਂ ਤਨਖਾਹਾਂ ਅਤੇ ਭੱਤੇ ਲੈਣ ਦਾ ਵੀ ਕੋਈ ਹੱਕ ਨਹੀਂ। ਪੁਲਿਸ ਅਧਿਕਾਰੀਆਂ ਦੀ ਜਵਾਬਦੇਹੀ ਤਹਿ ਹੋਣੀ ਚਾਹੀਦੀ ਹੈ। ਪਰ ਇਹ ਦੁੱਖ ਦੀ ਗੱਲ ਹੈ ਕਿ ਸਿਆਸੀ ਨੇਤਾ ਪੁਲਿਸ ਦੇ ਸਿਰ ਉੱਪਰ ਹੀ ਆਪਣੀ ਰਾਜਨੀਤੀ ਚਲਾ ਰਹੇ ਹਨ। ਇਸ ਕਾਰਨ ਹੀ ਪੁਲਿਸ ਦਾ ਬੇਲੋੜਾ ਰਾਜਸੀਕਰਨ ਹੋ ਚੁੱਕਾ ਹੈ। ਥਾਣਿਆਂ ਤੋਂ ਛੋਟੇ-ਛੋਟੇ ਕੰਮ ਵੀ ਹੁਕਮਰਾਨ ਪਾਰਟੀ ਦੇ ਨੇਤਾਵਾਂ ਦੇ ਹੁਕਮ ਉੱਪਰ ਹੀ ਹੁੰਦੇ ਹਨ। ਬੇਕਸੂਰ ਵਿਰੋਧੀਆਂ ਉੱਪਰ ਝੁੱਠੇ ਪਰਚੇ ਦਰਜ ਕਰਨ ਦਾ ਸਿਲਸਿਲਾ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ। ਫਰੀਦਕੋਟ ਪੁਲਿਸ ਦੇ ਅਧਿਕਾਰੀ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਦੀ ਲਾਸ਼ ਤੱਕ ਲੱਭਣ ਵਿੱਚ ਅਸਫਲ ਰਹੇ ਹਨ। ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਮਾਮਲੇ ਵਿੱਚ ਦਖਲ ਦੇਣ ਤਾਂ ਜੋ ਲੋਕਾਂ ਦੇ ਗੁੱਸੇ ਨੂੰ ਠੰਡਾ ਕੀਤਾ ਜਾ ਸਕੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ।
– ਬਲਜੀਤ ਸਿੰਘ ਬਰਾੜ