ਨੱਕ

ਕਿਸੇ ਵੇਲ਼ੇ ਚੋਖੀ ਜਾਇਦਾਦ ਦੇ ਮਾਲਕ ਸ਼ੇਰ ਸਿੰਘ ਦੀ ਆਪਣੇ ਇਲਾਕੇ ਵਿਚ ਪੂਰੀ ਚੜ੍ਹਤ ਹੁੰਦੀ ਸੀ। ਪਰ ਜਦੋਂ ਤੋਂ ਉਸਦੇ ਪੁਤਰ ਦਾ ਵਿਆਹ ਹੋਇਆ ਤਾਂ ਉਸਦੀ ਨੂੰਹ ਘਰ ਨੂੰ ਘੁਣ ਵਾਂਗ ਚਿੰਬੜ ਗਈ ਅਤੇ ਉਸ ਨੇ ਕੁਝ-ਕੁ ਸਾਲਾਂ ਵਿਚ ਹੀ ਸ਼ੇਰ ਸਿੰਘ ਦੀ ਜਿੰਦਗੀ ਦਾ ਪਾਸਾ ਬਦਲ ਕੇ ਰਖ ਦਿਤਾ ਸੀ । ਹੌਲੀ-ਹੌਲੀ ਸ਼ੇਰ ਸਿੰਘ ਦਾ ਪਰਿਵਾਰ ਸਾਰੀ ਜਾਇਦਾਦ ਤੋਂ ਹਥ ਧੋ ਬੈਠਾ।
ਢਲਦੀ ਉਮਰੇ ਜਦੋਂ ਵੀ ਬੇਵਸ ਸ਼ੇਰ ਸਿੰਘ ਓਹਨਾਂ ਬੇਗਾਨੇ ਖੇਤਾਂ ਵਲ ਦੇਖਦਾ ਜੋ ਕਦੇ ਉਸਦੇ ਆਪਣੇ ਹੁੰਦੇ ਸਨ, ਤਾਂ ਉਸ ਦਾ ਧੁਰ ਅੰਦਰ ਤਕ ਪਾਟ ਜਾਂਦਾ ਸੀ।
ਇਕ ਦਿਨ ਸ਼ੇਰ ਸਿੰਘ ਜਦੋਂ ਆਪਣੇ ਪੋਤੇ ਨੂੰ ਨਾਲ ਲੈ ਕੇ ਖੇਤਾਂ ਦੀ ਸੈਰ ਕਰ ਰਿਹਾ ਸੀ ਤਾਂ ਉਸਦਾ ਪੋਤਾ ਪੁਛਣ ਲਗਾ ,
ਬਾਪੂ ! ਮੈਨੂੰ ਇਕ ਗਲ ਦੀ ਸਮਝ ਨਹੀਂ ਆਉਂਦੀ, ਮੇਰੇ ਤਾਏ-ਚਾਚਿਆਂ ਕੋਲ ਤਾਂ ਐਨੇ ਵਡੇ-ਵਡੇ ਖੇਤ ਆ, ਆਪਣੇ ਕੋਲ ਕਲਾ ਘਰ ਈ ਐ !! ਆਪਣੇ ਕੋਲ ਕੋਈ ਖੇਤ ਕਿਉਂ ਨਹੀਂ ਐ ?
ਇਹ ਸੁਣ ਕੇ ਸ਼ੇਰ ਸਿੰਘ ਦੀ ਭੁਬ ਨਿਕਲ ਗਈ ਉਹ ਅਖਾਂ ਭਰ ਕੇ ਬੋਲਿਆ,
ਪੁਤ !! ਖੇਤ ਤਾਂ ਆਪਣੇ ਕੋਲ ਵੀ ਬਥੇਰੇ ਵਡੇ-ਵਡੇ ਸੀ, ਪਰ ਤੇਰੀ ਹੋਛੀ ਮਾਂ ਨੂੰ ਪੈਲ਼ੀ ਨਾਲੋਂ ਵਧ ਆਪਦੇ ਨਕ ਦਾ ਫਿਕਰ ਸੀ, ਓਹਨੇ ਫਜੂਲ ਖਰਚੇ ਕਰਕੇ ਨਕ ਤਾਂ ਬਚਾ ਲਿਆ, ਪਰ ਉਹਦਾ ਨਕ ਆਪਣੇ ਸਾਰੇ ਖੇਤਾਂ ਨੂੰ ਖਾ ਗਿਆ
– ਮਾ: ਸੁਖਵਿੰਦਰ ਸਿੰਘ, ਦਾਨਗੜ੍ਹ
ਸੰਪਰਕ : 94171- 80205

Send this to a friend