ਪੰਜਾਬ ’ਚ ਰਾਜਨੀਤੀ ਦਾ ਬਦਲਾ ਰੂਪ

ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਕੁਝ ਵੀ ਹੋਣ ਪ੍ਰੰਤੂ ਰਾਜਨੀਤੀ ਦਾ ਰੂਪ ਬਦਲਦਾ ਪ੍ਰਤੀਤ ਹੋ ਰਿਹਾ ਹੈ। ਰਾਜਸੀ ਪਾਰਟੀਆਂ ਅਤੇ ਰਾਜਸੀ ਨੇਤਾਵਾਂ ਦੀ ਕਾਰਗੁਜ਼ਾਰੀ ਬਾਰੇ ਪਹਿਲਾਂ ਤੋਂ ਵੱਧ ਖੁੱਲ੍ਹ ਕੇ ਚਰਚਾ ਹੋ ਰਹੀ ਹੈ। ਆਮ ਲੋਕ ਖਾਸ ਕਰਕੇ ਨੌਜਵਾਨ ਰਾਜਨੀਤੀ ’ਚ ਦਿਲਚਸਪੀ ਦਿਖਾ ਰਹੇ ਹਨ। ਨਵੀਂ ਸਮਝ ਅਤੇ ਜਾਗਰੂਕਤਾ ਕਾਰਨ ਹੀ ਸਿਆਸੀ ਨੇਤਾਵਾਂ ਨੂੰ ਲੋਕਾਂ ਦੇ ਸਾਹਮਣੇ ਜਵਾਬਦੇਹ ਬਣਾਇਆ ਜਾ ਰਿਹਾ ਹੈ। ਇਕੱਲੇ-ਦੁਕੱਲੇ ਨੌਜਵਾਨ ਸਿਆਸੀ ਪਾਰਟੀਆਂ ਦੇ ਇਕੱਠਾਂ ਵਿੱਚ ਜਾ ਕੇ ਵੱਡੇ-ਵੱਡੇ ਨੇਤਾਵਾਂ ਨੂੰ ਸਵਾਲ ਕਰ ਰਹੇ ਹਨ। ਸੋਸ਼ਲ ਮੀਡੀਆ ਅਤੇ ਹੋਰ ਫਰੰਟਾਂ ਉਪਰ ਪੰਜਾਬ ਦੇ ਮੁੱਦਿਆਂ ’ਤੇ ਭਰਵੀਂ ਚਰਚਾ ਹੋ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਕਿਤੇ-ਕਿਤੇ ਮਾੜੇ ਸ਼ਬਦ ਵੀ ਵਰਤੇ ਜਾ ਰਹੇ ਹਨ। ਰਾਜਨੀਤੀ ਦਾ ਇਹ ਬਦਲਦਾ ਰੂਪ ਪੰਜਾਬ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਪੰਜਾਬ ਦੇ ਲੋਕ ਸੂਬੇ ਦੇ ਬਹੁਪੱਖੀ ਸੰਕਟ ਤੋਂ ਬਹੁਤ ਚਿੰਤਤ ਹਨ। ਉਹ ਇਸ ਹਾਲਤ ਵਿੱਚ ਹਰ ਹਾਲਤ ਤਬਦੀਲੀ ਚਾਹੁੰਦੇ ਹਨ। ਤਬਦੀਲੀ ਦੀ ਇਸ ਇੱਛਾ ਕਾਰਨ ਹੀ ਉਹ ਵੱਖ-ਵੱਖ ਪੱਧਰ ’ਤੇ ਸਰਗਰਮ ਹਨ। ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਇਹ ਸਰਗਰਮੀ ਹਾਂ ਪੱਖੀ ਨਜ਼ਰੀਏ ਨਾਲ ਦੇਖੀ ਜਾਣੀ ਚਾਹੀਦੀ ਹੈ। ਜੇਕਰ ਨੌਜਵਾਨ ਅਤੇ ਜਾਗਰੂਕ ਲੋਕ ਸਿਆਸੀ ਪਾਰਟੀਆਂ ਅਤੇ ਸਿਆਸੀ ਨੇਤਾਵਾਂ ਨੂੰ ਸਵਾਲ ਕਰ ਰਹੇ ਹਨ ਤਾਂ ਉਨ੍ਹਾਂ ਦਾ ਮਕਸਦ ਕਿਸੇ ਦੇ ਨਿੱਜੀ ਮਾਣ-ਸਤਿਕਾਰ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ, ਸਗੋਂ ਉਹ ਆਪਣੀ ਚਿੰਤਾ ਵਿੱਚ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਸ਼ਾਮਿਲ ਕਰਨਾ ਚਾਹੁੰਦੇ ਹਨ। ਰਿਵਾਇਤੀ ਸਿਆਸੀ ਨੇਤਾਵਾਂ ਨੂੰ ਇਸ ਬਦਲਦੇ ਮਾਹੌਲ ਮੁਤਾਬਿਕ ਖੁਦ ਨੂੰ ਢਾਲਣਾ ਹੋਵੇਗਾ। ਉਨ੍ਹਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਸਮਝਣੀਆਂ ਹੋਣਗੀਆਂ। ਸਿਆਸੀ ਪਾਰਟੀਆਂ ਲਈ ਹੁਣ ਚੁਣੌਤੀਪੂਰਨ ਸਮਾਂ ਸ਼ੁਰੂ ਹੋ ਚੁੱਕਾ ਹੈ। ਬੇਸ਼ਕ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਰ ਦੀ ਚਰਚਾ ਪ੍ਰਮੁੱਖ ਸਿਆਸੀ ਧਿਰਾਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦਰਮਿਆਨ ਹੀ ਘੁੰਮ ਰਹੀ ਹੈ। ਨਤੀਜੇ ਵੀ ਸ਼ਾਇਦ ਇਸ ਤਰ੍ਹਾਂ ਦੇ ਹੀ ਆਉਣਗੇ, ਪ੍ਰੰਤੂ ਇਸ ਦਾ ਮਤਲਬ ਇਹ ਨਹੀਂ ਹੈ ਕਿ ਬਦਲਵੀ ਰਾਜਨੀਤੀ ਗੈਰ ਪ੍ਰਸੰਗਿਕ ਹੋ ਗਈ ਹੈ। ਲੋਕ ਸਭਾ ਦੇ ਨਤੀਜੇ ਕੁਝ ਵੀ ਹੋਣ ਪੰਜਾਬ ਦੀ ਰਾਜਨੀਤੀ ਬਦਲਣ ਲਈ ਮੈਦਾਨ ਤਿਆਰ ਹੋ ਚੁੱਕਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦਾ ਅਸਰ ਹੋਰ ਗੂੜ੍ਹਾ ਹੋਵੇਗਾ। ਨਵੇਂ ਹਾਲਾਤਾਂ ਵਿੱਚ ਇਸ ਨਵੀਂ ਰਾਜਨੀਤੀ ਦੀ ਸ਼ੁਰੂਆਤ ਪੰਜਾਬ ਦੇ ਮੌਜੂਦਾ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਮਾਰਚ 2011 ਵਿੱਚ ਪੀਪਲਜ਼ ਪਾਰਟੀ ‘ਆਪ’ ਪੰਜਾਬ ਦੇ ਗਠਨ ਨਾਲ ਸ਼ੁਰੂ ਹੋਈ ਸੀ। ਬੇਸ਼ਕ ਇਹ ਪਾਰਟੀ ਵੱਡੀਆਂ ਸਿਆਸੀ ਪ੍ਰਾਪਤੀਆਂ ਨਹੀਂ ਕਰ ਸਕੀ ਪ੍ਰੰਤੂ ਇਸ ਦਾ ਅਸਰ ਅੱਜ ਵੀ ਦੇਖਿਆ ਜਾ ਸਕਦਾ ਹੈ। 14 ਜਨਵਰੀ 2016 ਨੂੰ ਇਹ ਪਾਰਟੀ ਕਾਂਗਰਸ ਵਿੱਚ ਸ਼ਾਮਿਲ ਹੋ ਗਈ। ਫਿਰ ਆਮ ਆਦਮੀ ਪਾਰਟੀ ਦਾ ਉਭਾਰ ਹੋਇਆ। ਕਹਿਣ ਦਾ ਭਾਵ ਇਹ ਹੈ ਕਿ ਇਨ੍ਹਾਂ ਦੋਨਾਂ ਰਾਜਸੀ ਲਹਿਰਾਂ ਨੇ ਪੰਜਾਬ ਦੀ ਨਵੀਂ ਰਾਜਨੀਤੀ ਲਈ ਬੁਨਿਆਦ ਤਿਆਰ ਕਰ ਦਿੱਤੀ। ਆਉਣ ਵਾਲੇ ਸਮੇਂ ਵਿੱਚ ਇਸ ਬੁਨਿਆਦ ਉਪਰ ਕਿਸ ਤਰ੍ਹਾਂ ਦਾ ਸਿਆਸੀ ਬਦਲ ਉਭਰੇਗਾ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।
– ਬਲਜੀਤ ਸਿੰਘ ਬਰਾੜ