ਭਾਰਤੀ ਸੰਵਿਧਾਨ ਦੇ ਮੂਲ ਅਧਿਕਾਰ ਤੋਂ ਯਕੀਨਨ ਪ੍ਰੈਸ ਦੀ ਆਜ਼ਾਦੀ

ਸੰਸਾਰ ਭਰ ਵਿਚ ਪ੍ਰੈਸ ਦੀ ਸੁਤੰਤਰਤਾ ਦੇ ਮਹਤਵ ਬਾਰੇ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਹਰ ਸਾਲ 3 ਮਈ ਨੂੰ ‘ਵਿਸ਼ਵ ਪ੍ਰੈਸ ਸੁਤੰਤਰਤਾ ਦਿਵਸ‘ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਤੇ ਸਭਿਆਚਾਰਕ ਸੰਗਠਨ (ਯੂਨੈਸਕੋ) ਦੀ ਆਮ ਕਾਨਫਰੰਸ ਦੀ ਸਿਫ਼ਾਰਸ਼ ਤੇ ਸੰਯੁਕਤ ਰਾਸ਼ਟਰ ਸੰਘ ਨੇ ਸਾਲ 1993 ਵਿਚ ਵਿਸ਼ਵ ਪ੍ਰੈਸ ਸੁਤੰਤਰਤਾ ਦਿਵਸ ਦੀ ਘੋਸ਼ਣਾ ਕੀਤੀ, ਉਸਦੇ ਅਨੁਸਾਰ ਇਹ ਦਿਨ ਪ੍ਰੈਸ ਦੀ ਸੁਤੰਤਰਤਾ ਦੇ ਸਿਧਾਂਤ, ਪ੍ਰੈਸ ਦੀ ਸੁਤੰਤਰਤਾ ਦਾ ਮੁਲਾਂਕਣ, ਪ੍ਰੈਸ ਦੀ ਸੁਤੰਤਰਤਾ ਤੇ ਬਾਹਰੀ ਤਤਾਂ ਦੇ ਹਮਲਿਆਂ ਤੋਂ ਬਚਾਅ ਅਤੇ ਪ੍ਰੈਸ ਦੀ ਨਿਰਪਖਤਾ ਨਾਲ ਸੇਵਾ ਕਰਦਿਆਂ ਮਰੇ ਪਤਰਕਾਰਾਂ ਨੂੰ ਭਾਵਪੂਰਨ ਸ਼ਰਧਾਂਜਲੀ ਦੇਣ ਦਾ ਦਿਨ ਹੈ। ਵਿਸ਼ਵ ਪ੍ਰੈਸ ਸੁਤੰਤਰਤਾ ਦਿਵਸ ਦੇ ਅਵਸਰ ਦੇ ਸਾਰੇ ਪਤਰਕਾਰ ਆਪਣਾ ਕੰਮ ਭੈਅ ਮੁਕਤ ਹੋ ਕੇ ਅਤੇ ਨਿਰਪਖਤਾ ਨਾਲ ਕਰਨ ਦੀ ਸੁੰਹ ਲੈਂਦੇ ਹਨ।
3 ਮਈ 1991 ਨੂੰ ਅਫ਼ਰੀਕੀ ਸਮਾਚਾਰ ਪਤਰਾਂ ਦੇ ਪਤਰਕਾਰਾਂ ਦੁਆਰਾ ਜਾਰੀ ਕੀਤੇ ਗਏ ‘ਵਿੰਡਹਾਕ ਘੋਸ਼ਣਾਪਤਰ‘ ਦੀ ਵਰ੍ਹੇ ਗੰਢ ਵੀ 3 ਮਈ ਨੂੰ ਹੀ ਹੁੰਦੀ ਹੈ। ਅਫ਼ਰੀਕੀ ਦੇਸ਼ ਨਾਮੀਬੀਆ ਦੀ ਰਾਜਧਾਨੀ ਵਿੰਡਹਾਕ ਵਿਚ 29 ਅਪ੍ਰੈਲ 1991 ਨੂੰ ‘ਆਜ਼ਾਦ ਅਫ਼ਰੀਕੀ ਪ੍ਰੈਸ‘ ਨੂੰ ਹਲਾਸ਼ੇਰੀ ਦੇਣ ਲਈ ਕੌਮਾਂਤਰੀ ਸੈਮੀਨਾਰ ਸ਼ੁਰੂ ਹੋਇਆ ਸੀ ਤੇ ਇਸਦੇ ਆਖ਼ਰੀ ਦਿਨ ਤਿੰਨ ਮਈ ਨੂੰ ਜੋ ਐਲਾਨ ਕੀਤੇ ਗਏ ਸਨ, ਉਸਨੂੰ ‘ਵਿੰਡਹਾਕ ਘੋਸ਼ਣਾਪਤਰ‘ ਕਿਹਾ ਜਾਂਦਾ ਹੈ। ਭਾਰਤ ਵਿਚ ਪ੍ਰੈਸ ਦੀ ਸੁਤੰਤਰਤਾ ਭਾਰਤੀ ਸੰਵਿਧਾਨ ਦੇ ਅਨੁਛੇਦ 19 ਵਿਚ ਭਾਰਤੀਆਂ ਨੂੰ ਦਿਤੇ ਗਏ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ (ਫ੍ਰੀਡਮ ਆਫ਼ ਐਕਸਪ੍ਰੈਸ਼ਨ) ਦੇ ਮੂਲ ਅਧਿਕਾਰ ਨਾਲ ਸੁਨਿਸ਼ਚਿਤ ਹੁੰਦੀ ਹੈ।
ਯੂਨੈਸਕੋ ਦੁਆਰਾ 1997 ਤੋਂ ਹਰ ਸਾਲ 3 ਮਈ ਨੂੰ ਵਿਸ਼ਵ ਪ੍ਰੈਸ ਸੁਤੰਤਰਤਾ ਦਿਵਸ ਮੌਕੇ ‘ਗਿਲੇਰਮੋ ਕਾਨੋ ਵਰਲਡ ਪ੍ਰੈਸ ਫ੍ਰੀਡਮ ਪ੍ਰਾਈਜ਼‘ ਵੀ ਦਿਤਾ ਜਾਂਦਾ ਹੈ, ਇਹ ਸਨਮਾਨ ਉਸ ਵਿਅਕਤੀ ਜਾਂ ਸੰਸਥਾ ਨੂੰ ਦਿਤਾ ਜਾਂਦਾ ਹੈ ਜਿਸਨੇ ਪ੍ਰੈਸ ਦੀ ਸੁਤੰਤਰਤਾ ਦੇ ਲਈ ਵਿਸ਼ੇਸ਼ ਕੰਮ ਕੀਤਾ ਹੋਵੇ। ਇੰਟਰਨੈਸ਼ਨਲ ਪ੍ਰੈਸ ਇੰਸਟੀਚਿਊਟ ਦੇ ਅਨੁਸਾਰ 2012 ਵਿਚ ਆਪਣਾ ਕੰਮ ਕਰਦੇ ਹੋਏ ਘਟੋ ਘਟ 133 ਪਤਰਕਾਰ ਮਾਰੇ ਗਏ।ਦੁਨੀਆਂ ਭਰ ਵਿਚ ਪ੍ਰੈਸ ਦੀ ਆਜ਼ਾਦੀ ਤੇ ਨਜ਼ਰ ਰਖਣ ਵਾਲੀ ਸੰਸਥਾ ਦਿ ਰਿਪੋਰਟਰਜ਼ ਵਿਦਆਊਟ ਬਾਰਡਰਜ਼ (ਆਰ.ਐਸ.ਐਫ਼) ਦੀ 18 ਅਪ੍ਰੈਲ 2019 ਨੂੰ ਜਾਰੀ ਵਿਸ਼ਵ ਪਧਰੀ 180 ਦੇਸ਼ਾਂ ਦੀ ਪ੍ਰੈਸ ਸੁਤੰਤਰਤਾ ਸੂਚੀ-ਪਤਰ ਵਿਚ ਭਾਰਤ ਆਪਣੇ 2018 ਦੇ 138ਵੇਂ ਸਥਾਨ ਤੋਂ ਖਿਸਕ ਕੇ 140ਵੇਂ ਸਥਾਨ ਤੇ ਚਲਾ ਗਿਆ ਹੈ। ਇਸ ਸੂਚੀ ਵਿਚ ਗੁਆਂਢੀ ਮੁਲਕਾਂ ਵਿਚ ਭੂਟਾਨ 80ਵੇਂ, ਨੇਪਾਲ 106ਵੇਂ, ਅਫ਼ਗਾਨਿਸਤਾਨ 121ਵੇਂ, ਇੰਡੋਨੇਸ਼ੀਆ 124ਵੇਂ, ਸ੍ਰੀ ਲੰਕਾ 126ਵੇਂ, ਮਿਆਂਮਾਰ (ਬਰਮਾ) 138ਵੇਂ, ਪਾਕਿਸਤਾਨ 142ਵੇਂ, ਬੰਗਲਾਦੇਸ਼ 150ਵੇਂ, ਸਾਊਦੀ ਅਰਬ 172ਵੇਂ ਅਤੇ ਚੀਨ 177ਵੇਂ ਸਥਾਨ ਤੇ ਹੈ। ਵਿਸ਼ਵ ਪਧਰੀ ਪ੍ਰੈਸ ਸੁਤੰਤਰਤਾ ਸੂਚੀ-ਪਤਰ 2016 ਵਿਚ ਭਾਰਤ 133ਵੇਂ ਅਤੇ 2017 ਵਿਚ 136ਵੇਂ ਸਥਾਨ ਤੇ ਸੀ। ਤਾਜ਼ਾ ਸੂਚੀ ਵਿਚ ਨਾਰਵੇ ਪਹਿਲੇ ਸਥਾਨ ਤੇ ਹੈ ਜੋ ਕਿ 2017 ਅਤੇ 2018 ਵਿਚ ਵੀ ਪਹਿਲੇ ਸਥਾਨ ਤੇ ਕਾਬਜ਼ ਸੀ ਅਤੇ ਤੁਰਕਮੇਨੀਸਤਾਨ 180ਵੇਂ ਸਥਾਨ ਨਾਲ ਆਖ਼ਰੀ ਸਥਾਨ ਤੇ ਹੈ।ਭਾਰਤ ਵਿਚ 2016 ਵਿਚ 54 ਪਤਰਕਾਰਾਂ ਤੇ ਹਮਲਾ ਹੋਇਆ ਅਤੇ 7 ਪਤਰਕਾਰਾਂ ਦੀ ਮੌਤ ਹੋਈ ਅਤੇ 2017 ਵਿਚ 11 ਪਤਰਕਾਰਾਂ ਦੇ ਕਤਲ ਹੋਏ ਸੀ। ਸਾਲ 1975 ਦੀ ਐਂਮਰਜੈਂਸੀ ਦਾ ਦੌਰ ਵੀ ਭਾਰਤੀ ਮੀਡੀਆ ਲਈ ‘ਕਾਲਾ ਅਧਿਆਏ’ ਮੰਨਿਆ ਜਾਂਦਾ ਹੈ।ਤਾਜ਼ਾ ਰਿਪੋਰਟ ਅਨੁਸਾਰ ਪਤਰਕਾਰਾਂ ਖਿਲਾਫ਼ ਹਿੰਸਾ ਪਿਛੇ ਪੁਲਿਸ ਹਿੰਸਾ, ਮਾਊਵਾਦੀਆਂ ਦੇ ਹਮਲੇ, ਅਪਰਾਧਿਕ ਸਮੂਹਾ ਅਤੇ ਭ੍ਰਿਸ਼ਟ ਸਿਆਸਤਦਾਨਾਂ ਦੁਆਰਾ ਹਮਲੇ ਆਦਿ ਸ਼ਾਮਿਲ ਹਨ ਅਤੇ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਕਾਂ, ਹਿੰਦੂਤਵ, ਹਿੰਦੂ ਰਾਸ਼ਟਰਵਾਦ ਆਦਿ ਦੁਆਰਾ ਪਤਰਕਾਰਾਂ ਉਪਰ ਹਮਲੇ ਵਧੇ ਹਨ ਜੋ ਕਿ ਨਿਰਪਖ ਪਤਰਕਾਰਿਤਾ ਲਈ ਚਿੰਤਾਜਨਕ ਹੈ। ਸਾਲ 2018 ਵਿਚ ਘਟੋ ਘਟ 6 ਪਤਰਕਾਰ ਮਾਰੇ ਗਏ ਅਤੇ ਸਤਵੇਂ ਬਾਰੇ ਕਈ ਤਰ੍ਹਾਂ ਦੇ ਸ਼ਕ ਹਨ।ਭਾਰਤੀ ਮੀਡੀਆ ਦਾ ਅਯੋਕਾ ਦੌਰ ਪਤਰਕਾਰਿਤਾ ਦੇ ਮੂਲ ਨਾਲ ਬੇਇਨਸਾਫ਼ੀ ਕਰਦਾ ਜਾਪ ਰਿਹਾ ਹੈ, ਜ਼ਿਆਦਾਤਰ ਮੁਖ ਧਾਰਾ ਦਾ ਮੀਡੀਆ ਸਤਾ ਜਾਂ ਸ਼ਕਤੀ ਨੂੰ ਸਵਾਲ ਕਰਨ ਦੀ ਥਾਂ ਉਹਨਾਂ ਦੇ ਅਗੇ ਪਿਛੇ ਘੁੰਮਦਾ ਨਜ਼ਰ ਪੈਂਦਾ ਹੈ ਜੋ ਕਿ ਨਿਰਪਖ ਪਤਰਕਾਰਿਤਾ ਲਈ ਸੁਖਾਵਾਂ ਸੰਕੇਤ ਨਹੀਂ ਹੈ। ਸਮੇਂ ਸਮੇਂ ਤੇ ਵਿਕਾਊ, ਸਵਾਰਥੀ ਪਤਰਕਾਰਾਂ ਅਤੇ ਪਤਰਕਾਰਿਤਾ ਨਾਲ ਸੰਬੰਧਤ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਜੋ ਕਿ ਨਿਰਪਖ ਪਤਰਕਾਰਿਤਾ ਦੇ ਕਿਤੇ ਨੂੰ ਢਾਹ ਲਾਉਂਦੀਆਂ ਹਨ। ਜ਼ਿਆਦਾਤਰ ਨਿਊਜ਼ ਚੈਨਲਾਂ ਆਦਿ ਵਿਚ ਟੀ.ਆਰ.ਪੀ. ਦੀ ਅੰਨ੍ਹੀ ਦੌੜ ਪਿਛੇ ਆਮ ਲੋਕ ਅਤੇ ਲੋਕ ਹਿਤ ਸਵਾਲ ਲਾਂਭੇ ਕਰ ਦਿਤੇ ਗਏ ਹਨ। ਸਮੇਂ ਦੀ ਮੰਗ ਹੈ ਕਿ ਭਾਰਤੀ ਲੋਕਤੰਤਰ ਦੇ ਚੌਥੇ ਥੰਮ੍ਹ ਪਤਰਕਾਰਾਂ ਅਤੇ ਪਤਰਕਾਰਿਤਾ ਨਾਲ ਸੰਬੰਧਤ ਅਦਾਰਿਆਂ ਨੂੰ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤੀ, ਨਿਰਪਖਤਾ ਅਤੇ ਲੋਕ ਹਤੈਸ਼ੀ ਹੋ ਕੇ ਨਿਭਾਉਣਾ ਚਾਹੀਦਾ ਹੈ।

Send this to a friend