ਜਦ ਇਹ ਸ਼ਬਦ ਯਾਦ ਆਉਦੇ ਹਨ ਤਾਂ ਦੁਨੀਆ ਦਾ ਯਥਾਰਥ ਅਖਾਂ ਅਗੇ ਘੁੰਮਦਾ ਹੈ, ਇਹ ਉਨ੍ਹਾਂ ਹੀ ਗੁੰਝਲਦਾਰ ਲਗਦਾ ਹੈ ਜਿੰਨੀ ਕਿ ਸ੍ਰਿਸ਼ਟੀ (ਦੁਨੀਆ) ਦੀ ਰਚਨਾ। ਕਿਸੇ ਵੀ ਮਨੁਖ ਦੀ ਅੰਦਰੂਨੀ ਸੋਚ ਅਤੇ ਦਿਲ ਦੇ ਵਲਵਲਿਆ ਨੂੰ ਕੋਈ ਵੀ ਵਿਅਕਤੀ ਸਮਝ ਨਹੀ ਸਕਦਾ। ਇਹ ਦਿਲ ਦੇ ਵਲਵਲੇ ਮਨੁਖ ਨੂੰ ਅਸਮਾਨ ਦੀ ਉਡਾਰੀ ਲਗਵਾਉਣ ਦੇ ਨਾਲ ਨਾਲ ਧਰਤੀ ਦੀ ਪਰਤ ਦਰ ਪਰਤ ਡੂੰਘਾਈ ਤਕ ਵੀ ਲੈ ਜਾਂਦੇ ਹਨ।
ਦਿਲ ਸਰੀਰ ਦਾ ਉਹ ਹਿਸਾ ਹੈ ਜੋ ਸਾਡੀ ਜ਼ਿੰਦਗੀ ਦੀਆਂ ਪਰਤਾਂ ਨੂੰ ਆਪਣੇ ਵਿਚ ਸੰਭਾਲ ਕੇ ਰਖਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਨਾਜ਼ੁਕ ਹੋਣ ਦੇ ਨਾਲ ਨਾਲ ਇਹ ਕੁਝ ਕਮਜੋਰ ਹੋ ਜਾਂਦਾ ਹੈ। ਜੋ ਬਹੁਤੇ ਸਦਮੇ ਦੀ ਗਲ ਨੂੰ ਬਰਦਾਸ਼ਤ ਨਹੀ ਕਰ ਸਕਦਾ ਅਤੇ ਅਸੀ ਹਾਰਟ ਅਟੈਕ ਦੇ ਮਰੀਜ ਹੋ ਜਾਦੇ ਆਂ।ਇਸ ਦਿਲ ਦੀ ਗਲ ਜਾਣਨ ਤੇ ਸਮਝਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਜੋ ਬਿਨਾ ਕੁਝ ਬੋਲੇ ਸਾਹਮਣੇ ਵਾਲੇ ਦੇ ਅੰਦਰੂਨੀ ਹਲਾਤ ਨੂੰ ਸਮਝ ਕੇ ਉਸ ਦੇ ਦੁਖ ਸੁਖ ਨੂੰ ਸਮਝਦਾ ਹੈ।ਦਿਲ ਦੀ ਗਲ ਜਾਣਨ ਲਈ ਸਾਡਾ ਕਿਸੇ ਪ੍ਰਤੀ ਆਤਮ ਸਮਰਪਿਤ ਹੋਣਾ ਬਹੁਤ ਜਰੂਰੀ ਹੈ। ਪਰ ਅਜੋਕੇ ਯੁਗ ਵਿਚ ਇਸ ਦੀ ਕਮੀ ਹੈ। ਅਸੀ ਕਿਸੇ ਪ੍ਰਤੀ ਸਿਰਫ ਉਨ੍ਹਾ ਹੀ ਸਮਰਪਿਤ ਹਾ ਜਿੰਨਾ ਟਾਈਮ ਸਾਹਮਣੇ ਵਾਲਾ ਸਾਡੇ ਪਖ ਦੀ ਗੱਲ ਕਰ ਦਾ ਹੈ। ਅਸੀਂ ਉਸਦੇ ਹਰ ਵਿਚਾਰ ‘ਤੇ ਫੁਲ ਚੜਾਉਂਦੇ ਹਾ ਪਰ ਜਦ ਕਦੀ ਇਹ ਵਿਚਾਰ ਮੇਲ ਨਹੀ ਖਾਂਦੇ ਤਾਂ ਦਿਲ ਵਿਚ ਇਕ ਸਵਾਲ ਪੈਦਾ ਹੋ ਜਾਂਦਾ ਹੈ ਕਿ ਕੀ ਇਹ ਮੇਰਾ ਆਪਣਾ ਹੈ ਜਾ ਕੋਈ ਓਪਰਾ ਇਨਸਾਨ ਹੈ?
ਅਸਲ ਵਿਚ ਸਾਰੀ ਉਲਝਣ ਹੀ ਆਪਣੇ ਅਤੇ ਓਪਰੇਪਣ ਦੀ ਹੈ। ਦੁਨੀਆ ਦਾ ਕੋਈ ਵਿਰਲਾ ਹੀ ਇਨਸਾਨ ਹੋਵੇਗਾ ਜੋ ਇਸ ਆਪਣੇ ਅਤੇ ਓਪਰੇਪਣ ਦੇ ਭੇਦ ਨੂੰ ਸਮਝ ਕਿ ਖੁਸ਼ਹਾਲ ਜਿੰਦਗੀ ਬਤੀਤ ਕਰ ਰਿਹਾ ਹੋਵੇਗਾ। ਵਰਨਾ ਅਜ ਕਲ ਤਾ ਹਰ ਇਕ ਵਿਅਕਤੀ ਨੇ ਦੂਜੇ ਪ੍ਰਤੀ ਆਪਣੇ ਦਿਲ ਵਿਚ ਸਿਰਫ ਗੁਸਾ ਹੀ ਰਖਿਆ ਹੋਇਆ ਹੈ। ਕੋਈ ਵਿਰਲਾ ਰਿਸ਼ਤਾ ਹੋਵੇਗਾ ਜੋ ਇਸ ਤੋ ਬਚ ਗਿਆ ਹੋਵੇਗਾ।ਇਹ ਸ਼ਿਕਾਇਤ ਕਈ ਵਾਰ ਸਹੀ ਵੀ ਹੁੰਦੀ ਹੈ । ਪਰ ਉਥੇ ਆਪਣੇ ਦਿਲ ਦਾਆਂ ਪਰਤਾਂ ਵਿਚ ਜਾ ਕੇ ਦੇਖਣ ਦੀ ਲੋੜ ਹੁੰਦੀ ਹੈ। ਪਿਆਰ ਵਿਚੋਂ ਪਿਆਰ ਪੈਦਾ ਹੁੰਦਾ ਹੈ ਅਤੇ ਨਫਰਤ ਵਿਚੋਂ ਨਫਰਤ। ਜਿਸ ਇਨਸਾਨ ਪ੍ਰਤੀ ਸਾਡੇ ਦਿਲ ਵਿਚ ਪਿਆਰ ਹੈ। ਉਹ ਇਨਸਾਨ ਆਪਣੇ ਆਪ ਸਾਡੇ ਪ੍ਰਤੀ ਖਿਚਿਆ ਜਾਂਦਾ ਹੈ ਤੇ ਅਸੀਂ ਉਸ ਵਲ, ਪਰ ਜਿਥੇ ਨਫਰਤ ਹੈ ਉਥੇ ਸਧਾਰਨ ਕਹੇ ਸ਼ਬਦ ਵੀ ਸਪ ਦੀ ਤਰ੍ਹਾਂ ਡੰਗ ਮਾਰਦੇ ਹਨ।
ਕੌਣ ਦਿਲ ਦੀਆਂ ਜਾਣੈ? ਅਸਲ ਵਿਚ ਇਸ ਦਾ ਜਵਾਬ ਵੀ ਦਿਲ ਹੀ ਹੈ। ਸਿਰਫ ਦਿਲ ਹੀ ਜਾਣਦਾ ਹੈ ਕਿ ਮੈਂ ਕੀ ਹਾਂ? ਕਿਸੇ ਪ੍ਰਤੀ ਕੀ ਸੋਚਦਾ ਹਾਂ? ਮੇਰੀ ਉਦਾਸੀ ਦਾ ਕਾਰਨ ਕੀ ਹੈ? ਨਿਰਪਖ ਹੋ ਕੇ ਹਰਰੋਜ਼ ਆਪਣੇ ਦਿਲ ਦੀ ਝਾਤੀ ਮਾਰਿਆ ਕਰੋ ਤੇ ਆਪਣੇ ਦਿਲ ਦੀਆਂ ਜਾਣਿਆ ਕਰੋ।ਦਿਲ ਜੋ ਪਾਕ ਤੇ ਪਵਿਤਰ ਥਾਂ ਹੈ ਇਸ ਵਿਚ ਨਿਰਪਖ ਹੋ ਕੇ ਝਾਤੀ ਮਾਰਨ ਨਾਲ ਖੁਦਾ ਦਾ ਵਾਸ ਮਹਿਸੂਸ ਹੋਵੇਗਾ। ਫਿਰ ਕਿਸੇ ਦੀ ਨਫਰਤ ਤੇ ਪਿਆਰ ਕੋਈ ਮਾਈਨੇ ਨਹੀਂ ਰਖਣਗੇ ਤੇ ਆਪਣਾ ਆਪ ਹਲਕਾ ਜਿਹਾ ਮਹਿਸੂਸ ਹੋਵੇਗਾ।
ਫਿਰ ਕਿਉ ਨਾ ਦੁਨੀਆ ਨਾਲ ਰਿਸ਼ਤੇ ਦੀਆਂ ਡੋਰਾਂ ਮਜਬੂਤ ਕਰਨ ਤੋਂ ਪਹਿਲਾ ਆਪਣੇ ਦਿਲ ਨਾਲ ਰਿਸ਼ਤੇ ਦੀ ਡੋਰ ਨੂੰ ਮਜਬੂਤ ਕੀਤਾ ਜਾਵੇ। ਕਿਉਂਕਿ ਦਿਲ ਹੀ ਦਿਲ ਦੀ ਗਲ ਜਾਣਦਾ ਹੈ।
ਜਦ ਮੈਂ ਝਾਤ ਅੰਦਰ ਤਕ ਮਾਰ ਈ
ਦਿਲ ਦੀ ਗਲ ਮੇਰੇ ਦਿਲ ਨੇ ਜਾਣੀ,
ਨਫਰਤ ਮੁਕੀ ਪਈ ਪਿਆਰ ਕਹਾਣੀ।
– ਰੁਪਿੰਦਰ ਕੌਰ ਕੰਗ
ਸੰਪਰਕ : 94175-60707